ਪੰਜਾਬੀਓ ! ਗਰੰਟੀਆਂ ਦੇ ਇਸ ਦੌਰ ਵਿੱਚ ਤੁਸੀਂ ਵੀ ਇੱਕ ਗਰੰਟੀ ਦਿਓ! ਕਿ ਬੀ.ਜੇ.ਪੀ. ਨੂੰ ਪੰਜਾਬ ਚੋਂ ਲੋਕ ਸਭਾ ਦੀ ਇੱਕ ਵੀ ਸੀਟ ਨਹੀਂ ਜਿੱਤਣ ਦਿਆਂਗੇ !

– ਲਹਿੰਬਰ ਸਿੰਘ ਤੱਗੜ –

ਅੰਤ ਕਈ ਮਹੀਨਿਆਂ ਦੇ ਭੰਬਲਭੂਸੇ ਤੋਂ ਬਾਅਦ 2024 ਦੀਆਂ ਲੋਕ ਸਭਾ ਚੋਣਾਂ ਸਬੰਧੀ ਪੰਜਾਬ ਪ੍ਰਾਂਤ ਦੀ ਚੋਣ ਸਥਿਤੀ ਲਗ ਪੱਗ ਪੂਰੀ ਤਰ੍ਹਾਂ ਸਪਸ਼ਟ ਹੋ ਗਈ ਹੈ। ਪੰਜਾਬ ਵਿੱਚ ਚੋਣਾਂ ਸਬੰਧੀ ਪਿਛਲੇ ਕਈ ਮਹੀਨਿਆਂ ਤੋਂ ਮੁੱਖ ਤੌਰ ਤੇ ਦੋ ਭੁੰਬਲਭੂਸੇ ਚਲ ਰਹੇ ਹਨ। ਪਹਿਲਾ ਇਹ ਸੀ ਕਿ ਕੀ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਦਾ ਪੰਜਾਬ ਵਿੱਚ ਚੋਣ ਸਮਝੌਤਾ ਹੋਵੇਗਾ ਕਿ ਨਹੀਂ ਕਿਉਂਕਿ ਇਹ ਦੋਵੇਂ ਪਾਰਟੀਆਂ ਕੌਮੀ ਪੱਧਰ ’ਤੇ ਪਿਛਲੇ ਕਈ ਮਹੀਨਿਆਂ ਤੋਂ ਕਾਇਮ ਹੋ ਚੁੱਕੇ ‘‘ਇੰਡੀਆ’’ ਗਠਜੋੜ ਦਾ ਹਿੱਸਾ ਹਨ। ਦੋਹਾਂ ਪਾਰਟੀਆਂ ਦਾ ਦਿੱਲੀ, ਹਰਿਆਣਾ, ਗੁਜਰਾਤ, ਗੋਆ ਅਤੇ ਚੰਡੀਗੜ੍ਹ ਵਿੱਚ ਸਮਝੌਤਾ ਹੋ ਗਿਆ ਸੀ। ਅਸਲ ਵਿੱਚ ਇਹ ਭੰਬਲਭੂਸਾ ਹਕੀਕੀ ਨਹੀਂ ਸੀ ਕਿਉਂਕਿ ਪੰਜਾਬ ਦੀ ਕਾਂਗਰਸ ਪਾਰਟੀ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੋਹਾਂ ਨੇ ਪਹਿਲੇ ਦਿਨ ਤੋਂ ਹੀ ਸਪਸ਼ਟ ਕਰ ਦਿੱਤਾ ਸੀ ਕਿ ਅਸੀਂ ਪੰਜਾਬ ਵਿੱਚ ਕੋਈ ਸਮਝੌਤਾ ਨਹੀਂ ਕਰਾਂਗੇ ਅਤੇ ਸਾਰੀਆਂ ਦੀਆਂ ਸਾਰੀਆਂ ਸੀਟਾਂ ਲੜਾਂਗੇ। ਇਹ ਭੰਬਲਭੂਸਾ ਤਾਂ ਅਕਾਲੀ ਦਲ ਅਤੇ ਬੀਜੇਪੀ ਦੀ ਸੂਬਾਈ ਆਗੂਆਂ ਅਤੇ ਹਰ ਕਿਸਮ ਦੇ ਮੀਡੀਆ ਨੇ ਜਾਣ ਬੁੱਝ ਕੇ, ਮਲੋ ਮਲੀ ਆਪਣੀ ਮਹੱਤਤਾ ਅਤੇ ਟੀ.ਆਰ.ਪੀ. ਆਦਿ ਨੂੰ ਵਧਾਉਣ ਦੇ ਮੰਤਵ ਨਾਲ ਜਾਅਲੀ ਤੌਰ ’ਤੇ ਹੀ ਖੜ੍ਹਾ ਕੀਤਾ ਹੋਇਆ ਸੀ। ਇਸ ਜਾਅਲੀ ਭੰਬਲਭੂਸੇ ਨੇ ਤਾਂ ਖਤਮ ਹੋਣਾ ਹੀ ਸੀ, ਸੋ ਦੋਹਾਂ ਪਾਰਟੀਆਂ ਵੱਲੋਂ ਆਪੋ ਆਪਣੇ ਉਮੀਦਵਾਰ ਖੜ੍ਹੇ ਕਰਨ ਦੇ ਨਾਲ ਇਹ ਖਤਮ ਹੋ ਗਿਆ। ਦੂਸਰਾ ਵੱਡਾ ਭੰਬਲਭੂਸਾ ਪੰਜਾਬ ਦੇ ਲੋਕਾਂ ਸਾਹਮਣੇ ਇਹ ਸੀ ਕਿ ਕੀ ਪੰਜਾਬ ਵਿੱਚ ਅਕਾਲੀ ਦਲ ਅਤੇ ਬੀ.ਜੇ.ਪੀ. ਵਿੱਚ ਮੁੜ ਤੋਂ ਚੋਣ ਗਠਜੋੜ ਹੋਵੇਗਾ ਕਿ ਨਹੀਂ ਜਿਹੜਾ ਲੰਬੇ ਸਮੇਂ ਤੋਂ ਚਲ ਰਿਹਾ ਸੀ ਅਤੇ ਇਤਹਾਸਕ ਕਿਸਾਨ ਸੰਘਰਸ਼ ਦੇ ਮਸਲੇ ਤੇ ਖਤਮ ਹੋ ਗਿਆ ਸੀ। ਅਕਾਲੀ ਦਲ ਵਾਲੇ ਉਪਰੋਂ ਉਪਰੋਂ ਕਹਿਣ ਨੂੰ ਜੋ ਮਰਜੀ ਕਹੀ ਜਾਂਦੇ ਸੀ ਪਰ ਹਕੀਕਤ ਇਹ ਸੀ ਕਿ ਉਹ ਚਾਹੁੰਦੇ ਸਨ ਕਿ ਬੀ.ਜੇ.ਪੀ. ਨਾਲ ਸਾਡਾ ਗਠਜੋੜ ਹੋ ਜਾਵੇ। ਬੀ.ਜੇ.ਪੀ. ਵਾਲੇ ਅਕਾਲੀ ਦਲ ਨੂੰ ਲਾਰੇ ਲਈ ਜਾ ਰਹੇ ਸੀ। ਪਰ ਅੰਦਰੋਂ ਅੰਦਰੀ ਆਪਣੀ ਇੱਕ ਸੋਚੀ ਸਮਝੀ ਖਾਸ ਨੀਤੀ ’ਤੇ ਕੰਮ ਕਰ ਰਹੇ ਸਨ। ਇਹ ਖਾਸ ਨੀਤੀ ਸੀ ਅਤੇ ਹੁਣ ਵੀ ਹੈ ਕਿ ਸਮੁੱਚੇ ਪੰਜਾਬ ਨੂੰ ਇਕ ਗੜਬੜ ਵਾਲਾ ਇਲਾਕਾ ਦਰਸਾਉਣਾ ਅਤੇ ਬਾਕੀ ਸਾਰੇ ਦੇਸ਼ ਨੂੰ ਪੰਜਾਬ ਦੇ ਵਿਰੁੱਧ ਖੜ੍ਹਾ ਕਰਕੇ 2024 ਦੀਆਂ ਲੋਕ ਸਭਾ ਚੋਣਾਂ ਜਿਤਣਾ। ਬਿਲਕੁੱਲ ਉਸੇ ਤਰਜ ’ਤੇ ਜਿਸ ਤਰਜ਼ ਤੇ 1985 ਵਿੱਚ ਕਾਂਗਰਸ ਪਾਰਟੀ ਨੇ ਲਾਮਿਸਾਲ ਜਿੱਤ ਪ੍ਰਾਪਤ ਕੀਤੀ ਸੀ। 2022 ਵਿੱਚ ਫਿਰੋਜਪੁਰ ਰੈਲੀ ਨੂੰ ਸੰਬੋਧਨ ਕਰਨ ਤੋਂ ਬਿਨਾ ਹੀ ਵਾਪਸ ਜਾਂਦੇ ਹੋਏ ਪ੍ਰਧਾਨ ਮੰਤਰੀ ਮੋਦੀ ਵਲੋਂ ਇਹ ਕਹਿਕੇ ਜਾਣਾ ਕਿ ‘‘ਅਪਨੇ ਸੀ.ਐਮ. ਕੋ ਥੈਂਕਸ ਕਹਿਨਾ ਕਿ ਮੈਂ ਬਠਿੰਡਾ ਏਅਰਪੋਰਟ ਤੱਕ ਜਿੰਦਾ ਲੌਟ ਪਾਇਆ’’, ਇਸੇ ਨੀਤੀ ਦਾ ਨੰਗਾ ਚਿੱਟਾ ਪ੍ਰਗਟਾਵਾ ਸੀ। ਇਹ ਰਣਨੀਤੀ ਅੱਜ ਵੀ ਜਾਰੀ ਹੈ। ਕੇਵਲ ਅਕਾਲੀ ਦਲ ਨੂੰ ਹੀ ਨਹੀਂ ਬਲਕਿ ਪੰਜਾਬ ਦੀਆਂ ਸਮੂਹ ਰਾਜਨੀਤਕ ਪਾਰਟੀਆਂ ਅਤੇ ਖਾਸ ਕਰਕੇ ਪੰਜਾਬ ਦੇ ਸਮੂਹ ਲੋਕਾਂ ਨੂੰ ਚਾਹੀਦਾ ਹੈ ਕਿ ਮੋਦੀ ਦੀ ਇਸ ਖਤਰਨਾਕ ਨੀਯਤ ਅਤੇ ਨੀਤੀ ਨੂੰ ਸਮਝਣ। ਅਕਾਲੀ ਦਲ ਨੂੰ ਲਾਰੇ ਲਾਈ ਜਾਣ ਦੀ ਦਾਅਪੇਚਕ ਨੀਤੀ ਨੂੰ ਜਾਰੀ ਰੱਖਦੇ ਹੋਏ 21 ਮਾਰਚ ਤੱਕ ਵੀ ਅਮਿਤਸ਼ਾਹ ਕਹੀ ਗਏ ਕਿ ਬਾਤ ਚੀਤ ਚਲ ਰਹੀ ਹੈ। ਪਰ ਅਚਾਨਕ 26 ਮਾਰਚ ਨੂੰ ਅਮਿਤਸ਼ਾਹ ਨੇ ਐਲਾਨ ਕਰ ਦਿੱਤਾ ਕਿ ਬੀ.ਜੇ.