ਨਵੇਂ ਵਰ੍ਹੇ ਸਰਗਰਮੀਆਂ ਲਈ ਦੇਸ਼ ਭਗਤ ਹਾਲ ‘ਚ ਮਿਲਣੀ 6 ਨੂੰ

ਦੇਸ਼ ਭਗਤ ਯਾਦਗਾਰ ਕਮੇਟੀ ਨਵੇਂ ਵਰ੍ਹੇ ਦੇਸ਼ ਭਗਤ ਯਾਦਗਾਰ ਹਾਲ ਦੇ ਅੰਦਰ ਅਤੇ ਪੰਜਾਬ ‘ਚ ਗ਼ਦਰੀ ਬਾਬਿਆਂ, ਬੱਬਰ ਅਕਾਲੀਆਂ, ਕੂਕਾ ਲਹਿਰ, ਜਲ੍ਹਿਆਂਵਾਲਾ ਬਾਗ਼ ‘ਚ ਸ਼ਹਾਦਤਾਂ ਪਾਉਣ ਵਾਲਿਆਂ, ਕਿਰਤੀ ਲਹਿਰ, ਨੌਜਵਾਨ ਭਾਰਤ ਸਭਾ ਨਾਲ ਜੁੜੇ ਦੇਸ਼ ਭਗਤਾਂ ਦੀ ਸੋਚ ਅਤੇ ਸੁਪਨਿਆਂ ਦੀ ਪੂਰਤੀ ਲਈ ਦੇਸ਼ ਭਗਤ ਯਾਦਗਾਰ ਹਾਲ ਅਤੇ ਪਿੰਡਾਂ, ਕਸਬਿਆਂ ਸ਼ਹਿਰਾਂ ਅੰਦਰ ਸਰਗਰਮੀਆਂ ਕਰਨ, ਆਪਸੀ ਸਹਿਯੋਗ ਵਧਾਉਣ ਲਈ 6 ਜਨਵਰੀ ਨੂੰ 11 ਵਜੇ ਆ ਵਿਚਾਰ-ਮਿਲਣੀ ਕਰਨ ਜਾ ਰਹੀ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ, ਮੀਤ ਪ੍ਰਧਾਨ ਕੁਲਵੰਤ ਸਿੰਘ ਸੰਧੂ, ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਵਿੱਤ ਸਕੱਤਰ ਸੀਤਲ ਸਿੰਘ ਸੰਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਪ੍ਰੈਸ ਨੂੰ ਦੱਸਿਆ ਕਿ ਉਹਨਾਂ ਮੁੱਢਲੀ ਚਰਚਾ ਕਰਕੇ ਸੋਚਿਆ ਹੈ ਕਿ ਸਭਿਆਚਾਰਕ ਵਿੰਗ, ਲਾਇਬ੍ਰੇਰੀ, ਮਿਊਜ਼ੀਅਮ, ਇਤਿਹਾਸ ਅਤੇ ਦੇਖ-ਰੇਖ ਕਮੇਟੀ ਅਤੇ ਦੇਸ਼ ਭਗਤਾਂ ਦੀ ਯਾਦ ‘ਚ ਬਣੀਆਂ ਕਮੇਟੀਆਂ ਲਾਇਬਰੇਰੀ ਕਮੇਟੀਆਂ ਦੇ ਪ੍ਰਤੀਨਿਧਾਂ ਨਾਲ਼ ਵਿਚਾਰਕੇ ਸਾਲ 2024 ਦੀਆਂ ਸਰਗਰਮੀਆਂ ਦੀ ਰੂਪ-ਰੇਖਾ ਉਲੀਕਣ ਦੀ ਮਾਰਗ- ਸੇਧ ਸਾਂਝੀ ਕੀਤੀ ਜਾਵੇ।
ਦੇਸ਼ ਭਗਤ ਯਾਦਗਾਰ ਕਮੇਟੀ ਨੇ ਜਿੱਥੇ ਆਪਣੀਆਂ ਸਾਰੀਆਂ ਸਬ ਕਮੇਟੀਆਂ ਨੂੰ ਬੁਲਾਇਆ ਹੈ ਓਥੇ ਪੰਜਾਬ ਅੰਦਰ ਕੰਮ ਕਰਦੀਆਂ ਦੇਸ਼ ਭਗਤ ਕਮੇਟੀਆਂ, ਲਾਇਬਰੇਰੀ, ਸਾਹਿਤਕ, ਸਭਿਆਚਾਰਕ, ਤਰਕਸ਼ੀਲ ਜਮਹੂਰੀ ਸੰਸਥਾਵਾਂ ਨੂੰ ਉਚੇਚੇ ਤੌਰ ਤੇ ਮੀਟਿੰਗ ‘ਚ ਸ਼ਿਰਕਤ ਕਰਨ ਅਤੇ ਆਪਣੇ ਵਿਚਾਰ ਸਾਂਝੇ ਕਰਨ ਦੀ ਅਪੀਲ ਕੀਤੀ ਹੈ।