ਮਾਨ ਸਰਕਾਰ ਦੀਆਂ ਫ਼ਸਲੀ ਵਿਭਿੰਨਤਾ ਪਹਿਲਕਦਮੀਆਂ ਨੂੰ ਬੂਰ ਪੈਣ ਲੱਗਾ, ਕਿਸਾਨ ਲੈ ਰਹੇ ਭਰਪੂਰ ਲਾਹਾ

* ਸੂਬੇ ਵਿੱਚ ਬਾਗ਼ਬਾਨੀ ਅਧੀਨ ਰਕਬਾ 4,39,210 ਹੈਕਟੇਅਰ ਤੋਂ ਵਧ ਕੇ 4,81,616 ਹੈਕਟੇਅਰ ਹੋਇਆ

ਚੰਡੀਗੜ੍ਹ, 26 ਜੁਲਾਈ : Manvir Singh Walia

ਪੰਜਾਬ ਦੇ ਬਾਗ਼ਬਾਨੀ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਫ਼ਸਲੀ ਵਿਭਿੰਨਤਾ ਲਈ ਕੀਤੇ ਜਾ ਰਹੇ ਯਤਨਾਂ ਨੂੰ ਬੂਰ ਪੈਣ ਲੱਗਾ ਹੈ ਅਤੇ ਬਾਗ਼ਬਾਨੀ ਅਧੀਨ ਰਕਬੇ ਵਿੱਚ ਵੱਡਾ ਵਾਧਾ ਦਰਜ ਕੀਤਾ ਗਿਆ ਹੈ।

ਸ. ਚੇਤਨ ਸਿੰਘ ਜੌੜਾਮਾਜਰਾ ਨੇ ਬਾਗ਼ਬਾਨੀ ਖੇਤਰ ਵਿੱਚ ਪਿਛਲੇ 28 ਮਹੀਨਿਆਂ ਦੌਰਾਨ ਹੋਏ ਵਾਧੇ ਦੇ ਅੰਕੜੇ ਪੇਸ਼ ਕਰਦਿਆਂ ਦੱਸਿਆ ਕਿ ਮਾਨ ਸਰਕਾਰ ਵੱਲੋਂ ਮਾਰਚ 2022 ਵਿੱਚ ਸੱਤਾ ਸੰਭਾਲਣ ਤੋਂ ਲੈ ਕੇ ਹੁਣ ਤੱਕ ਬਾਗ਼ਬਾਨੀ ਹੇਠ ਕੁੱਲ ਰਕਬਾ 42,406 ਹੈਕਟੇਅਰ ਤੱਕ ਵਧਿਆ ਹੈ। ਉਨ੍ਹਾਂ ਦੱਸਿਆ ਕਿ ਮਾਰਚ 2022 ਤੋਂ ਪਹਿਲਾਂ ਬਾਗ਼ਬਾਨੀ ਹੇਠ ਰਕਬਾ 4,39,210 ਹੈਕਟੇਅਰ ਸੀ, ਜੋ ਹੁਣ ਵਧ ਕੇ 4,81,616 ਹੈਕਟੇਅਰ ਹੋ ਗਿਆ ਹੈ ਅਤੇ ਇਹ ਫ਼ਸਲੀ ਵਿਭਿੰਨਤਾ ਅਧੀਨ ਅਹਿਮ ਪ੍ਰਗਤੀ ਦਾ ਸੰਕੇਤ ਹੈ।

ਕੈਬਨਿਟ ਮੰਤਰੀ ਨੇ ਵਿਸਥਾਰ ਨਾਲ ਦੱਸਿਆ ਕਿ ਪਿਛਲੇ 28 ਮਹੀਨਿਆਂ ਦੌਰਾਨ ਫ਼ਲਾਂ ਦੀ ਕਾਸ਼ਤ ਅਧੀਨ ਰਕਬਾ 6,475 ਹੈਕਟੇਅਰ ਦੇ ਵਾਧੇ ਨਾਲ 96,686 ਹੈਕਟੇਅਰ ਤੋਂ ਵਧ ਕੇ 1,03,161 ਹੈਕਟੇਅਰ ਹੋ ਗਿਆ ਹੈ, ਜਦ ਕਿ ਸਬਜ਼ੀਆਂ ਦੀ ਕਾਸ਼ਤ ਅਧੀਨ ਰਕਬਾ 35,009 ਹੈਕਟੇਅਰ ਦੇ ਵੱਡੇ ਵਾਧੇ ਨਾਲ 3,21,466 ਹੈਕਟੇਅਰ ਤੋਂ ਵਧ ਕੇ 3,56,465 ਹੈਕਟੇਅਰ ਹੋ ਗਿਆ ਹੈ।

