ਲਾਇਲਪੁਰ ਖ਼ਾਲਸਾ ਕਾਲਜ ਵਿਖੇ ਲੋਕਨਾਚ ਭੰਗੜਾ ਕੈਂਪ ਸ਼ਾਨੋ-ਸ਼ੌਕਤ ਨਾਲ ਸੰਪੰਨ

Jalandhar-Manvir Singh Walia

ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਖੇ ਪੰਜਾਬੀ ਲੋਕਨਾਚ ਭੰਗੜੇ ਨੂੰ ਪ੍ਰਫੁੱਲਿਤ ਕਰਨ ਦੇ ਮਕਸਦ ਨਾਲ ਮਿਤੀ 11.07.2024 ਤੋਂ 20.07.2024 ਤੱਕ ਦੱਸ ਰੋਜ਼ਾ ਲੋਕਨਾਚ ਭੰਗੜਾ ਟ੍ਰੇਨਿੰਗ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਤਿੰਨ ਸਾਲ ਤੋਂ ਲੈ ਕੇ 60 ਸਾਲ ਤੱਕ ਦੀ ਉਮਰ ਦੇ 400 ਤੋਂ ਵੱਧ ਭੰਗੜਾ ਪ੍ਰੇਮੀਆਂ ਨੇ ਭਾਗ ਲਿਆ। ਲੋਕਨਾਚ ਭੰਗੜਾ ਕੈਂਪ ਦੇ ਅੰਤਿਮ ਦਿਨ ਡਾ. ਅਮਨਦੀਪ ਸਿੰਘ, ਡਾਇਰੈਕਟਰ ਯੁਵਕ ਭਲਾਈ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ, ਜਿਨ੍ਹਾਂ ਦਾ ਸੁਆਗਤ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਗੁਲਦਸਤੇ ਦੇ ਕੇ ਕੀਤਾ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਮੁੱਖ ਮਹਿਮਾਨ ਦੀ ਸ਼ਖਸੀਅਤ ਬਾਰੇ ਬੋਲਦਿਆਂ ਦੱਸਿਆ ਕਿ ਡਾ. ਅਮਨਦੀਪ ਸਿੰਘ ਦਾ ਪੰਜਾਬੀ ਸਭਿਆਚਰ ਅਤੇ ਵਿਰਾਸਤ ਨੂੰ ਪ੍ਰਫੁੱਲਿਤ ਕਰਨ ਵਿੱਚ ਵਡਮੁੱਲਾ ਯੋਗਦਾਨ ਹੈ। ਉਹਨਾਂ ਇਹ ਵੀ ਕਿਹਾ ਕਿ ਭੰਗੜਾ ਕੈਂਪ ਵਿੱਚ ਸਾਰੇ ਹੀ ਭੰਗੜਾ ਪ੍ਰੇਮੀਆਂ ਨੇ ਬੜਾ ਉਤਸ਼ਾਹ ਦਿਖਾਇਆ ਅਤੇ ਪੂਰੀ ਲਗਨ ਤੇ ਤਨਦੇਹੀ ਨਾਲ ਭੰਗੜਾ ਸਿੱਖਿਆ। ਉਹਨਾਂ ਕਿਹਾ ਕਿ ਇਸ ਕੈਂਪ ਦਾ ਮੁੱਖ ਮਨੋਰਥ ਨਵੀਆਂ ਪੀੜ੍ਹੀਆਂ ਨੂੰ ਵਿਰਾਸਤ ਨਾਲ ਜੋੜ੍ਹਨਾ ਵੀ ਹੈ। ਮੁੱਖ ਮਹਿਮਾਨ ਡਾ. ਅਮਨਦੀਪ ਸਿੰਘ ਨੇ ਲੋਕਨਾਚ ਭੰਗੜੇ ਦਾ ਇਤਿਹਾਸ ਤੇ ਵਿਰਾਸਤ ਦੱਸਦੇ ਹੋਏ ਹਰ ਉਮਰ ਤੇ ਹਰ ਵਰਗ ਦੇ ਸਿਖਿਆਰਥੀਆਂ ਨੂੰ ਸਰੀਰਿਕ ਤੇ ਮਾਨਸਿਕ ਤੌਰ ਤੇ ਤੰਦਰੁਸਤ ਰਹਿਣ ਲਈ ਭੰਗੜੇ ਨਾਲ ਜੁੜਨ ਲਈ ਪ੍ਰੇਰਨਾ ਦਿੱਤੀ। ਇਸ ਮੌਕੇ ਡਾ. ਪਲਵਿੰਦਰ ਸਿੰਘ, ਡੀਨ ਕਲਚਰਲ ਅਫੇਅਰਜ਼ ਨੇ ਕਿਹਾ ਕਿ ਭੰਗੜਾ ਸਿਖਣ ਲਈ ਲੋਕਾਂ ਨੇ ਭਾਰੀ ਉਤਸ਼ਾਹ ਵਿਖਾਇਆ ਹੈ। ਉਨ੍ਹਾਂ ਕਿਹਾ ਕਿ ਕਾਲਜ ਦੀ ਭੰਗੜਾ ਅਤੇ ਗਿੱਧਾ ਟੀਮਾਂ ਦੇ ਵਿਦਿਆਰਥੀ ਵੱਖ-ਵੱਖ ਸਕੂਲਾਂ, ਕਾਲਜਾਂ, ਸ਼ਹਿਰੀ ਤੇ ਪੇਂਡੂ ਸੋਸਾਇਟੀਆਂ ਦੇ ਸਹਿਯੋਗ ਨਾਲ ਭੰਗੜਾ ਕੈਂਪ ਲਗਾ ਕੇ ਇਸ ਨੂੰ ਪ੍ਰਫੁੱਲਤ ਕਰ ਰਹੇ ਹਨ। ਇਸ ਮੌਕੇ ਆਏ ਹੋਏ ਮਹਿਮਾਨਾਂ ਅਤੇ ਭੰਗੜੇ ਦੇ ਪੁਰਾਣੇ ਵਿਦਿਆਰਥੀਆਂ ਵਲੋਂ ਭੰਗੜੇ ਦੀ ਪੇਸ਼ਕਾਰੀ ਕੀਤੀ ਗਈ। ਮੁੱਖ ਮਹਿਮਾਨ ਅਤੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਵਲੋਂ ਸਾਰੇ ਸਿਖਾਂਦਰੂ ਭੰਗੜਾ ਪ੍ਰੇਮੀਆਂ ਨੂੰ ਸਰਟੀਫਿਕੇਟ ਤਕਸੀਮ ਕੀਤੇ ਗਏ। ਇਸ ਮੌਕੇ ਮੰਚ ਸੰਚਾਲਨ ਪ੍ਰੋ. ਸਤਪਾਲ ਸਿੰਘ ਵਲੋਂ ਕੀਤਾ ਗਿਆ। ਕੈਂਪ ਦੇ ਅਖੀਰ ਵਿਚ ਡਾ. ਪਲਵਿੰਦਰ ਸਿੰਘ ਬੋਲੀਨਾ ਵਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਤੋਂ ਇਲਾਵਾ ਪ੍ਰੋ. ਸੁਖਦੇਵ ਸਿੰਘ ਮੁਖੀ ਸੰਗੀਤ ਵਿਭਾਗ, ਡਾ. ਅਜੀਤਪਾਲ ਸਿੰਘ, ਪ੍ਰੋ. ਮਨੀਸ਼ ਗੋਇਲ, ਡਾ. ਰਵਨੀਤ ਕੌਰ, ਡਾ. ਹਰਜਿੰਦਰ ਕੌਰ, ਪ੍ਰੋ. ਨਵਨੀਤ ਕੌਰ, ਪ੍ਰੋ. ਸੋਨੂੰ ਗੁਪਤਾ, ਪ੍ਰੋ. ਮਨਦੀਪ ਸਿੰਘ, ਪ੍ਰੋ. ਕਿਰਨਦੀਪ ਕੌਰ, ਪ੍ਰੋ. ਸੰਦੀਪ ਚੀਮਾ, ਪ੍ਰੋ. ਵਿਨੀਤ ਕੁਮਾਰ ਗੁਪਤਾ ਅਤੇ ਸ੍ਰੀ ਸੁਰਿੰਦਰ ਕੁਮਾਰ ਚਲੌਤਰਾ ਪੀ.ਏ. ਟੂ ਪ੍ਰਿੰਸੀਪਲ ਵੀ ਹਾਜ਼ਰ ਸਨ।