ਜਲੰਧਰ ਵਿਖੇ ਲਾਏ ਵਿਸ਼ੇਸ਼ ਕੈਂਪਾਂ ’ਚ 1718 ਇੰਤਕਾਲ ਕੇਸਾਂ ਦਾ ਨਿਪਟਾਰਾ : ਡਿਪਟੀ ਕਮਿਸ਼ਨਰ

ਅਧਿਕਾਰੀਆਂ ਨੂੰ ਬਕਾਇਆ ਇੰਤਕਾਲ ਕੇਸਾਂ ਨੂੰ ਜਲਦ ਤੋਂ ਜਲਦ ਨਿਪਟਾਉਣ ਲਈ ਕਿਹਾ

ਵਿਸ਼ੇਸ਼ ਕੈਂਪਾਂ ਨੂੰ ਸਫ਼ਲ ਬਣਾਉਣ ਲਈ ਸਹਿਯੋਗ ਦੇਣ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਲੋਕਾਂ ਦੇ ਯਤਨਾਂ ਦੀ ਕੀਤੀ ਸ਼ਲਾਘਾ

15 ਜਨਵਰੀ ਨੂੰ ਫਿਰ ਲੱਗਣਗੇ ਵਿਸ਼ੇਸ਼ ਕੈਂਪ

ਜਲੰਧਰ-Prime Punjab
ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਨੇ ਸਾਰੀਆਂ ਤਹਿਸੀਲਾਂ ਅਤੇ ਸਬ ਤਹਿਸੀਲਾਂ ਵਿਖੇ ਲਗਾਏ ਗਏ ਵਿਸ਼ੇਸ਼ ਕੈਂਪਾਂ ਤਹਿਤ ਇੱਕੋ ਦਿਨ ਵਿੱਚ 1718 ਇੰਤਕਾਲ ਕੇਸਾਂ ਦਾ ਨਿਪਟਾਰਾ ਕੀਤਾ ਹੈ।

ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਲੋਕਾਂ ਦੇ ਸਹਿਯੋਗ ਸਦਕਾ ਕੈਂਪਾਂ ਨੂੰ ਵੱਡੀ ਸਫ਼ਲਤਾ ਮਿਲੀ ਹੈ। ਉਨ੍ਹਾਂ ਦੱਸਿਆ ਕਿ ਕੈਂਪਾਂ ਦੌਰਾਨ ਇੰਤਕਾਲਾਂ ਸਬੰਧੀ ਪ੍ਰਾਪਤ ਕੁੱਲ 2632 ਕੇਸਾਂ ਵਿੱਚੋਂ 1718 ਦਾ ਜ਼ਿਲ੍ਹੇ ਵਿੱਚ ਲਾਏ 18 ਕੈਂਪਾਂ ਵਿੱਚ ਇੱਕੋ ਦਿਨ ਵਿੱਚ ਨਿਪਟਾਰਾ ਕੀਤਾ ਗਿਆ। ਉਨ੍ਹਾਂ ਮਾਲ ਅਧਿਕਾਰੀਆਂ ਨੂੰ ਬਾਕੀ ਰਹਿੰਦੇ 914 ਕੇਸ ਵੀ ਜਲਦ ਤੋਂ ਜਲਦ ਨਿਪਟਾਉਣ ਦੀ ਹਦਾਇਤ ਕੀਤੀ।

ਉਨਾਂ ਇਹ ਵੀ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਵੱਲੋਂ ਕੀਤੇ ਐਲਾਨ ਮੁਤਾਬਿਕ 15 ਜਨਵਰੀ ਨੂੰ ਦੁਬਾਰਾ ਵਿਸ਼ੇਸ਼ ਕੈਂਪ ਲਗਾਏ ਜਾਣਗੇ ਤਾਂ ਜੋ ਇੰਤਕਾਲਾਂ ਦੇ ਕੰਮ ਨੂੰ ਤੇਜ਼ੀ ਨਾਲ ਮੁਕੰਮਲ ਕੀਤਾ ਜਾ ਸਕੇ ।

ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਇੰਤਕਾਲ ਕੇਸਾਂ ਦੇ ਨਿਪਟਾਰੇ ਲਈ ਹਰ ਹਫ਼ਤੇ ਕਿਸੇ ਖਾਸ ਦਿਨ ਪਿੰਡਾਂ/ਮੁਹੱਲਿਆਂ ਦਾ ਦੌਰਾ ਕਰਨ ਲਈ ਵੀ ਕਿਹਾ ਹੈ, ਖਾਸ ਕਰਕੇ ਜਿੱਥੇ ਸਬੰਧਤ ਧਿਰਾਂ ਦੀ ਆਪਸੀ ਸਹਿਮਤੀ ਹੋਵੇ।

ਜ਼ਿਲ੍ਹੇ ਭਰ ਵਿੱਚ ਤਹਿਸੀਲਦਾਰ ਜਲੰਧਰ-2 ਵੱਲੋਂ ਸਭ ਤੋਂ ਵੱਧ 277 ਇੰਤਕਾਲ ਕੇਸ ਕੀਤੇ ਗਏ। ਇਸ ਤੋਂ ਬਾਅਦ ਤਹਿਸੀਲਦਾਰ ਜਲੰਧਰ-1 ਵੱਲੋਂ 262 ਅਤੇ ਫਿਲੌਰ ਤਹਿਸੀਲ ਵੱਲੋਂ 258 ਇੰਤਕਾਲ ਕੇਸਾਂ ਦਾ ਨਿਪਟਾਰਾ ਕੀਤਾ ਗਿਆ।

