ਦਲਬਦਲੀ ਰੁਝਾਨ ਸਦਕਾ ਰਾਜਨੀਤੀ ਪ੍ਰਤੀ ਬੇਭਰੋਸਗੀ ਪੈਦਾ ਹੋ ਰਹੀ ਹੈ- ਕਾ.ਸੇਖੋਂ

Jalandhar : Manvir Sngh Walia 

ਦਲਬਦਲੀਆਂ ਦੇ ਰੁਝਾਨ ਸਦਕਾ ਲੋਕਾਂ ਵਿੱਚ ਰਾਜਨੀਤੀ ਪ੍ਰਤੀ ਬੇਭਰੋਸਗੀ ਪੈਦਾ ਹੋ ਰਹੀ ਹੈ ਅਤੇ ਸਿਆਸਤ ਗੰਧਲੀ ਹੋ ਰਹੀ ਹੈ। ਇਹ ਵਿਚਾਰ ਪ੍ਰਗਟ ਕਰਦਿਆਂ ਸੀ ਪੀ ਆਈ ਐੱਮ ਪੰਜਾਬ ਦੇ ਸਕੱਤਰ ਕਾ.ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਰਿਵਾਇਤੀ ਸਿਆਸੀ ਪਾਰਟੀਆਂ ਮੁੱਦਿਆਂ ਤੇ ਚੋਣ ਲੜਣ ਦੀ ਬਜਾਏ ਦਲਬਦੂਆਂ ਦੇ ਸਹਾਰੇ ਸੱਤ੍ਹਾ ਹਾਸਲ ਕਰਨ ਲਈ ਯਤਨਸ਼ੀਲ ਹੈ, ਜੋ ਰਾਜਨੀਤੀ ਦੇ ਅਸੂਲਾਂ ਦੇ ਖਿਲਾਫ਼ ਹੈ। ਕਾ.ਸੇਖੋਂ ਨੇ ਕਿਹਾ ਕਿ ਫਿਰਕਾਪ੍ਰਸਤੀ ਲਗਾਤਾਰ ਵਧ ਰਹੀ ਹੈ, ਦੇਸ਼ ਦਾ ਸੰਵਿਧਾਨ ਖਤਰੇ ਵਿੱਚ ਹੈ, ਮਹਿੰਗਾਈ ਸਿਖ਼ਰਾਂ ਤੇ ਪਹੁੰਚ ਗਈ ਹੈ, ਅਪਰਾਧ ਵਧ ਰਹੇ ਹਨ, ਲੋਕਾਂ ਦਾ ਜੀਵਨ ਗੁਜਾਰਾ ਮੁਸ਼ਕਿਲ ਹੋ ਗਿਆ ਹੈ। ਅਜਿਹੀ ਸਥਿਤੀ ਵਿੱਚ ਸਿਆਸੀ ਪਾਰਟੀਆਂ ਨੂੰ ਇਹਨਾਂ ਮੁੱਦਿਆਂ ਤੇ ਲੋਕ ਸਭਾ ਚੋਣਾਂ ਲੜਣੀਆਂ ਚਾਹੀਦੀਆਂ ਹਨ, ਪਰ ਅਫਸੋਸ ਇਸ ਗੱਲ ਦਾ ਹੈ ਕਿ ਰਿਵਾਇਤੀ ਪਾਰਟੀਆਂ ਇਹਨਾਂ ਲੋਕ ਮੁੱਦਿਆਂ ਤੋਂ ਪਾਸਾ ਵੱਟ ਕੇ ਦਲਬਦਲੂਆਂ ਦੇ ਸਹਾਰੇ ਚੋਣਾਂ ਜਿੱਤਣ ਲਈ ਯਤਨਸ਼ੀਲ ਹਨ।

