ਦੇਸ਼ ਭਗਤ ਯਾਦਗਾਰ ਕਮੇਟੀ ਨੇ ਲਏ ਅਹਿਮ ਫੈਸਲੇ

ਜਲੰਧਰ (9 ਜੂਨ): Prime Punjab

ਦੇਸ਼ ਭਗਤ ਯਾਦਗਾਰ ਕਮੇਟੀ ਦੀ ਜਨਰਲ ਬਾਡੀ ਦੀ ਮੀਟਿੰਗ ਅੱਜ ਲੋਕਾਂ ਦੇ ਮਹਿਬੂਬ ਕਵੀ ਸੁਰਜੀਤ ਪਾਤਰ, ਲੋਕ-ਪੱਖੀ ਗਾਇਕ ਕੁਲਦੀਪ ਜਲੂਰ, ਮੋਹਨਜੀਤ, ਹਰਬੰਸ ਹੀਓਂ, ਇੰਦਰਜੀਤ ਕੁਰੜ, ਸੁਖਜੀਤ, ਬਲਬੀਰ ਬਾਸੀ ਸਮੇਤ ਬੀਤੇ ਦਿਨੀਂ ਵਿਛੜੇ ਸਮੂਹ ਲੇਖਕਾਂ, ਸੰਘਰਸ਼ਸ਼ੀਲ ਲੋਕਾਂ ਅਤੇ ਫ਼ਲਸਤੀਨ ਅੰਦਰ ਨਸਲਘਾਤ ਦਾ ਸ਼ਿਕਾਰ ਹੋ ਰਹੇ ਪਰਿਵਾਰਾਂ ਨੂੰ ਖੜ੍ਹੇ ਹੋ ਕੇ ਸ਼ਰਧਾਂਜ਼ਲੀ ਭੇਂਟ ਕਰਨ ਨਾਲ ਹੋਈ ਅਤੇ ਇਸ ਮੌਕੇ ਕਮੇਟੀ ਦੇ 9 ਜੂਨ ਦਿਨੇ 11 ਵਜੇ ਦਾਣਾ ਮੰਡੀ ਬਰਨਾਲਾ ਵਿਖੇ ਹੋ ਰਹੇ ਸੂਬਾਈ ਸੁਰਜੀਤ ਪਾਤਰ ਸ਼ਰਧਾਂਜ਼ਲੀ ਅਤੇ ਸਨਮਾਨ ਸਮਾਗਮ ’ਚ ਸਾਹਿਤਕਾਰਾਂ, ਲੇਖਕਾਂ, ਰੰਗ ਕਰਮੀਆਂ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਮੀਟਿੰਗ ’ਚ ਕਮੇਟੀ ਦੇ ਮੀਤ ਪ੍ਰਧਾਨ ਕੁਲਵੰਤ ਸਿੰਘ ਸੰਧੂ, ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਵਿੱਤ ਸਕੱਤਰ ਸੀਤਲ ਸਿੰਘ ਸੰਘਾ ਤੋਂ ਇਲਾਵਾ ਮੀਟਿੰਗ ’ਚ ਹਾਜ਼ਰ ਸਮੂਹ ਕਮੇਟੀ ਮੈਂਬਰਾਂ ਨੇ ਗੰਭੀਰ ਵਿਚਾਰਾਂ ਕਰਕੇ ਦੇਸ਼ ਭਗਤ ਯਾਦਗਾਰ ਹਾਲ ਦੇ ਅੰਦਰ ਅਤੇ ਬਾਹਰ ਇਤਿਹਾਸ, ਸਾਹਿਤ, ਸਭਿਆਚਾਰ, ਸਮਾਜਕ ਸਰੋਕਾਰਾਂ ਅਤੇ ਵਿਗਿਆਨਕ ਵਿਚਾਰਾਂ ਬਾਰੇ ਵੰਨ-ਸੁਵੰਨੇ ਢੁੱਕਵੇਂ ਰੂਪਾਂ ਵਿੱਚ ਸਰਗਰਮੀਆਂ ’ਚ ਹੋਰ ਵੀ ਨਿਰੰਤਰਤਾ ਲਿਆਉਣ ਲਈ ਵਿਸ਼ੇਸ਼ ਉੱਦਮ ਜੁਟਾਉਣ ਲਈ ਵਿਚਾਰ-ਚਰਚਾ ਕਰਨ ਉਪਰੰਤ ਉਹਨਾਂ ਨੂੰ ਅਮਲੀ ਜਾਮਾ ਪਹਿਨਾਉਣ ਦਾ ਫੈਸਲਾ ਕੀਤਾ।
