ਪੁੱਡਾ ਦੇ ਜੇ ਈ ਮੋਹਿਤ ਨੇ ਤੀਸਰਾ ਸੋਨ ਤਮਗਾ ਜਿੱਤ ਕੇ ਬਣਾਈ ਹੈਟ੍ਰਿਕ

ਜਲੰਧਰ, (ਇਕਬਾਲ ਸਿੰਘ ਉੱਭੀ)-

ਪੁੱਡਾ ਵਿਭਾਗ ਵਿੱਚ ਜੇ ਈ ਦੇ ਅਹੁਦੇ ’ਤੇ ਸੇਵਾ ਨਿਭਾ ਰਹੇ ਇੰਜੀ. ਮੋਹਿਤ ਦੁੱਗ ਨੇ ਤਿੰਨ ਦਿਨਾ ਪਾਵਰ ਲਿਫਟਿੰਗ ਮੁਕਾਬਲੇ ਵਿੱਚ ਤੀਸਰਾ ਸੋਨ ਤਮਗਾ ਜਿੱਤ ਕੇ ਹੈਟ੍ਰਿਕ ਬਣਾਈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੁੱਗ ਨੇ ਦੱਸਿਆ ਕਿ ਦਿੱਲੀ ਵਿਖੇ 7 ਤੋਂ 9 ਜੂਨ ਤੱਕ ਤਿੰਨ ਦਿਨਾ ਅੰਤਰ-ਰਾਸ਼ਟਰੀ ਸਿਹਤ ਅਤੇ ਫਿੱਟਨੈੱਸ ਪਾਵਰਲਿਫਟਿੰਗ ਮੁਕਾਬਲੇ ਕਰਵਾਏ ਗਏ। ਇਸ ਮੌਕੇ (ਇੰਜੀਨੀਅਰ) ਮੋਹਿਤ ਦੁੱਗ ਨੇ 82.5 ਕਿਲੋਗ੍ਰਾਮ ਭਾਰ ਦੇ ਵਰਗ ਵਿੱਚ 162.5 ਕਿਲੋਗ੍ਰਾਮ ਦੀ ਬੈਂਚ ਪ੍ਰੈੱਸ ਲਗਾ ਕੇ ਆਪਣੇ ਵਿਰੋਧੀ ਨੂੰ ਹਰਾ ਕੇ ਸੋਨ ਤਮਗਾ ਜਿੱਤ ਕੇ ਆਪਣੇ ਸ਼ਹਿਰ ਅਤੇ ਮਾਤਾ-ਪਿਤਾ ਦਾ ਨਾਂਅ ਰੋਸ਼ਨ ਕੀਤਾ। ਦੁੱਗ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਜੂਨ 2023 ਮੁੰਬਈ ਵਿੱਚ ਅਤੇ ਨਵੰਬਰ 2023 ਨੂੰ ਦਿੱਲੀ ਵਿਖੇ ਸੋਨ ਤਮਗੇ ਜਿੱਤੇ ਸਨ। ਇਸੇ ਤਰ੍ਹਾਂ ਹੁਣ ਲਗਾਤਾਰ ਤੀਜੀ ਵਾਰ ਦਿੱਲੀ ਵਿਖੇ ਸੋਨ ਤਮਗਾ ਜਿੱਤ ਕੇ ਹੈਟ੍ਰਿਕ ਬਣਾਈ। ਜ਼ਿਕਰਯੋਗ ਹੈ ਕਿ ਸਾਲ 2023 ਵਿੱਚ ਵੀ ਯੂ ਕੇ (ਮਾਨਚਿਸਟਰ) ਵਿੱਚ ਹੋਏ ਮੁਕਾਬਲੇ ਵਿੱਚ ਵੀ ਮੋਹਿਤ ਨੇ ਸੋਨੇ ਦਾ ਤਮਗਾ ਜਿੱਤ ਕੇ ਪੰਜਾਬ ਅਤੇ ਭਾਰਤ ਦਾ ਨਾਂਅ ਰੋਸ਼ਨ ਕੀਤਾ ਸੀ। ਮੋਹਿਤ ਨੇ ਦੱਸਿਆ ਕਿ ਉਹ ਹੁਣ ਵੀ ਰੋਜ਼ਾਨਾ ਤਿੰਨ ਘੰਟੇ ਤੋਂ ਵੱਧ ਸਮਾਂ ਫਿੱਟ ਲਾਈਫ ਜਿੰਮ ਮਕਸੂਦਾਂ ਵਿੱਚ ਅਭਿਆਸ ਕਰਦਾ ਹੈ ਅਤੇ (ਨਵੀਂ ਪੀੜ੍ਹੀ ਦੇ) ਲਿਫਟਰਾਂ ਨੂੰ ਟਰੇਨਿੰਗ ਦੇਣ ਦਾ ਕੰਮ ਵੀ ਸ਼ੌਂਕ ਨਾਲ ਕਰਦਾ ਹੈ।