ਵਿਦਿਆਰਥੀਆਂ ਨੇ ਨੁੱਕੜ ਨਾਕਟਾਂ, ਰੰਗੋਲੀ ਅਤੇ ਪੇਂਟਿੰਗਾਂ ਰਾਹੀਂ ਵੱਧ ਤੋਂ ਵੱਧ ਵੋਟਾਂ ਪਾਉਣ ਦਾ ਦਿੱਤਾ ਸੁਨੇਹਾ

ਸਵੀਪ ਪ੍ਰੋਗਰਾਮ ਤਹਿਤ ਵੱਖ-ਵੱਖ ਕਾਲਜਾਂ ’ਚ ਵੋਟਰ ਜਾਗਰੂਕਤਾ ਮੁਹਿੰਮ ਚਲਾਈ

ਜਲੰਧਰ-Manvir Singh Walia
ਲੋਕ ਸਭਾ ਚੋਣਾਂ 2024 ਦੌਰਾਨ ਵੋਟ ਪ੍ਰਤੀਸ਼ਤ ਨੂੰ ਵਧਾਉਣ ਦੇ ਮੰਤਵ ਤਹਿਤ ਕੀਤੇ ਜਾ ਰਹੇ ਵੱਖ-ਵੱਖ ਸੰਜੀਦਾ ਉਪਰਾਲਿਆਂ ਦੀ ਲੜੀ ਦੌਰਾਨ ਜ਼ਿਲ੍ਹਾ ਜਲੰਧਰ ਦੇ ਵੱਖ-ਵੱਖ ਕਾਲਜਾਂ ਵਿੱਚ ਵੋਟਰ ਜਾਗਰੂਕਤਾ ਮੁਹਿੰਮ ਜਾਰੀ ਹੈ ।

ਡਿਪਟੀ ਕਮਿਸ਼ਨਰ-ਜ਼ਿਲ੍ਹਾ ਚੋਣ ਅਫ਼ਸਰ ਜਲੰਧਰ ਡਾ. ਹਿਮਾਂਸ਼ੂ ਅਗਰਵਾਲ ਦੀਆਂ ਹਦਾਇਤਾਂ ’ਤੇ ਭਾਰਤ ਚੋਣ ਕਮਿਸ਼ਨਰ ਦੁਆਰਾ ਲੋਕ ਸਭਾ ਚੋਣਾਂ ਦੌਰਾਨ 70 ਫੀਸਦੀ ਤੋਂ ਵੱਧ ਵੋਟ ਫੀਸਦੀ ਦੇ ਟੀਚੇ ਨੂੰ ਹਾਸਿਲ ਕਰਨ ਲਈ ਵੋਟਰਾਂ ਵਿੱਚ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ ਲਈ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ।

ਸਿਸਟੇਮੈਟਿਕ ਵੋਟਰ ਐਜੂਕੇਸ਼ਨ ਐਂਡ ਇਲੈਕਟੋਰਲ ਪਾਰਟੀਸੀਪੇਸ਼ਨ (ਸਵੀਪ) ਪ੍ਰੋਗਰਾਮ ਤਹਿਤ ਜ਼ਿਲ੍ਹੇ ਦੇ ਕਾਲਜਾਂ ਵਿੱਚ ‘ਮਾਈ ਵੋਟ ਮਾਈ ਰਾਈਟ’ ਤਹਿਤ ਕਰਵਾਈਆਂ ਗਈਆਂ ਵੱਖ-ਵੱਖ ਗਤੀਵਿਧੀਆਂ ਜਿਵੇਂ ਨੁੱਕੜ ਨਾਟਕਾਂ, ਰੰਗੋਲੀ ਅਤੇ ਪੇਂਟਿੰਗ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਵਲੋਂ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ ਗਿਆ।

ਆਪਣੀ ਕਲਾਕਾਰੀ ਦੀ ਪ੍ਰਤਿਭਾ ਦਾ ਸਫ਼ਲ ਪ੍ਰਦਰਸ਼ਨ ਕਰਦਿਆਂ ਵਿਦਿਆਰਥੀਆਂ ਵਲੋਂ ਲੋਕਾਂ ਨੂੰ ਆਪਣੇ ਮਤਦਾਨ ਦੇ ਅਧਿਕਾਰ ਦੀ ਜਿੰਮੇਵਾਰੀ ਨਾਲ ਵਰਤੋਂ ਕਰਨ ਦਾ ਸੁਨੇਹਾ ਦਿੱਤਾ ਗਿਆ। ਰੰਗਾ-ਰੰਗ ਅਤੇ ਸ਼ਾਨਦਾਰ ਪ੍ਰਦਰਸ਼ਨ ਨੇ ਲੋਕਾਂ ਨੂੰ ਦੇਸ਼ ਦੇ ਸਭ ਤੋਂ ਵੱਡੇ ਲੋਕਤੰਤਰੀ ਤਿਉਹਾਰ ਵਿੱਚ ਸਰਗਰਮ ਭੂਮਿਕਾ ਨਿਭਾਉਣ ਅਪੀਲ ਕੀਤੀ ਗਈ।

ਵੱਖ-ਵੱਖ ਵਿਦਿਅਕ ਸੰਸਥਾਵਾਂ ਵਿੱਚ ਸ਼ੁਰੂ ਕੀਤੀ ਗਈ ਜਾਗਰੂਕਤਾ ਮੁਹਿੰਮ ਰਾਹੀਂ ਸਮਾਜ ਵਿੱਚ ਉਸਾਰੂ ਬਦਲਾਅ ਲਿਆਉਣ ਲਈ ਨੌਜਵਾਨ ਵੋਟਰਾਂ ਨੂੰ ਨਾਗਰਿਕ ਜਿੰਮੇਵਾਰੀਆਂ ਨੂੰ ਸਮਝਣ ਅਤੇ ਇਨਾਂ ਨੂੰ ਚੰਗੀ ਤਰ੍ਹਾਂ ਨਿਭਾਉਣ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦੀ ਹੈ।