ਪ੍ਰੋ. ਅਜਮੇਰ ਸਿੰਘ ਔਲਖ ਦੀ ਯਾਦ ’ਚ ਵਿਚਾਰ-ਚਰਚਾ

* ਵਿਸ਼ਵ ਪ੍ਰਸਿੱਧ ਲੇਖਿਕਾ ਅਰੁੰਧਤੀ ਰਾਏ ’ਤੇ ਕੇਸ ਚਲਾਉਣ ਦੇ ਕਦਮ ਰੋਕਣ ਦੀ ਮੰਗ

ਜਲੰਧਰ : Manvir Singh Walia

15 ਜੂਨ 2017 ਨੂੰ ਪੰਜਾਬੀ ਲੋਕ-ਪੱਖੀ ਰੰਗ ਮੰਚ ਦੀ ਦੁਨੀਆਂ ਤੋਂ ਰੁਖ਼ਸਤ ਹੋਏ ਜਾਣੇ-ਪਹਿਚਾਣੇ ਨਾਟਕਕਾਰ ਪ੍ਰੋ. ਅਜਮੇਰ ਸਿੰਘ ਔਲਖ ਦੀ ਸਾਹਿਤਕ ਰੰਗ ਮੰਚੀ ਸਖ਼ਤ ਘਾਲਣਾ ਨੂੰ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਅੱਜ ਸੱਤਵੀਂ ਬਰਸੀ ਮੌਕੇ ਸਿਜਦਾ ਕੀਤਾ ਗਿਆ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ 19 ਅਗਸਤ 1942 ਨੂੰ ਪਿੰਡ ਫਰਵਾਹੀ ਵਿਖੇ ਮਾਂ ਹਰਨਾਮ ਕੌਰ ਅਤੇ ਪਿਤਾ ਕੌਰ ਸਿੰਘ ਦੇ ਘਰ ਪੈਦਾ ਹੋਏ ਅਜਮੇਰ ਸਿੰਘ ਨੇ ਬਾਲ ਉਮਰ ਤੋਂ ਹੀ ਮੁਜਾਰਾ ਪਰਿਵਾਰਾਂ ਦੀਆਂ ਦੁਸ਼ਵਾਰੀਆਂ ਹੱਡੀ ਹੰਢਾਈਆਂ। ਉਹਨਾਂ ਦੀ ਪੀੜ੍ਹ ਅਤੇ ਇਸ ਹਾਲਤ ਤੋਂ ਮੁਕਤੀ ਦੇ ਸਰੋਕਾਰ ਉਹਨਾਂ ਦੇ ਆਖਰੀ ਦਮ ਤੱਕ ਸਾਹਾਂ ਵਿੱਚ ਧੜਕਦੇ ਰਹੇ।
ਕਮੇਟੀ ਦੇ ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਇਤਿਹਾਸ ਕਮੇਟੀ ਦੇ ਕਨਵੀਨਰ ਹਰਵਿੰਦਰ ਭੰਡਾਲ, ਮਿਊਜ਼ੀਅਮ ਕਮੇਟੀ ਦੇ ਕਨਵੀਨਰ ਸੁਰਿੰਦਰ ਕੁਮਾਰੀ ਕੋਛੜ, ਕਮੇਟੀ ਮੈਂਬਰ ਗੁਰਮੀਤ ਸਿੰਘ, ਡਾ. ਤੇਜਿੰਦਰ ਵਿਰਲੀ, ਵਿਜੈ ਬੰਬੇਲੀ, ਡਾ. ਸੈਲੇਸ਼ ਤੋਂ ਇਲਾਵਾ ਪਰਮਜੀਤ ਸਮਰਾਏ ਨੇ ਪ੍ਰੋ. ਅਜਮੇਰ ਸਿੰਘ ਔਲਖ ਦੇ ਜੀਵਨ ਦੀਆਂ ਮਾਣ-ਮੱਤੀਆਂ ਪੈੜਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਉਹਨਾਂ ਨੇ ਦੱਬੇ ਕੁਚਲੇ ਲੋਕਾਂ ਅਤੇ ਧਰਤੀ ਦੀਆਂ ਧੀਆਂ ਦੇ ਪੀੜ੍ਹਾਂ ਦੇ ਪਰਾਗੇ ਰੰਗ ਮੰਚ ’ਤੇ ਬਹੁਤ ਹੀ ਕਮਾਲ ਦੀਆਂ ਨਾਟਕੀ ਯੁਗਤਾਂ ਨਾਲ ਪੇਸ਼ ਕੀਤੇ ਅਤੇ ਨਵੇਂ ਨਰੋਏ ਮਾਨਵੀ, ਜਮਹੂਰੀ ਕਦਰਾਂ ਕੀਮਤਾਂ ਸੰਗ ਲੱਦੇ ਹੋਏ ਖ਼ੂਬਸੂਰਤ ਸਮਾਜ ਦੀ ਸਿਰਜਣਾ ਲਈ ਜੂਝਦੇ ਸੰਗਰਾਮਾਂ ਦਾ ਰੰਗ ਮੰਚ ਨੂੰ ਸੰਗੀ ਸਾਥੀ ਬਣਾਉਣ ਲਈ ਜ਼ੋਰਦਾਰ ਉਪਰਾਲੇ ਕੀਤੇ।
ਬੁਲਾਰਿਆਂ ਕਿਹਾ ਕਿ ਅੱਜ ਪ੍ਰੋ. ਅਜਮੇਰ ਸਿੰਘ ਔਲਖ ਨੂੰ ਹਕੀਕੀ ਸ਼ਰਧਾਂਜ਼ਲੀ ਇਹੋ ਹੈ ਕਿ ਲੋਕਾਂ ਦੇ ਰੰਗ ਮੰਚ ਨੂੰ ਹਰ ਪੱਖੋਂ ਅਮੀਰ ਅਤੇ ਸੂਖ਼ਮ ਕਲਾਤਮਕ ਛੋਹਾਂ ਨਾਲ ਲੋਕਾਂ ਵਿੱਚ ਲਿਜਾਇਆ ਜਾਵੇ।
ਸਾਡੇ ਸਮਿਆਂ ਅੰਦਰ ਰੰਗ ਮੰਚ ਨੂੰ ਦਰਪੇਸ਼ ਚੁਣੌਤੀਆਂ, ਰੰਗ ਮੰਚ ਅਤੇ ਲੋਕਾਂ ਦੀ ਨਿੱਘੀ ਪ੍ਰੀਤ ਲਈ ਜੁਲਾਈ ਮਹੀਨੇ ਇੱਕ ਗੰਭੀਰ ਵਿਚਾਰ-ਚਰਚਾ ਕਰਨ ਬਾਰੇ ਵੀ ਵਿਚਾਰਿਆ ਗਿਆ ਜੋ ਕਿ 2024 ਦੇ ਮੇਲਾ ਗ਼ਦਰੀ ਬਾਬਿਆਂ ਦੇ ਨਿਵੇਕਲੇ ਰੰਗ ਖੇੜਨ ਲਈ ਸਹਾਈ ਹੋਏਗਾ।
ਮੀਟਿੰਗ ’ਚ ਇੱਕ ਵਿਸ਼ੇਸ਼ ਮਤੇ ਰਾਹੀਂ ਜ਼ੋਰਦਾਰ ਮੰਗ ਕੀਤੀ ਗਈ ਕਿ ਦਿੱਲੀ ਦੇ ਲੈਫਟੀਨੈਂਟ ਗਵਰਨਰ ਵੀ.ਕੇ.ਸਕਸੈਨਾ ਵੱਲੋਂ ਵਿਸ਼ਵ ਪ੍ਰਸਿੱਧ ਲੇਖਿਕਾ ਅਰੂੰਧਤੀ ਰਾਏ ਵਿਰੁੱਧ ਯੂ.ਏ.ਪੀ.ਏ. ਤਹਿਤ ਕੇਸ ਚਲਾਉਣ ਦੀ ਮਨਜ਼ੂਰੀ ਦੇਣ ਦੇ ਚੁੱਕੇ ਕਦਮ ਤੁਰੰਤ ਵਾਪਸ ਲਏ ਜਾਣ।
ਇਸ ਵਿਚਾਰ-ਚਰਚਾ ਮੌਕੇ ਕਵੀ ਸੁਰਜੀਤ ਪਾਤਰ ਅਤੇ ਗਾਇਕ ਕੁਲਦੀਪ ਜਲੂਰ ਨੂੰ ਵੀ ਸਿਜਦਾ ਕੀਤਾ ਗਿਆ।