ਪੀ. ਪੰਜਾਬ ਵਿੱਚ ਇਕੱਲੀ ਚੋਣ ਲੜੇਗੀ। ਇਸ ਐਲਾਨ ਨਾਲ ਨਾ ਕੇਵਲ ਅਕਾਲੀ ਦਲ ਨੂੰ ਹੀ ਬਲਕਿ ਪੰਜਾਬ ਦੀ ਬੀ.ਜੇ.ਪੀ. ਦੇ ਵੱਡੇ ਛੋਟੇ ਆਗੂਆਂ ਨੂੰ ਵੀ ਵੱਡਾ ਝਟਕਾ ਲੱਗਾ ਜਿਹੜੇ ਮੋਦੀ ਅਤੇ ਅਮਿਤਸ਼ਾਹ ਦੀ ਉਪਰੋਕਤ ‘‘ਚਾਣਕਿਆ ਨੀਤੀ’’ ਨੂੰ ਸਮਝਣ ਤੋਂ ਅਸਮਰੱਥ ਹਨ। ਇਨ੍ਹਾਂ ਸਮਝਣ ਤੋਂ ਅਸਮਰੱਥ ਆਗੂਆਂ’’ ਵਿੱਚ ਸੁਨੀਲ ਜਾਖੜ ਅਤੇ ਕੈਪਟਨ ਅਮਰਿੰਦਰ ਸਿੰਘ ਵਰਗੇ ਨਵੇਂ ਨਵੇਂ ‘‘ਸੰਘੀ’’ ਸਜੇ ਵੀ ਸ਼ਾਮਲ ਹਨ।

            ਅਕਾਲੀ  ਬੀ.ਜੇ.ਪੀ. ਵਾਲੇ ਭੰਬਲਭੂਸੇ ਦਾ ਇੱਕ ਹਿੱਸਾ ਤਾਂ ਖਤਮ ਹੋ ਗਿਆ ਹੈ ਅਤੇ ਸਪਸ਼ਟ ਹੋ ਗਿਆ ਹੈ ਕਿ ਪੰਜਾਬ ਵਿੱਚ ਅਕਾਲੀ ਦਲ ਅਤੇ ਬੀ.ਜੇ.ਪੀ. ਵਾਲੇ ਵੱਖੋ ਵੱਖ ਲੜਨਗੇ। ਪਰ ਇਸ ਭੰਬਲਭੂਸੇ ਦਾ ਇੱਕ ਵੱਡਾ ਹਿੱਸਾ ਉਸੇ ਤਰ੍ਹਾਂ ਬਰਕਰਾਰ ਹੈ ਕਿ ਜੇਕਰ ਅਕਾਲੀ ਦਲ ਦੇ ਕੁੱਝ ਉਮੀਦਵਾਰ ਜਿੱਤ ਜਾਣ ਤਾਂ ਉਹ ਕੇਂਦਰ ਵਿੱਚ ਸਰਕਾਰ ਬਣਾਉਣ ਲਈ ਕਿਸਦੇ ਨਾਲ ਜਾਣਗੇ। ‘ਇੰਡੀਆ’ ਵਾਲਿਆਂ ਨਾਲ ਜਾਣਗੇ ਜਾਂ ਫਿਰ ਮੋਦੀ ਅਮਿਤਸ਼ਾਹ ਜੁੰਡਲੀ ਨਾਲ। ਜੇਕਰ ਅਕਾਲੀ ਦਲ ਇਹ ਭੰਬਲਭੂਸਾ ਦੂਰ ਨਹੀਂ ਕਰਦਾ ਤਾਂ ਸਪਸ਼ਟ ਹੈ ਕਿ ਅਕਾਲੀ ਦਲ ਵਾਲੇ ਬੀ.ਜੇ.ਪੀ. ਨਾਲ ਜਾਣ ਦੀ ਪਿਛਲ-ਝਾਕ ਵਿੱਚ ਉਲਝੇ ਹੋਏ ਹਨ। ਇਥੇ ਅਸੀਂ ਅਕਾਲੀ ਦਲ ਨੂੰ ਕਹਿਣਾ ਚਾਹੁੰਦੇ ਹਾਂ ਕਿ ਪਿਛਲ-ਝਾਕ ਛੱਡੋ ਅਤੇ ਦੇਸ਼ ਨੂੰ