ਮੇਲਾ ਗ਼ਦਰੀ ਬਾਬਿਆਂ ਦਾ ਚੇਤਨਾ ਦੇ ਚਿਰਾਗ਼ਾਂ ਦੀ ਡਾਰ ਬਣ ਗਈ; ਨਾਟਕਾਂ ਅਤੇ ਗੀਤਾਂ ਭਰੀ ਰਾਤ

ਜਲੰਧਰ : Manvir Singh Walia

ਗ਼ਦਰੀ ਬਾਬਿਆਂ ਦੇ ਮੇਲੇ ਦੇ ਅਖੀਰਲੇ ਦਿਨ ਨਾਟਕਾਂ ਅਤੇ ਗੀਤਾਂ ਭਰੀ ਰਾਤ ਨੇ ਪੰਜਾਬੀ ਰੰਗ ਮੰਚ ਦੇ ਉਜ਼ਲੇ ਭਵਿੱਖ ਦੀ ਸਤਰੰਗੀ ਪੀਂਘ ਅੰਬਰਾਂ ’ਤੇ ਤਣ ਦਿੱਤੀ। ਇਸਨੇ ਦਰਸਾ ਦਿੱਤਾ ਕਿ ਲੋਕਾਂ ਨਾਲ ਜੁੜਿਆ ਰੰਗ ਮੰਚ ਅਨੇਕਾਂ ਚੁਣੌਤੀਆਂ ਨੂੰ ਫਤਹਿ ਕਰਦਾ ਕਲਮ, ਕਲਾ ਅਤੇ ਲੋਕਾਂ ਦੀ ਗਲਵੱਕੜੀ ਹੋਰ ਮਜ਼ਬੂਤ ਕਰਨ ਵੱਲ ਸਫ਼ਲ ਪੁਲਾਂਘਾਂ ਪੁੱਟੇਗਾ।
ਇਸ ਰਾਤ ਪਹਿਲਾ ਨ੍ਰਿਤ ਨਾਟ, ਇਪਟਾ ਛਤੀਸਗੜ੍ਹ ਤੋਂ ਆਈ ਟੀਮ ਨਾਚਾ ਥੀਏਟਰ ਰਾਏਪੁਰ, ਛਤੀਸਗੜ੍ਹ ਨੇ ਨਿਸਾਰ ਅਲੀ ਦੀ ਨਿਰਦੇਸ਼ਨਾ ’ਚ ਪੇਸ਼ ਕੀਤਾ। ਉਹਨਾਂ ਨੇ ਕਾਰਪੋਰੇਟ ਜਗਤ ਅਤੇ ਫ਼ਿਰਕੂ ਦਹਿਸ਼ਤਗਰਦੀ ਉਪਰ ਕਰਾਰੀ ਚੋਟ ਮਾਰੀ। ਉਹਨਾਂ ਨੇ ਲੋਕਾਂ ਨੂੰ ਕਿਰਨਾਂ ਦਾ ਕਾਫ਼ਲਾ ਗਲੀ-ਗਲੀ ਲਿਜਾਣ ਦਾ ਸੱਦਾ ਦਿੱਤਾ।
ਮਰਾਠੀ ਨਾਟਕਕਾਰ ਸੀ.ਟੀ.ਖਨੋਲਕਰ ਦੀ ਮੂਲ ਰਚਨਾ ਅਤੇ ਸ਼ਬਦੀਸ਼ ਦੁਆਰਾ ਪੰਜਾਬੀ ਰੁਪਾਂਤਰਤ ਨਾਟਕ ‘ਵਕਤ ਤੈਨੂੰ ਸਲਾਮ ਹੈ’ ਅਨੀਤਾ ਸ਼ਬਦੀਸ਼ ਦੀ ਨਿਰਦੇਸ਼ਨਾ ’ਚ ਸੁਚੇਤਕ ਰੰਗ ਮੰਚ ਮੁਹਾਲੀ ਵੱਲੋਂ ਪੇਸ਼ ਕੀਤਾ ਗਿਆ। ਨਾਟਕ ਨੇ ਦਰਸਾਇਆ ਕਿ ਇਨਕਲਾਬੀ ਕਲਾ ਕ੍ਰਿਤਾਂ ਦਾ ਮਾਰਗ ਪ੍ਰੇਮ ਦੀਆਂ ਗਲੀਆਂ ਵਿਚੀਂ ਹੋ ਕੇ ਜਾਂਦਾ ਹੈ, ਲੋਕ ਮਨਾਂ ’ਤੇ ਹਸਤਾਖ਼ਰ ਕਰ ਗਈ ਪੇਸ਼ਕਾਰੀ।
ਸੰਸਾਰ ਪ੍ਰਸਿੱਧ ਨਾਟਕਕਾਰ ਬਰੈਖ਼ਤ ਦੇ ਨਾਟਕ ‘ਦਾ ਕਾਕੇਸੀਅਨ ਚਾਕ ਸਰਕਲ’ ਦਾ ਅਮਿਤੋਜ਼ ਵੱਲੋਂ ਪੰਜਾਬੀ ਰੁਪਾਂਤਰਣ ਕੀਤਾ ਰੂਪ ‘ਮਿੱਟੀ ਨਾ ਹੋਏ ਮਤਰੇਈ’ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ’ਚ ਮੰਚ ਰੰਗ ਮੰਚ ਅੰਮ੍ਰਿਤਸਰ ਨੇ ਪੇਸ਼ ਕੀਤਾ। ਨਾਟਕ ਨੇ ਰਾਜਿਆਂ, ਮਹਾਰਾਜਿਆਂ ਦੀ ਮਾਨਸਿਕਤਾ, ਇਸ ਨਿਜ਼ਾਮ ਅੰਦਰ ਔਰਤ, ਬਾਲਾਂ ਦੀ ਸਥਿਤੀ ਦੀ ਤਸਵੀਰ ਅਤੇ ਮਮਤਾ ਦੀ ਤਸਵੀਰ ਪੇਸ਼ ਕਰਦਿਆਂ ਦਰਸਾਇਆ ਕਿ ਰਿਸ਼ਤੇ ਸ਼ਾਹਾਂ ਦੀਆਂ ਥੈਲੀਆਂ ਨਾਲ ਨਹੀਂ ਖਰੀਦੇ ਜਾ ਸਕਦੇ। ਲੋਕਾਂ ਨੇ ਸਾਹ ਰੋਕ ਕੇ ਲੰਮੇ ਨਾਟਕ ਨੂੰ ਮਾਣਿਆਂ, ਜੋ ਜ਼ਿੰਦਗੀ ਭਰ ਉਹਨਾਂ ਦੀ ਯਾਦਾਂ ਦੀ ਪਟਾਰੀ ’ਚ ਸੰਭਾਲਿਆ ਰਹੇਗਾ।
ਡਾ. ਸਾਹਿਬ ਸਿੰਘ ਦੀ ਕਲਮ ਤੋਂ ਲਿਖਿਆ, ਨਿਰਦੇਸ਼ਤ ਕੀਤਾ ਨਾਟਕ, ‘ਸੰਦੂਕੜੀ ਖੋਲ੍ਹ ਨਰੈਣਿਆਂ’ ਨੇ ਸਾਡੇ ਸਮਾਜ ਅੰਦਰ ਬਹੁ-ਭਾਂਤੀ ਮਸਲਿਆਂ ਦੀ ਸੰਵੇਦਨਾ ਭਰੀ ਚੀਰ ਫਾੜ ਕਰਦਿਆਂ ਦਰਸ਼ਕਾਂ ਨੂੰ ਐਨਾ ਹਲੂਣਿਆਂ ਕੇ ਹਜ਼ਾਰਾਂ ਲੋਕ ਆਪ ਮੁਹਾਰੇ ਖੜ੍ਹੇ ਹੋ ਕੇ ਨਾਅਰੇ ਗੁੰਜ਼ਾਉਂਦੇ ਰਹੇ।