ਸ. ਚੇਤਨ ਸਿੰਘ ਜੌੜਾਮਾਜਰਾ ਨੇ ਖੁੰਬਾਂ ਦੀ ਕਾਸ਼ਤ, ਮੇਂਥਾ ਤੇਲ ਅਤੇ ਹਲਦੀ ਦੇ ਉਤਪਾਦਨ ਵਿੱਚ ਵਾਧੇ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਸਜਾਵਟੀ ਫੁੱਲਾਂ ਦੀ ਕਾਸ਼ਤ ਅਧੀਨ ਰਕਬਾ 1,728 ਹੈਕਟੇਅਰ ਤੋਂ ਵੱਧ ਕੇ 2,050 ਹੈਕਟੇਅਰ ਹੋ ਗਿਆ ਹੈ।

ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਅੰਕੜੇ ਬਾਗ਼ਬਾਨੀ ਵਿਭਾਗ ਦੇ ਅਣਥੱਕ ਯਤਨਾਂ ਅਤੇ ਪੰਜਾਬ ਵਿੱਚ ਖੇਤੀਬਾੜੀ ਵਿਭਿੰਨਤਾ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਦੂਰ-ਦਰਸ਼ੀ ਸੋਚ ਦੀ ਸਫ਼ਲਤਾ ਨੂੰ ਦਰਸਾਉਂਦੇ ਹਨ। ਉਨ੍ਹਾਂ ਕਿਹਾ ਕਿ ਫ਼ਸਲੀ ਵਿਭਿੰਨਤਾ ਅਧੀਨ ਬਾਗ਼ਬਾਨੀ ਦੀ ਕਾਸ਼ਤ ਵਿੱਚ ਵਾਧਾ ਟਿਕਾਊ ਖੇਤੀ ਅਤੇ ਸੂਬੇ ਦੇ ਕਿਸਾਨਾਂ ਦੀ ਆਮਦਨ ਨੂੰ ਵਧਾਉਣ ਵਿੱਚ ਅਹਿਮ ਸਿੱਧ ਹੋਵੇਗਾ।

ਉਨ੍ਹਾਂ ਕਿਹਾ ਕਿ ਬਾਗ਼ਬਾਨੀ ਦੇ ਰਕਬੇ ਹੇਠ ਇਹ ਵਾਧਾ ਪੰਜਾਬ ਸਰਕਾਰ ਵੱਲੋਂ ਫ਼ਸਲੀ ਵਿਭਿੰਨਤਾ ਨੂੰ ਹੁਲਾਰਾ ਦੇਣ ਅਤੇ ਕਿਸਾਨਾਂ ਨੂੰ ਬਦਲਵੀਆਂ, ਮੁਨਾਫ਼ੇ ਵਾਲੀਆਂ ਫ਼ਸਲਾਂ ਦੀ ਕਾਸ਼ਤ ਨੂੰ ਅਪਣਾਉਣ ਵਾਸਤੇ ਉਤਸ਼ਾਹਿਤ ਲਈ ਕੀਤੇ ਜਾ ਰਹੇ ਅਣਥੱਕ ਯਤਨਾਂ ਦਾ ਸਬੂਤ ਹੈ।

ਬਾਗ਼ਬਾਨੀ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਫ਼ਸਲੀ ਵਿਭਿੰਨਤਾ ਨੂੰ ਹੁਲਾਰਾ ਦੇਣ ਅਤੇ ਬਾਗ਼ਬਾਨੀ ਨੂੰ ਉਤਸ਼ਾਹਿਤ ਕਰਨ ਲਈ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਹਾਲ ਹੀ ਵਿੱਚ ਸੋਧੇ ਹੋਏ ਨਵੇਂ ਨਰਸਰੀ ਨਿਯਮ ਵੀ ਜਾਰੀ ਕੀਤੇ ਹਨ।

———-