ਸੂਬਾ ਸਕੱਤਰ ਨੇ ਕਿਹਾ ਕਿ ਦਲ ਬਦਲੀ ਕਰਕੇ ਟਿਕਟਾਂ ਹਾਸਲ ਕਰਨ ਵਾਲੇ ਇਨਸਾਨੀ ਕਦਰਾਂ ਕੀਮਤਾਂ ਛੱਡ ਕੇ ਆਪਣੀ ਪਾਰਟੀ ਨੂੰ ਤਿਲਾਂਜਲੀ ਦੇ ਕੇ ਦੂਜੀ ਅਜਿਹੀ ਪਾਰਟੀ ਵਿੱਚ ਚਲੇ ਜਾਂਦੇ ਹਨ, ਜਿਸਦਾ ਪਹਿਲੀ ਪਾਰਟੀ ਦੀਆਂ ਨੀਤੀਆਂ ਨਾਲ ਕੋਈ ਨੇੜ ਦਾ ਵੀ ਸਬੰਧ ਨਹੀਂ ਹੁੰਦਾ। ਪਹਿਲਾਂ ਲੋਕਾਂ ਤੋਂ ਹਿਮਾਇਤ ਲੈ ਕੇ ਹਲਕੇ ਦੀ ਨੁਮਾਇੰਦਗੀ ਕਰ ਚੁੱਕੇ ਆਗੂ ਹੋਰ ਪਾਰਟੀ ਵਿੱਚ ਸ਼ਾਮਲ ਹੋ ਕੇ ਲੋਕਾਂ ਨਾਲ ਧੋਖਾ ਤੇ ਗੱਦਾਰੀ ਕਰ ਰਹੇ ਹਨ। ਕਾ.ਸੇਖੋਂ ਨੇ ਕਿਹਾ ਕਿ ਸਿਆਸੀ ਪਾਰਟੀਆਂ ਨੂੰ ਅਜਿਹੇ ਨਾ ਭਰੋਸੇਯੋਗ ਵਿਅਕਤੀਆਂ ਨੂੰ ਸ਼ਾਮਲ ਕਰਾਉਣ ਤੋਂ ਸੰਕੋਚ ਕਰਨੀ ਚਾਹੀਦੀ ਹੈ। ਉਹਨਾਂ ਪੰਜਾਬ ਦੇ ਲੋਕਾਂ ਨੂੰ ਵੀ ਸੱਦਾ ਦਿੱਤਾ ਕਿ ਅਜਿਹੇ ਧੋਖੇਬਾਜ ਦਲਬਦਲੂਆਂ ਨੂੰ ਮੂੰਹ ਨਾ ਲਾਉਣ। ਉਹਨਾਂ ਕਿਹਾ ਕਿ ਦੌਲਤ ਤੇ ਸੁਹਰਤ ਦੀ ਬਜਾਏ ਦੇਸ਼ ਦੀ ਸੇਵਾ ਕਰਨ ਵਾਲੇ ਉਮੀਦਵਾਰਾਂ ਦੀ ਕਦਰ ਕਰਕੇ ਉਹਨਾਂ ਨੂੰ ਲੋਕ ਸਭਾ ਵਿੱਚ ਭੇਜਣ।

ਇੱਕ ਸਵਾਲ ਦੇ ਜਵਾਬ ਵਿੱਚ ਕਾ.ਸੇਖੋਂ ਨੇ ਬੀਤੇ ਦਿਨ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਕਰਨ ਦੀ ਸਖ਼ਤ ਨਿੰਦਾ ਕੀਤੀ। ਉਹਨਾਂ ਕਿਹਾ ਕਿ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਹੈ ਜਿੱਥੇ ਜਾਤ ਵਿਤਕਰਾ ਨਹੀਂ ਕੀਤਾ ਜਾਂਦਾ ਅਤੇ ਭਾਰਤੀ ਸੰਵਿਧਾਨ ਵੀ ਸਾਰੇ ਧਰਮਾਂ ਜਾਤਾਂ ਨੂੰ ਬਰਾਬਰ ਦਰਜਾ ਦਿੰਦਾ ਹੈ। ਉਹਨਾਂ ਆਮ ਆਦਮੀ ਪਾਰਟੀ ਦੇ ਸੁਬਾਈ ਪ੍ਰਧਾਨ ਤੇ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਲਾਲਜੀਤ ਭੁੱਲਰ ਵੱਲੋਂ ਕੀਤੀ ਬਿਆਨਬਾਜੀ ਬਾਰੇ ਆਪਣਾ ਪੱਖ ਸਪਸ਼ਟ ਕਰਨ ਅਤੇ ਉਸ ਵਿਰੁੱਧ ਬਣਦੀ ਕਾਰਵਾਈ ਕਰਨ।