ਡੀ.ਸੀ. ਵੱਲੋਂ ਸਵਾਰੀਆਂ ਢੋਣ ਵਾਲੇ ਵਾਹਨਾਂ ਨੂੰ ਵੱਖ-ਵੱਖ ਥਾਵਾਂ ‘ਤੇ ਅਣ-ਅਧਿਕਾਰਤ ਤੌਰ ‘ਤੇ ਖੜ੍ਹੇ ਕਰਨ ਵਿਰੁੱਧ ਮੁਹਿੰਮ ਵਿੱਢਣ ਦੇ ਨਿਰਦੇਸ਼

ਜਲੰਧਰ, 26 ਸਤੰਬਰ : ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਮੰਗਲਵਾਰ ਨੂੰ ਟਰਾਂਸਪੋਰਟ ਵਿਭਾਗ ਅਤੇ ਕਮਿਸ਼ਨਰੇਟ ਪੁਲਿਸ ਦੇ ਟ੍ਰੈਫਿਕ ਵਿੰਗ ਨੂੰ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ‘ਤੇ ਬੱਸਾਂ ਅਤੇ ਆਟੋਜ਼ ਨੂੰ ਅਣ-ਅਧਿਕਾਰਤ ਤੌਰ ‘ਤੇ ਖੜ੍ਹੇ ਕਰਕੇ ਆਵਾਜਾਈ ਵਿੱਚ ਵਿਘਨ ਨੂੰ ਰੋਕਣ ਲਈ ਮੁਹਿੰਮ ਵਿੱਢਣ ਕਰਨ ਦੇ ਨਿਰਦੇਸ਼ ਦਿੱਤੇ ।

ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸੜਕ ਸੁਰੱਖਿਆ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਟਰਾਂਸਪੋਰਟ ਵਿਭਾਗ ਅਤੇ ਟ੍ਰੈਫਿਕ ਪੁਲਿਸ ਨੂੰ ਬੱਸ ਸਟੈਂਡ ਦੇ ਐਂਟਰੀ ਗੇਟ, ਬੱਸ ਸਟੈਂਡ ਫਲਾਈਓਵਰ ਦੇ ਹੇਠਾਂ (ਨੇੜੇ ਵਾਰ ਮੈਮੋਰੀਅਲ), ਪੀ.ਏ.ਪੀ. ਚੌਕ, ਰਾਮਾ ਮੰਡੀ ਚੌਕ, ਗੁਰੂ ਨਾਨਕ ਮਿਸ਼ਨ ਚੌਕ ਅਤੇ ਹੋਰ ਗੈਰ ਨਿਰਧਾਰਿਤ ਥਾਵਾਂ ’ਤੇ ਬੱਸਾਂ ਅਤੇ ਆਟੋਜ਼ ਦੇ ਅਨਿਯਮਿਤ ਰੁਕਣ ਵਿਰੁੱਧ ਕਾਰਵਾਈ ਅਮਲ ਵਿੱਚ ਲਿਆਉਣ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਨੈਸ਼ਨਲ ਹਾਈਵੇ ਅਤੇ ਸ਼ਹਿਰ ਦੀਆਂ ਸੜਕਾਂ ‘ਤੇ ਬੱਸਾਂ ਅਤੇ ਆਟੋਜ਼ ਦੇ ਗੈਰ-ਕਾਨੂੰਨੀ ਸਟਾਪੇਜ ਕਾਰਨ ਰਾਹਗੀਰਾਂ ਦੀ ਜਾਨ ਜੋਖਮ ਵਿੱਚ ਪੈ ਰਹੀ ਹੈ। ਬੱਸ ਅਤੇ ਆਟੋ ਚਾਲਕ ਸਵਾਰੀਆਂ ਨੂੰ ਚੜ੍ਹਾਉਣ ਅਤੇ ਉਤਾਰਨ ਲਈ ਅਕਸਰ ਰੁਕ ਜਾਂਦੇ ਹਨ, ਜਿਸ ਨਾਲ ਸਵਾਰੀਆਂ ਦੀ ਜਾਨ ਨੂੰ ਖਤਰਾ ਪੈਦਾ ਹੁੰਦਾ ਹੈ।
ਇਸ ਤੋਂ ਇਲਾਵਾ ਉਨ੍ਹਾਂ ਮੁਹਿੰਮ ਸਬੰਧੀ ਰਿਪੋਰਟ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਸੌਂਪਣ ਲਈ ਵੀ ਕਿਹਾ।

ਡਿਪਟੀ ਕਮਿਸ਼ਨਰ ਨੇ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਨੂੰ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਗੁਰਾਇਆ ਅਤੇ ਭੋਗਪੁਰ ਖੇਤਰਾਂ ਵਿੱਚ ਤਿੰਨ ਬਲੈਕ ਸਪਾਟਸ ਨੂੰ ਹਟਾਉਣ ਦੇ ਨਾਲ-ਨਾਲ ਕਰਤਾਰਪੁਰ, ਭੋਗਪੁਰ ਅਤੇ ਫਿਲੌਰ ਵਿੱਚ ਪੈਂਦੇ ਹਾਈਵੇ ਦੇ ਡਿਵਾਈਡਰਾਂ ‘ਤੇ ਕੰਡਿਆਲੀ ਤਾਰ ਲਗਾਉਣ ਲਈ ਵੀ ਕਿਹਾ।

ਉਨ੍ਹਾਂ ਟ੍ਰੈਫਿਕ ਪੁਲਿਸ ਨੂੰ ਰੋਡਵੇਅ ਅਥਾਰਟੀ ਵੱਲੋਂ ਗੜ੍ਹਾ ਚੌਕ ਵਿੱਚ ਪ੍ਰਸਤਾਵਿਤ ਇੱਕ ਤਰਫਾ ਆਵਾਜਾਈ ਦੀ ਸੰਭਾਵਨਾ ਦਾ ਪਤਾ ਲਗਾਉਣ ਦੇ ਵੀ ਨਿਰਦੇਸ਼ ਦਿੱਤੇ। ਉਨ੍ਹਾਂ ਅਧਿਕਾਰੀਆਂ ਨੂੰ ਕਿਸੇ ਵੀ ਦੁਰਘਟਨਾ ਨੂੰ ਰੋਕਣ ਲਈ ਤੇਜ਼ ਰਫ਼ਤਾਰ ਅਤੇ ਓਵਰਲੋਡਿੰਗ ਵਾਹਨਾਂ ‘ਤੇ ਨਜ਼ਰ ਰੱਖਣ ਦੀਆਂ ਹਦਾਇਤਾਂ ਵੀ ਦਿੱਤੀਆਂ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਸੜਕਾਂ ‘ਤੇ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਵਚਨਬੱਧ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਮੇਜਰ ਡਾ. ਅਮਿਤ ਮਹਾਜਨ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।

ਕੈਪਸ਼ਨ – ਜਲੰਧਰ ਵਿਖੇ ਰੋਡ ਸੇਫਟੀ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ।