80 ਵੋਟਰਾਂ ਨੂੰ ਵੋਟ ਪਾਉਣ ਤੋਂ ਬਾਅਦ ਮੌਕੇ ‘ਤੇ ਹੀ ਦਿੱਤੀਆਂ ਜਾਣਗੀਆਂ ਫਿਲਮਾਂ ਦੀਆਂ ਮੁਫ਼ਤ ਟਿਕਟਾਂ : ਡਾ. ਹਿਮਾਂਸ਼ੂ ਅਗਰਵਾਲ
ਜਲੰਧਰ, 31 ਮਈ :Prime Punjab
ਵੋਟ ਫੀਸਦੀ ਨੂੰ ਵਧਾਉਣ ਲਈ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਨੇ ਨੌਜਵਾਨ ਵੋਟਰਾਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਨਿਵੇਕਲੀ ਪਹਿਲ ਕੀਤੀ ਹੈ। ਇਸ ਤਹਿਤ 80 ਨੌਜਵਾਨ ਵੋਟਰਾਂ ਨੂੰ ਪੋਲਿੰਗ ਸਟੇਸ਼ਨਾਂ ‘ਤੇ ਵੋਟ ਪਾਉਣ ਤੋਂ ਬਾਅਦ ਫਿਲਮ ਦੀਆਂ ਟਿਕਟਾਂ ਮੁਫ਼ਤ ਦਿੱਤੀਆਂ ਜਾਣਗੀਆਂ।
ਡਿਪਟੀ ਕਮਿਸ਼ਨਰ ਡਾ. ਅਗਰਵਾਲ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਫ਼ਿਲਮਾਂ ਦੀਆਂ 80 ਟਿਕਟਾਂ ਮੁਹੱਈਆ ਕਰਵਾਉਣ ਲਈ ਵੱਖ-ਵੱਖ ਸਿਟੀ ਮਲਟੀਪਲੈਕਸਾਂ ਨਾਲ ਸਹਿਯੋਗ ਕੀਤਾ ਹੈ। ਵੋਟਰਾਂ ਵੱਲੋਂ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਤੋਂ ਤੁਰੰਤ ਬਾਅਦ ਪ੍ਰਸ਼ੰਸਾ ਅਤੇ ਉਤਸ਼ਾਹ ਦੇ ਚਿੰਨ੍ਹ ਵਜੋਂ ਇਹ ਟਿਕਟਾਂ ਮੁਫ਼ਤ ਵੰਡੀਆਂ ਜਾਣਗੀਆਂ।
ਡਾ. ਅਗਰਵਾਲ ਨੇ ਜ਼ੋਰ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕ ਸਭਾ ਚੋਣਾਂ ਵਿੱਚ 70 ਫੀਸਦੀ ਤੋਂ ਵੱਧ ਮਤਦਾਨ ਪ੍ਰਾਪਤ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਸਾਰੇ ਪੋਲਿੰਗ ਸਟੇਸ਼ਨਾਂ ‘ਤੇ ਗਰਮੀ ਦੀ ਲਹਿਰ ਦੇ ਪ੍ਰਭਾਵਾਂ ਨੂੰ ਘੱਟ ਕਰਨ ਲਈ ਉਪਾਵਾਂ ਸਮੇਤ ਆਰਾਮਦਾਇਕ ਵੋਟਿੰਗ ਅਨੁਭਵ ਯਕੀਨੀ ਬਣਾਉਣ ਲਈ ਵਿਆਪਕ ਪ੍ਰਬੰਧ ਕੀਤੇ ਗਏ ਹਨ।
ਡਾ. ਅਗਰਵਾਲ ਨੇ ਕਿਹਾ ਕਿ ਅਸੀਂ ਹਰੇਕ ਲਈ ਖਾਸ ਕਰ ਸਾਡੇ ਨੌਜਵਾਨ ਵੋਟਰਾਂ ਲਈ ਵੋਟਿੰਗ ਨੂੰ ਸੁਖਾਵਾਂ ਅਤੇ ਵਧੀਆ ਅਨੁਭਵ ਬਣਾਉਣ ਲਈ ਵਚਨਬੱਧ ਹਾਂ। ਉਨ੍ਹਾਂ ਕਿਹਾ ਕਿ ਪੋਲਿੰਗ ਸਟੇਸ਼ਨਾਂ ‘ਤੇ ਲੋੜੀਂਦੀਆਂ ਸਹੂਲਤਾਂ ਉਪਲਬਧ ਹਨ ਅਤੇ ਸਾਨੂੰ ਉਮੀਦ ਹੈ ਕਿ ਇਹ ਉਪਰਾਲਾ ਵੱਧ ਤੋਂ ਵੱਧ ਲੋਕਾਂ ਨੂੰ ਬਾਹਰ ਆਉਣ ਅਤੇ ਵੋਟ ਪਾਉਣ ਲਈ ਪ੍ਰੇਰਿਤ ਕਰੇਗਾ। ਉਨ੍ਹਾਂ ਜਲੰਧਰ ਦੇ ਨਾਗਰਿਕਾਂ ਨੂੰ ਚੋਣ ਪ੍ਰਕਿਰਿਆ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਅਤੇ ਮਤਦਾਨ ਵਿੱਚ ਜਲੰਧਰ ਨੂੰ ਮੋਹਰੀ ਜ਼ਿਲ੍ਹਾ ਬਣਾਉਣ ਵਿੱਚ ਮਦਦ ਕਰਨ ਦੀ ਅਪੀਲ ਕੀਤੀ।
More Stories
ज़ी पंजाबी के ‘स्पॉटलाइट विद मैंडी’ प्रोमो ने प्रशंसकों को किया उत्साहित!
एच.एम.वी. कॉलेजिएट स्कूल की छात्राओं ने राज्य स्तरीय विप्रो अर्थीइन एजुकेटर प्रोग्राम में प्रथम स्थान प्राप्त किया