ਝੋਨੇ ਦੇ ਕੰਮ ਕਾਰ ’ਚ ਜੁਟੇ ਨੌਜਵਾਨਾਂ ਦਾ ਧਿਆਨ ਰੱਖਦੇ ਹੋਏ ਸਿਖਿਆਰਥੀ ਚੇਤਨਾ ਕੈਂਪ ਅਗਸਤ ਮਹੀਨੇ ਵਿੱਚ ਵੱਖ-ਵੱਖ ਵਿਸ਼ਿਆਂ ’ਤੇ ਕਰਨ ਦਾ ਫੈਸਲਾ ਹੋਇਆ।
ਦੇਸ਼ ਭਗਤ ਯਾਦਗਾਰ ਹਾਲ ਦੇ ਮੁੱਖ ਦੁਆਰ ਲਾਗੇ ਸ਼ਹੀਦ ਊਧਮ ਸਿੰਘ ਵੈਲਫੇਅਰ ਟਰੱਸਟ ਅਤੇ ਸੈਂਟਰ ਬਰਮਿੰਘਮ ਦੇ ਸਹਿਯੋਗ ਨਾਲ ਬਣਾਏ ਪਾਰਕ ਵਿੱਚ ਲਾਇਟ, ਸਾਊਂਡ ਅਤੇ ਕਿਤਾਬਾਂ ਦੇ ਆਲ੍ਹਣੇ ਬਣਾਕੇ ਲੋਕਾਂ ਨੂੰ ਹਾਲ ਦੀ ਲਾਇਬ੍ਰੇਰੀ, ਮਿਊਜ਼ੀਅਮ ਅਤੇ ਪੁਸਤਕ ਸਭਿਆਚਾਰ ਵੱਲ ਆਕਰਸ਼ਤ ਕਰਨ ਦਾ ਫੈਸਲਾ ਵੀ ਕੀਤਾ ਗਿਆ।
ਦੇਸ਼ ਭਗਤ ਯਾਦਗਾਰ ਹਾਲ ਦੇ ਰੀਡਿੰਗ ਰੂਮ, ਸ਼ਹੀਦ ਕਰਤਾਰ ਸਿੰਘ ਸਰਾਭਾ ਮੰਚ ਵਿੱਚ ਲੋੜੀਂਦੇ ਕਾਰਜ਼ ਨੇਪਰੇ ਚਾੜ੍ਹਨ ਦਾ ਵੀ ਫੈਸਲਾ ਕੀਤਾ ਗਿਆ।
ਕਮੇਟੀ ਦੀਆਂ ਸਬ-ਕਮੇਟੀਆਂ, ਸਭਿਆਚਾਰਕ ਵਿੰਗ, ਇਤਿਹਾਸ ਕਮੇਟੀ, ਮਿਊਜ਼ੀਅਮ ਕਮੇਟੀ, ਲਾਇਬੇ੍ਰਰੀ ਕਮੇਟੀ, ਦੇਖ-ਰੇਖ ਕਮੇਟੀ ਅਤੇ ਵਿੱਤ ਕਮੇਟੀ ਦੀਆਂ ਨਿਰੰਤਰ ਮੀਟਿੰਗਾਂ ਕਰਨ ਅਤੇ ਵਿਸ਼ੇਸ਼ ਕਰਕੇ ਸ਼ੋਸ਼ਲ ਮੀਡੀਆ ਉਪਰ ਕਮੇਟੀ ਦੀਆਂ ਸਰਗਰਮੀਆਂ, ਉਪਲੱਭਧੀਆਂ ਅਤੇ ਸਮਾਜ ਨਾਲ ਜੁੜੇ ਸੁਆਲਾਂ ਨੂੰ ਕਮੇਟੀ ਵੱਲੋਂ ਮੁਖ਼ਾਤਖ ਹੁੰਦੇ ਹੋਏ ਉਭਾਰਨ, ਪ੍ਰਚਾਰਨ ਅਤੇ ਹਰਮਨ ਪਿਆਰਾ ਬਣਾਉਣ ਲਈ ਵਿਸ਼ੇਸ਼ ਯਤਨ ਜੁਟਾਉਣ ਦਾ ਫੈਸਲਾ ਲਿਆ ਗਿਆ।
ਵੱਲੋਂ:
ਅਮੋਲਕ ਸਿੰਘ
ਕਨਵੀਨਰ, ਸਭਿਆਚਾਰਕ ਵਿੰਗ