ਬੁੱਧੀਜੀਵੀਆਂ ਦੇ ਹੱਕ ’ਚ ਜਲੰਧਰ ਵਿਖਾਵਾ * ਫੌਜਦਾਰੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ

Jalandhar-Manvir Singh Walia
ਵਿਸ਼ਵ ਪ੍ਰਸਿੱਧ ਲੇਖਕਾ ਅਰੁੰਧਤੀ ਰਾਏ, ਜਮਹੂਰੀ ਹੱਕਾਂ ਦੇ ਝੰਡਾ ਬਰਦਾਰ ਪ੍ਰੋ. ਸ਼ੌਕਤ ਹੁਸੈਨ ਉਪਰ ਯੂ.ਏ.ਪੀ.ਏ. ਤਹਿਤ ਕੇਸ ਮੜ੍ਹਨ ਦੀ ਮਨਜੂਰੀ ਰੱਦ ਕਰਨ, ਜਮਹੂਰੀ ਹੱਕਾਂ ਉਪਰ ਛਾਪੇ ਮਾਰਦੇ ਫੌਜਦਾਰੀ ਨਵੇਂ ਕਾਨੂੰਨ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਜਮਹੂਰੀ, ਤਰਕਸ਼ੀਲ, ਮਜ਼ਦੂਰ, ਕਿਸਾਨ, ਦੇਸ਼ ਭਗਤ, ਸਾਹਿਤ ਅਤੇ ਕਲਾ ਨਾਲ ਜੁੜੀਆਂ ਸੰਸਥਾਵਾਂ ਨੇ ਅੱਜ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿੱਚ ਗ਼ਦਰੀ ਬੀਬੀ ਗੁਲਾਬ ਕੌਰ ਹਾਲ ਵਿੱਚ ਗੰਭੀਰ ਵਿਚਾਰ-ਚਰਚਾ ਕਰਨ ਉਪਰ ਹਾਲ ਤੋਂ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਮਾਰਚ ਕਰਕੇ ਰਾਸ਼ਟਰਪਤੀ ਦੇ ਨਾਂਅ ਮੰਗ ਪੱਤਰ ਦਿੱਤਾ ਅਤੇ ਫੌਜਦਾਰੀ ਕਾਨੂੰਨਾਂ ਨੂੰ ਜਮਹੂਰੀ ਹੱਕਾਂ ’ਤੇ ਛਾਪਾ ਕਰਾਰ ਦਿੰਦੇ ਹੋਏ ਇਹਨਾਂ ਕਾਨੂੰਨਾਂ ਦੀਆਂ ਕਾਪੀਆਂ ਸਾੜਕੇ ਜ਼ਬਰਦਸਤ ਰੋਸ ਵਿਖਾਵਾ ਕੀਤਾ।
ਦੇਸ਼ ਭਗਤ ਯਾਦਗਾਰ ਹਾਲ ਵਿੱਚ ਹੋਈ ਵਿਚਾਰ-ਚਰਚਾ ਅਤੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਰੈਲੀ ਮੌਕੇ ਕਰਮਵਾਰ ਜਮਹੂਰੀ ਅਧਿਕਾਰ ਸਭਾ ਦੇ ਜਿਲ੍ਹਾ ਮੀਤ ਪ੍ਰਧਾਨ ਜਸਵਿੰਦਰ ਭੋਗਲ ਅਤੇ ਤਰਕਸ਼ੀਲ ਆਗੂ ਸੁਰਜੀਤ ਟਿੱਬਾ ਨੇ ਸੰਬੋਧਨ ਕੀਤਾ। ਜਮਹੂਰੀ ਅਧਿਕਾਰ ਸਭਾ ਦੇ ਜਿਲ੍ਹਾ ਸਕੱਤਰ ਡਾ. ਮੰਗਤ ਰਾਏ ਨੇ ਪੰਜਾਬ ਭਰ ਦੀਆਂ ਤਿੰਨ ਦਰਜਨ ਤੋਂ ਵੱਧ ਸੰਸਥਾਵਾਂ ਦੇ ਪ੍ਰਤੀਨਿੱਧਾਂ ਦੇ ਆਧਾਰ ’ਤੇ ਬਣੀ ਕਮੇਟੀ ਵੱਲੋਂ ਮੰਗ ਪੱਤਰ ਪੜ੍ਹਕੇ ਸੁਣਾਇਆ ਜੋ ਹਾਜ਼ਰ ਜੱਥੇਬੰਦੀਆਂ ਵੱਲੋਂ ਡਿਪਟੀ ਕਮਿਸ਼ਨਰ ਜਲੰਧਰ ਰਾਹੀਂ ਰਾਸ਼ਟਰਪਤੀ ਨੂੰ ਭੇਜਿਆ ਗਿਆ।