ਇਸ ਉਪਰਾਲੇ ਨੂੰ ਲੋਕਾਂ ਨੂੰ ਨਿਰਵਿਘਨ ਸੇਵਾਵਾਂ ਪ੍ਰਦਾਨ ਕਰਨ ਵੱਲ ਵੱਡਾ ਕਦਮ ਕਰਾਰ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਇਨ੍ਹਾਂ ਕੈਂਪਾਂ ਵਿੱਚ ਨਾ ਸਿਰਫ਼ ਬਕਾਇਆ 1755 ਇੰਤਕਾਲ ਕੇਸਾਂ ਦੀ ਸੁਣਵਾਈ ਕੀਤੀ ਗਈ ਸਗੋਂ 877 ਨਵੇਂ ਕੇਸਾਂ ਸਬੰਧੀ ਵੀ ਅਧਿਕਾਰੀਆਂ ਵੱਲੋਂ ਕਾਰਵਾਈ ਅਮਲ ਵਿੱਚ ਲਿਆਂਦੀ ਗਈ।

ਜ਼ਿਕਰਯੋਗ ਹੈ ਕਿ ਜ਼ਿਲ੍ਹੇ ਦੀਆਂ 18 ਤਹਿਸੀਲਾਂ ਅਤੇ ਸਬ ਤਹਿਸੀਲਾਂ ਵਿਖੇ ਵਿਸ਼ੇਸ਼ ਕੈਂਪ ਲਗਾਏ ਗਏ ਸਨ, ਜਿਨ੍ਹਾਂ ਵਿੱਚ ਤਹਿਸੀਲ ਜਲੰਧਰ-1 ਵੱਲੋਂ 262 ਇੰਤਕਾਲ, ਤਹਿਸੀਲ ਜਲੰਧਰ-2 ਵੱਲੋਂ 277, ਤਹਿਸੀਲ ਆਦਮਪੁਰ ਵੱਲੋਂ 45, ਤਹਿਸੀਲ ਨਕੋਦਰ ਵੱਲੋਂ 170, ਤਹਿਸੀਲ ਸ਼ਾਹਕੋਟ ਵੱਲੋਂ 34, ਤਹਿਸੀਲ ਫਿਲੌਰ ਵੱਲੋਂ 258, ਨਾਇਬ ਤਹਿਸੀਲਦਾਰ ਜਲੰਧਰ-1 ਵੱਲੋਂ 86, ਨਾਇਬ ਤਹਿਸੀਲਦਾਰ ਆਦਮਪੁਰ ਵੱਲੋਂ 10, ਨਾਇਬ ਤਹਿਸੀਲਦਾਰ ਜਲੰਧਰ-2 ਵੱਲੋਂ 188, ਨਾਇਬ ਤਹਿਸੀਲਦਾਰ ਕਰਤਾਰਪੁਰ ਵੱਲੋਂ 53, ਨਾਇਬ ਤਹਿਸੀਲਦਾਰ ਭੋਗਪੁਰ ਵੱਲੋਂ 15, ਨਾਇਬ ਤਹਿਸੀਲਦਾਰ ਨਕੋਦਰ ਵੱਲੋਂ 63, ਨਾਇਬ ਤਹਿਸੀਲਦਾਰ ਮਹਿਤਪੁਰ ਵੱਲੋਂ 54, ਨਾਇਬ ਤਹਿਸੀਲਦਾਰ ਸ਼ਾਹਕੋਟ ਵੱਲੋਂ 30, ਨਾਇਬ ਤਹਿਸੀਲਦਾਰ ਲੋਹੀਆਂ ਵੱਲੋਂ 12, ਨਾਇਬ ਤਹਿਸੀਲਦਾਰ ਫਿਲੌਰ ਵੱਲੋਂ 46, ਨਾਇਬ ਤਹਿਸੀਲਦਾਰ ਗੁਰਾਇਆ ਵੱਲੋਂ 69 ਅਤੇ ਨਾਇਬ ਤਹਿਸੀਲਦਾਰ ਨੂਰਮਹਿਲ ਵੱਲੋਂ 46 ਇੰਤਕਾਲ ਕੇਸਾਂ ਦਾ ਨਿਪਟਾਰਾ ਕੀਤਾ ਗਿਆ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਰ ਪੱਧਰ ’ਤੇ ਲੋਕਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਸੁਚਾਰੂ ਤੇ ਨਿਰਵਿਘਨ ਸੇਵਾਵਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਸੰਜੀਦਾ ਉਪਰਾਲੇ ਕੀਤੇ ਜਾ ਰਹੇ ਹਨ।

ਉਨ੍ਹਾਂ ਇਹ ਵੀ ਦੱਸਿਆ ਕਿ ਮਾਲ ਵਿਭਾਗ ਵੱਲੋਂ ਕਾਰਗੁਜ਼ਾਰੀ ਸਬੰਧੀ ਸ਼ਿਕਾਇਤ ਦਰਜ ਕਰਵਾਉਣ ਲਈ ਹੈਲਪਲਾਈਨ ਨੰਬਰ 81849-00002 ਜਾਰੀ ਹੋਇਆ ਹੈ। ਜਦਕਿ ਐਨ.ਆਰ.ਆਈਜ਼ ਆਪਣੀ ਸ਼ਿਕਾਇਤ 94641-00168 ’ਤੇ ਦਰਜ ਕਰਵਾ ਸਕਦੇ ਹਨ।