ਜ਼ਿਲ੍ਹੇ ਵਿੱਚ ਜਲਦ ਲਾਗੂ ਹੋਣਗੇ ਨਵੇਂ ਕੁਲੈਕਟਰ ਰੇਟ

ਪੰਜਾਬ ਸਰਕਾਰ ਦੇ ਮਾਲੀਏ ਨੂੰ ਵਧਾਉਣਾ ਅਤੇ ਲੋਕ ਹਿੱਤਾਂ ਦੀ ਸੁਰੱਖਿਆ ਨੂੰ ਮਿਲੇਗੀ ਤਰਜੀਹ

ਜਲੰਧਰ
ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦੇ ਮਾਲੀਏ ਵਿੱਚ ਵਾਧਾ ਕਰਨਾ ਅਤੇ ਲੋਕ ਹਿੱਤਾਂ ਨੂੰ ਸੁਰੱਖਿਅਤ ਦੇ ਮਕਸਦ ਨਾਲ ਜ਼ਿਲ੍ਹੇ ਵਿੱਚ ਨਵੇਂ ਕੁਲੈਕਟਰ ਰੇਟ ਜਲਦ ਲਾਗੂ ਕੀਤੇ ਜਾਣਗੇ।

ਇਸ ਤੋਂ ਇਲਾਵਾ ਪਹਿਲਾਂ ਲਾਗੂ ਰੇਟਾਂ ਵਿੱਚ ਰਹਿ ਗਏ ਵਖਰੇਵਿਆਂ ਅਤੇ ਊਣਤਾਈਆਂ, ਕਮੀਆਂ ਨੂੰ ਠੀਕ ਕੀਤਾ ਜਾਵੇਗਾ ਅਤੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਘੋਖ ਕਰਨ ਉਪਰੰਤ ਮਾਰਕਿਟ ਦੀ ਸਥਿਤੀ ਅਨੁਸਾਰ ਕੋਈ ਫੈਸਲਾ ਲਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਸਾਰੇ ਉਪ ਮੰਡਲ ਮੈਜਿਸਟਰੇਟਾਂ ਅਤੇ ਸਬ-ਰਜਿਸਟਰਾਰਾਂ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ 2023-24 ਲਈ ਸੋਧੇ ਕੁਲੈਕਟਰ ਰੇਟਾਂ ਸਬੰਧੀ ਆਪਣੀਆਂ ਤਜਵੀਜ਼ਾਂ 23 ਅਗਸਤ ਤੱਕ ਭੇਜੀਆਂ ਜਾਣ।
ਉਪ ਮੰਡਲ ਮੈਜਿਸਟਰੇਟਾਂ, ਮਾਲ, ਟਾਊਨ ਪਲੈਨਿੰਗ, ਜਲੰਧਰ ਇੰਪਰੂਵਮੈਂਟ ਟਰੱਸਟ, ਜਲੰਧਰ ਡਿਵੈਲਪਮੈਂਟ ਅਥਾਰਟੀ, ਨਗਰ ਨਿਗਮ ਤੇ ਉਦਯੋਗ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਮੀਨੀ ਪੱਧਰ ’ਤੇ ਸਾਰੀਆਂ ਸਬੰਧਿਤ ਧਿਰਾਂ ਤੋਂ ਸਹੀ ਢੰਗ ਨਾਲ ਫੀਡਬੈਕ ਲੈ ਕੇ ਰਿਪੋਰਟ ਪੇਸ਼ ਕੀਤੀ ਜਾਵੇ ਤਾਂ ਕਿ ਖੇਤਰ ਦੇ ਹਿਸਾਬ ਨਾਲ ਨਵੇਂ ਰੇਟ ਲਾਗੂ ਕੀਤੇ ਜਾ ਸਕਣ।

ਉਨ੍ਹਾਂ ਕਿਹਾ ਕਿ ਕੁਲੈਕਟਰ ਰੇਟ ਦਾ ਜਾਇਜ਼ਾ ਲੈਣ ਸਮੇਂ ਜਨਤਕ ਹਿੱਤਾਂ ਨੂੰ ਮੁੱਖ ਰੱਖਦਿਆਂ ਬੇਸਿਕ ਨਿਯਮਾਂ ਨੂੰ ਮੁੱਖ ਤਰਜੀਹ ਦਿੱਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਫਿਲਹਾਲ ਐਸ.ਡੀ.ਐਮਜ਼ ਅਤੇ ਮਾਲ ਅਧਿਕਾਰੀਆਂ ਪਾਸੋਂ ਕੁਲੈਕਟਰ ਰੇਟ ਸੋਧਣ ਸਬੰਧੀ ਤਜਵੀਜਾਂ ਮੰਗੀਆਂ ਗਈਆਂ ਅਤੇ ਕੁਲੈਕਟਰ ਰੇਟ ਫਾਈਨਲ ਹੋਣ ਉਪਰੰਤ ਉਨ੍ਹਾਂ ਨੂੰ ਤੁਰੰਤ ਲਾਗੂ ਕਰ ਦਿੱਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਮੂਹ ਐਸ.ਡੀ.ਐਮਜ਼ ਅਤੇ ਮਾਲ ਅਧਿਕਾਰੀ ਹਾਜ਼ਰ ਸਨ।