ਕੌਮਾਂਤਰੀ ਮਜ਼ਦੂਰ ਦਿਹਾੜੇ ਮੌਕੇ ਹੋਈ ਦੇਸ਼ ਭਗਤ ਯਾਦਗਾਰ ਹਾਲ ’ਚ ਵਿਚਾਰ-ਚਰਚਾ

ਜਲੰਧਰ (Manvir Singh Walia):

ਸ਼ਿਕਾਗੋ (ਅਮਰੀਕਾ) ਦੀ ਧਰਤੀ ’ਤੇ 1886 ’ਚ ਸ਼ਹਾਦਤ ਪਾਉਣ ਵਾਲੇ ਮਜ਼ਦੂਰ ਜਮਾਤ ਦੇ ਕੌਮਾਂਤਰੀ ਅਨਮੋਲ ਹੀਰੇਆਂ ਨੂੰ ਸਿਜਦਾ ਕਰਦਿਆਂ ਅੱਜ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ’ਚ ਗੰਭੀਰ ਵਿਚਾਰ-ਚਰਚਾ ਕੀਤਾ ਗਈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਵਿੱਤ ਸਕੱਤਰ ਸੀਤਲ ਸਿੰਘ ਸੰਘਾ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਇਤਿਹਾਸ ਕਮੇਟੀ ਦੇ ਕਨਵੀਨਰ ਹਰਵਿੰਦਰ ਭੰਡਾਲ, ਮਿਊਜ਼ੀਅਮ ਕਮੇਟੀ ਦੇ ਕਨਵੀਨਰ ਸੁਰਿੰਦਰ ਕੁਮਾਰੀ ਕੋਛੜ, ਕਮੇਟੀ ਮੈਂਬਰ ਗੁਰਮੀਤ, ਦੇਖ ਰੇਖ ਕਮੇਟੀ ਦੇ ਕਨਵੀਨਰ ਰਣਜੀਤ ਸਿੰਘ ਔਲਖ ਅਤੇ ਕਮੇਟੀ ਮੈਂਬਰ ਡਾ. ਤੇਜਿੰਦਰ ਵਿਰਲੀ ਅਤੇ ਆਡਿਟ ਕਮੇਟੀ ਮੈਂਬਰ ਦੇਵ ਰਾਜ ਨਯੀਅਰ ਤੋਂ ਇਲਾਵਾ ਦੇਸ਼ ਭਗਤ ਯਾਦਗਾਰ ਹਾਲ ਦੀਆਂ ਸਰਗਰਮੀਆਂ ਨਾਲ ਜੁੜੇ ਪਰਮਜੀਤ ਸਿੰਘ ਸਮਰਾ ਨੇ ਇਸ ਮੌਕੇ ਵਿਚਾਰ-ਚਰਚਾ ’ਚ ਸ਼ਿਰਕਤ ਕੀਤੀ।
ਬੁਲਾਰਿਆਂ ਨੇ ਮਜ਼ਦੂਰਾਂ ਉਪਰ ਮੜ੍ਹੇ ਜਾ ਰਹੇ ਨਵੇਂ ਕਾਨੂੰਨਾਂ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਜਿਵੇਂ ਕਾਲ਼ੇ ਖੇਤੀ ਕਾਨੂੰਨਾਂ ਖ਼ਿਲਾਫ਼ ਲਾ-ਮਿਸਾਲ ਕਿਸਾਨ ਸੰਘਰਸ਼ ਹੋਇਆ ਅਤੇ ਚੱਲ ਰਿਹੈ ਇਸ ਤਰ੍ਹਾਂ ਮਜ਼ਦੂਰਾਂ ਦੀ ਵਿਸ਼ਾਲ ਜਨਤਕ ਲਹਿਰ ਖੜ੍ਹੀ ਕਰਨਾ ਸਮੇਂ ਦੀ ਲੋੜ ਹੈ।
ਬੁਲਾਰਿਆਂ ਕਿਹਾ ਕਿ ਤਿੱਖੇ ਹੋਏ ਸਾਮਰਾਜੀ ਕਾਰਪੋਰੇਟ ਘਰਾਣਿਆਂ ਅਤੇ ਦੇਸੀ ਬਦੇਸੀ ਕੰਪਨੀਆਂ ਦੇ ਸਿਕੰਜ਼ੇ ਅਤੇ ਫ਼ਿਰਕੂ ਫਾਸ਼ੀ ਹੱਲੇ ਦੀ ਦੋ ਧਾਰੀ ਤਲਵਾਰ ਖ਼ਿਲਾਫ਼ ਜਨ ਅੰਦੋਲਨ ਉਸਾਰਨਾ ਹੀ ਸਾਮਰਾਜ ਵਿਰੋਧੀ ਗ਼ਦਰ ਲਹਿਰ ਦੀ ਮਹਾਨ ਵਿਰਾਸਤ ਦਾ ਪਰਚਮ ਬੁਲੰਦ ਕਰਨਾ ਹੈ।
ਸਮਾਗਮ ’ਚ 5 ਮਈ ਕਾਰਨ ਮਾਰਕਸ ਜਨਮ ਦਿਹਾੜੇ ’ਤੇ ਕਮੇਟੀ ਵੱਲੋਂ ਹੋ ਰਹੇ ਸਮਾਗਮ ਨੂੰ ਸਫ਼ਲ ਕਰਨ ਲਈ ਲੋਕਾਂ ਨੂੰ ਸਮਾਗਮ ’ਚ ਸ਼ਿਰਕਤ ਕਰਨ ਦੀ ਅਪੀਲ ਕੀਤੀ ਗਈ।