ਬੁਲਾਰਿਆਂ ਅਤੇ ਮੰਗ ਪੱਤਰ ਨਾਲ ਯਕਜਹਿਦੀ ਦਾ ਪ੍ਰਗਟਾਵਾ ਕਰਦਿਆਂ ਦਸਤਖ਼ਤ ਕਰਕੇ ਜਮਹੂਰੀ ਅਧਿਕਾਰ ਸਭਾ ਅਤੇ ਤਰਕਸ਼ੀਲ ਸੁਸਾਇਟੀ ਸਮੇਤ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੇ ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ, ਸੁਰਿੰਦਰ ਕੁਮਾਰੀ ਕੋਛੜ, ਚਰੰਜੀ ਲਾਲ ਕੰਗਣੀਵਾਲ, ਗੁਰਮੀਤ, ਪੰਜਾਬ ਲੋਕ ਸਭਿਆਚਾਰਕ ਮੰਚ ਦੇ ਪ੍ਰਧਾਨ ਅਮੋਲਕ ਸਿੰਘ, ਪੀਪਲਜ਼ ਵਾਇਸ ਦੇ ਡਾ. ਸੈਲੇਸ਼, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਮਾਲੜੀ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਮੋਹਣ ਸਿੰਘ ਬੱਲ ਨੇ ਕਿਹਾ ਕਿ ਲੋਕ-ਦੋਖੀ, ਗੈਰ ਜਮਹੂਰੀ ਕਾਨੂੰਨਾਂ ਖਿਲਾਫ਼ ਸਮੂਹ ਲੋਕ-ਪੱਖੀ ਸੰਸਥਾਵਾਂ ਅਤੇ ਲੋਕਾਂ ਨੂੰ ਸੰਘਰਸ਼ ਦੇ ਮੈਦਾਨ ਵਿੱਚ ਨਿੱਤਰਨਾ ਪਵੇਗਾ।
ਅੱਜ ਦੀ ਇਕੱਤਰਤਾ ਨੇ ਜ਼ੋਰ ਦੇ ਕੇ ਕਿਹਾ ਕਿ ਗ਼ਦਰੀ ਦੇਸ਼ ਭਗਤਾਂ, ਕੂਕਾ ਲਹਿਰ, ਬੱਬਰ ਅਕਾਲੀ, ਕਿਰਤੀ ਲਹਿਰ, ਆਜ਼ਾਦ ਹਿੰਦ ਫੌਜ ਅਤੇ ਨੌਜਵਾਨ ਭਾਰਤ ਸਭਾ ਵਰਗੀਆਂ ਜੱਥੇਬੰਦੀਆਂ ਨੇ ਅਥਾਹ ਕੁਰਬਾਨੀਆਂ ਕਰਕੇ ਜਿਹੋ ਜਿਹੇ ਆਜ਼ਾਦ, ਜਮਹੂਰੀ ਰਾਜ ਅਤੇ ਸਮਾਜ ਦਾ ਸੁਪਨਾ ਆਪਣੀਆਂ ਅੱਖੀਆਂ ਵਿੱਚ ਸਮੋਇਆ ਸੀ, ਕੇਂਦਰ ਦੀ ਭਾਜਪਾ ਹਕੂਮਤ ਉਹਨਾਂ ਆਜ਼ਾਦੀ ਸੰਗਰਾਮੀਆਂ ਦੀਆਂ ਕੁਰਬਾਨੀਆਂ ਨੂੰ ਮੇਸਦੀ ਹੋਈ ਨੰਗੀ ਚਿੱਟੀ ਫ਼ਿਰਕੂ ਫਾਸ਼ੀ ਤਾਨਾਸ਼ਾਹੀ ਵੱਲ ਤੇਜ਼ੀ ਨਾਲ ਕਦਮ ਵਧਾ ਰਹੀ ਹੈ, ਜਿਸਨੂੰ ਕਿਸੇ ਵੀ ਕੀਮਤ ਤੇ ਮੁਲਕ ਦੇ ਲੋਕ ਸਹਿਣ ਨਹੀਂ ਕਰਨਗੇ।
ਰੈਲੀ ਵਿੱਚ ਐਲਾਨ ਕੀਤਾ ਗਿਆ ਕਿ 21 ਜੁਲਾਈ ਨੂੰ ਦੇਸ਼ ਭਗਤ ਯਾਦਗਾਰ ਹਾਲ ਵਿੱਚ ਸੂਬਾਈ ਸਾਂਝੀ ਕਮੇਟੀ ਵੱਲੋਂ ਕੀਤੀ ਜਾ ਰਹੀ ਸੂਬਾਈ ਰੈਲੀ ਅਤੇ ਰੋਸ ਵਿਖਾਵੇ ਨੂੰ ਸਫ਼ਲ ਕਰਨ ਲਈ ਪੂਰਾ ਤਾਣ ਲਾਇਆ ਜਾਏਗਾ।