ਵਿੱਕੀ ਮਹੇਸ਼ਰੀ ਅਤੇ ਅਵਤਾਰ ਚੜਿੱਕ ਦੀ ਨਿਰਦੇਸ਼ਨਾ ’ਚ ਇਪਟਾ ਮੋਗਾ ਦੀ ਟੀਮ ਨੇ ਪਿਯੂਸ਼ ਮਿਸ਼ਰਾ ਦਾ ਨਾਟਕ, ‘ਗਗਨ ਦਮਾਮਾ ਵਾਜਿਓ’ ਖੇਡਦਿਆਂ ਆਜ਼ਾਦੀ ਸੰਗਰਾਮ ਦੇ ਭੁੱਲੇ ਭਿਸਰੇ ਸਫ਼ਿਆਂ ਉਪਰ ਝਾਤ ਪੁਆਈ। ਨਾਟਕ ਇਹ ਪ੍ਰਭਾਵ ਸਿਰਜਣ ’ਚ ਸਫ਼ਲ ਰਿਹਾ ਕਿ ਹਿੰਦੂਆਂ, ਸਿੱਖਾਂ ਅਤੇ ਮੁਸਲਮਾਨਾਂ ਦੀਆਂ ਕੁਰਬਾਨੀਆਂ ਦੇ ਸਾਂਝੇ ਇਤਿਹਾਸ ਨੂੰ ਮੇਟਿਆ ਨਹੀਂ ਜਾ ਸਕਦਾ।
ਇਪਟਾ ਮੋਗਾ ਦੀ ਹੀ ਭੰਡ ਕਲਾ ਨੂੰ ਪ੍ਰਨਾਈ ਟੀਮ ਦੇ ਕਲਾਕਾਰ ਅਵਤਾਰ ਚੜਿੱਕ ਅਤੇ ਜਸ ਰਿਆਜ਼ ਨੇ ਤਿੱਖੇ ਵਿਅੰਗ ਕਸਦਿਆਂ ਹਾਕਮਾਂ ਦੇ ਦਾਅਵਿਆਂ ਅਤੇ ਵਾਅਦਿਆਂ ਦੀ ਫੂਕ ਕੱਢੀ।
ਇਨਕਲਾਬੀ ਕਵੀਸ਼ਰੀ ਜਥਾ ਰਸੂਲਪੁਰ, ਦਸਤਕ ਮੰਚ (ਜਿੰਦਾ ਅਤੇ ਸਾਰਾਹ), ਲੋਕ ਸੰਗੀਤ ਮਸਾਣੀ (ਧਰਮਿੰਦਰ ਮਸਾਣੀ), ਹਰਸ਼ ਬਿਲਗਾ, ਨਰਗਿਸ, ਤ੍ਰਿਪਤ, ਸਰਗਮ, ਕੁਲਦੀਪ ਸਿਰਸਾ, ਲਾਡੀ ਜਟਾਣਾ, ਅਜਮੇਰ ਅਕਲੀਆ, ਹਰਮੀਤ ਕੋਟਗੁਰੂ ਨੇ ਗੀਤ-ਸੰਗੀਤ ਦੀਆਂ ਪ੍ਰਭਾਵਸ਼ਾਲੀ ਤਰੰਗਾਂ ਛੇੜੀਆਂ।
ਨਾਟਕਾਂ ਅਤੇ ਗੀਤਾਂ ਭਰੀ ਰਾਤ ’ਚ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਪ੍ਰਧਾਨ ਅਜਮੇਰ ਸਿੰਘ ਨੇ ਕਿਹਾ ਕਿ ਗ਼ਦਰੀ ਬਾਬਿਆਂ ਦੇ ਸੁਪਨੇ ਪੂਰੇ ਕਰਨ ਲਈ ਕਮੇਟੀ ਸਾਹਿਤ, ਕਲਾ ਦੇ ਮਾਧਿਅਮਾਂ ਰਾਹੀਂ ਆਪਣਾ ਯੋਗਦਾਨ ਭਾਵੇਂ ਹੋਰ ਵੀ ਵਧੇਰੇ ਪਾਏਗੀ ਪਰ ਮੇਲੇ ਦੀ ਤਾਕਤ ਅਤੇ ਊਰਜਾ-ਸਰੋਤ ਅਸਲ ’ਚ ਲੋਕ ਹਨ।