ਬਿਜਲੀ ਦਰਾਂ ’ਚ ਵਾਧਾ ਲੋਕਾਂ ਤੇ ਬੇਲੋੜਾ ਤੇ ਵਾਧੂ ਬੋਝ- ਕਾ.ਸੇਖੋਂ

 ਜਲੰਧਰ : Manvir Singh Walia

ਪੰਜਾਬ ਸਰਕਾਰ ਵੱਲੋਂ ਬਿਜਲੀ ਦਰਾਂ ਵਿੱਚ ਵਾਧਾ ਕਰਕੇ ਰਾਜ ਦੇ ਲੋਕਾਂ ਤੇ ਬੇਲੋੜਾ ਤੇ ਵਾਧੂ ਬੋਝ ਪਾਇਆ ਗਿਆ ਹੈ, ਜਿਸ ਨਾਲ ਘਰੇਲੂ ਖਪਤਕਾਰਾਂ ਦੇ ਨਾਲ ਨਾਲ ਇੰਡਸਟਰੀ ਤੇ ਵੀ ਮਾੜਾ ਪ੍ਰਭਾਵ ਪਵੇਗਾ। ਇਹ ਵਿਚਾਰ ਪ੍ਰਗਟ ਕਰਦਿਆਂ ਸੀ ਪੀ ਆਈ ਐੱਮ ਪੰਜਾਬ ਦੇ ਸਕੱਤਰ ਕਾ.ਸੁਖਵਿੰਦਰ ਸਿੰਘ ਸੇਖੋਂ ਨੇ ਮੰਗ ਕੀਤੀ ਕਿ ਬਿਜਲੀ ਦਰਾਂ ਵਿੱਚ ਕੀਤਾ ਵਾਧਾ ਤੁਰੰਤ ਵਾਪਸ ਲਿਆ ਜਾਵੇ । ਕਾ. ਸੇਖੋਂ ਨੇ ਕਿਹਾ ਕਿ ਪੰਜਾਬ ਦੇ ਲੋਕ ਪਹਿਲਾਂ ਹੀ ਆਰਥਿਕ ਤੰਗੀ ਦਾ ਸ਼ਿਕਾਰ ਹਨ, ਅਜਿਹੀ ਸਥਿਤੀ ਵਿੱਚ ਬਿਜਲੀ ਦਰਾਂ ਵਿੱਚ ਕੀਤਾ ਜਾਣ ਵਾਲਾ ਵਾਧਾ ਲੋਕਾਂ ਨੂੰ ਹੋਰ ਪਰੇਸਾਨ ਕਰਨ ਵਾਲਾ ਹੈ। ਇਸਤੋਂ ਇਲਾਵਾ ਇਸ ਵਾਧੇ ਨਾਲ ਸੂਬੇ ਦੀ ਇੰਡਸਟਰੀ ਵੀ ਪ੍ਰਭਾਵਿਤ ਹੋਵੇਗੀ। ਉਹਨਾਂ ਕਿਹਾ ਕਿ ਪਹਿਲਾਂ ਹੀ ਬਹੁਤੀ ਇੰਡਸਟਰੀ ਪੰਜਾਬ ਤੋਂ ਬਾਹਰ ਜਾ ਚੁੱਕੀ ਹੈ, ਅਜਿਹੇ ਸਮੇਂ ਉਦਯੋਗ ਲਈ ਸਹੂਲਤਾਂ ਦੇਣ ਦੀ ਜਰੂਰਤ ਹੈ, ਪਰ ਰਾਜ ਸਰਕਾਰ ਦਾ ਇਸ ਪਾਸੇ ਕੋਈ ਧਿਆਨ ਨਹੀਂ ਹੈ। ਉਹਨਾਂ ਕਿਹਾ ਕਿ ਇੰਡਸਟਰੀ ਲਈ ਬਿਜਲੀ ਦਰਾਂ ਵਿੱਚ ਕੀਤੇ ਵਾਧੇ ਕਾਰਨ ਉੱਥੇ ਬਣਾਏ ਜਾਣ ਵਾਲੇ ਮਾਲ ਦੀ ਕੀਮਤ ਵੀ ਵਧੇਗੀ ਜਿਸਦਾ ਸਿੱਧਾ ਅਸਲ ਆਮ ਲੋਕਾਂ ਦੀਆਂ ਜੇਬਾਂ ਤੇ ਪਵੇਗਾ। ਸੂਬਾ ਸਕੱਤਰ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਇੱਕ ਸਾਜਿਸ ਤਹਿਤ ਇਹ ਵਾਧਾ ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਦੇ ਤੁਰੰਤ ਬਾਅਦ ਕੀਤਾ ਹੈ। ਉਹਨਾਂ ਕਿਹਾ ਕਿ ਇਸ ਵਾਧੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੇ ਲੋਕਾਂ ਨੂੰ ਸਹੂਲਤਾਂ ਦੇਣ ਦੇ ਉਹਨਾਂ ਵਾਅਦਿਆਂ ਦੀ ਫੂਕ ਨਿਕਲ ਗਈ ਹੈ, ਜੋ ਉਹ ਲੋਕ ਸਭਾ ਦੇ ਚੋਣ ਪ੍ਰਚਾਰ ਦੌਰਾਨ ਸਟੇਜਾਂ ਤੇ ਕਰਦੇ ਰਹੇ ਹਨ। ਕਾ.ਸੇਖੋਂ ਨੇ ਕਿਹਾ ਕਿ ਮਾਨ ਸਰਕਾਰ ਹੁਣ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ ਅਤੇ ਆਮ ਲੋਕਾਂ ਦਾ ਇਸਤੋਂ ਮੋਹ ਭੰਗ ਹੋ ਚੁੱਕਾ ਹੈ।