ਗਦਰੀ ਦੇਸ਼ ਭਗਤਾਂ ਦੇ ਵਿਹੜੇ ਵਿੱਚ ਅੱਜ ਸੀਟੂ ਦੇ ਕੌਮੀ ਪ੍ਰਧਾਨ ਡਾਕਟਰ ਹੇਮ ਲਤਾ ਅਤੇ ਜਨਰਲ ਸਕੱਤਰ ਤਪਨ ਸੇਨ ਪਹੁੰਚੇ

Jalandhar-Manvir Singh Walia

ਗਦਰੀ ਦੇਸ਼ ਭਗਤਾਂ ਦੇ ਵਿਹੜੇ ਵਿੱਚ ਅੱਜ ਸੀਟੂ ਦੇ ਕੌਮੀ ਪ੍ਰਧਾਨ ਡਾਕਟਰ ਹੇਮ ਲਤਾ ਅਤੇ ਜਨਰਲ ਸਕੱਤਰ ਤਪਨ ਸੇਨ ਪਹੁੰਚੇ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਦਫ਼ਤਰ ਜਲੰਧਰ ਵਿਖੇ ਉਨ੍ਹਾਂ ਦੇ ਸੁਆਗਤ ਲਈ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਪਿਰਥੀਪਾਲ ਸਿੰਘ ਮਾੜੀਮੇਘਾ, ਕਮੇਟੀ ਦੇ ਖਜ਼ਾਨਚੀ ਇੰਜੀਨੀਅਰ ਸੀਤਲ ਸਿੰਘ ਸੰਘਾ, ਟਰੱਸਟੀ ਮੰਗਤ ਰਾਮ ਫਾਸਲਾ, ਟਰੱਸਟੀ ਰਣਜੀਤ ਸਿੰਘ ਔਲਖ, ਕਮੇਟੀ ਮੈਂਬਰ ਸੁਖਵਿੰਦਰ ਸਿੰਘ ਸੇਖੋਂ ਤੇ ਕਮੇਟੀ ਮੈਂਬਰ ਭੈਣ ਕ੍ਰਿਸ਼ਨਾਂ ਜੀ ਬੈਠੇ ਹੋਏ ਸਨ। ਕੇਂਦਰੀ ਆਗੂਆਂ ਦੇ ਆਉਣ ਤੇ ਦੇਸ਼ ਭਗਤ ਯਾਦਗਾਰ ਕੰਪਲੈਕਸ ਦੇ ਇਤਿਹਾਸ ਤੇ ਭਵਿੱਖ ਦੇ ਕਾਰਜਾਂ ਬਾਰੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਗਈ। ਜਦੋਂ ਉਨ੍ਹਾਂ ਨੂੰ ਇਹ ਦੱਸਿਆ ਗਿਆ ਕਿ ਇਹ ਸਥਾਨ ਅਗਾਂਹਵਧੂ ਵਿਚਾਰਾਂ ਵਾਲਿਆਂ ਇੱਕ ਮਹੱਤਵਪੂਰਨ ਕੇਂਦਰ ਬਨ ਗਿਆ ਹੈ। ਇਸ ਕੰਪਲੈਕਸ ਦੇ ਵਿੱਚ ਛੋਟੇ ਤੇ ਵੱਡੇ ਹਾਲ ਹਨ ਤੇ ਰਹਾਇਸ਼ ਦਾ ਵੀ ਪੂਰਾ ਪ੍ਰਬੰਧ ਹੈ ਅਤੇ ਜਿਹੜੇ ਮੁਲਾਜ਼ਮ, ਆਹੁਦੇਦਾਰ, ਕਮੇਟੀ ਮੈਂਬਰ ਅਤੇ ਆਰਜ਼ੀ ਤੌਰ ਤੇ ਮਜ਼ਦੂਰ ਵੀ ਇਥੇ ਕੰਮ ਕਰਦੇ ਹਨ ਉਹ ਸਾਰੇ ਇਥੋਂ ਲੰਗਰ ਖਾਂਦੇ। ਉਨ੍ਹਾਂ ਤੋਂ ਪੈਸਾ ਕੋਈ ਨਹੀਂ ਲਿਆ ਜਾਂਦਾ। ਮਜ਼ਦੂਰਾਂ ਨੂੰ ਦਿਹਾੜੀ ਵੀ ਪੂਰੀ ਦਿੱਤੀ ਜਾਂਦੀ ਹੈ। ਇਹ ਸੁਣ ਕੇ ਉਹ ਬਹੁਤ ਖੁਸ਼ ਹੋਏ। ਉਨ੍ਹਾਂ ਨੂੰ ਇਹ ਵੀ ਦੱਸਿਆ ਗਿਆ ਕਿ ਹਰ ਸਾਲ ਇਥੇ ਗ਼ਦਰ ਬਾਬਿਆਂ ਦਾ ਮੇਲਾ ਅਯੋਜਿਤ ਕੀਤਾ ਜਾਂਦਾ ਹੈ ਅਤੇ ਨਾਮਵਰ ਸ਼ਖ਼ਸੀਅਤਾਂ ਮੇਲੇ ਵਿੱਚ ਆਪਣੇ ਵਿਚਾਰ ਰੱਖਦੀਆਂ ਹਨ। ਆਮ ਤੌਰ ਤੇ ਇਹ ਮੇਲਾ 30-31 ਅਕਤੂਬਰ ਤੇ ਪਹਿਲੀ ਨਵੰਬਰ ਨੂੰ ਹੁੰਦਾ ਸੀ ਪਰ ਐਸ ਵਾਰ ਦਿਵਾਲੀ ਆਉਣ ਕਰਕੇ ਮੇਲਾ 7-8-9 ਨਵੰਬਰ ਨੂੰ ਲੱਗ ਰਿਹਾ ਹੈ। ਇਸ ਦੇ ਖਰਚੇ ਦਾ ਪ੍ਰਬੰਧ ਕਮੇਟੀ ਮੈਂਬਰ ਕਰਦੇ ਹਨ ਭਾਵ ਆਪਦੇ ਕੋਲੋਂ ਵੀ ਪਾਉਂਦੇ ਅਤੇ ਉਗਰਾਹੀ ਵੀ ਕਰਦੇ ਹਨ। ਜਦੋਂ ਇਹ ਵਿਚਾਰ ਸਾਹਮਣੇ ਆਇਆ ਤੇ ਉਸੇ ਵੇਲੇ ਕਾਮਰੇਡ ਮੰਗਤ ਰਾਮ ਪਾਸਲਾ ਜੀ ਨੇ 26000 ਹਜ਼ਾਰ ਦੇ ਕਰੀਬ ਪੈਸਾ ਕੱਢਿਆ ਤੇ ਕਮੇਟੀ ਮੈਂਬਰਾਂ ਦੇ ਹਵਾਲੇ ਕਰ ਦਿੱਤਾ। ਇਹ ਪੈਸੇ ਉਨ੍ਹਾਂ ਨੇ ਕਿਸੇ ਕਾਮਰੇਡ ਦੇ ਭੋਗ ਤੇ ਅਪੀਲ ਕਰਕੇ ਉਗਰਾਹੇ ਸਨ। ਕੇਂਦਰੀ ਆਗੂਆਂ ਡਾਕਟਰ ਹੇਮਲਤਾ ਤੇ ਤਪਨ ਸੇਨ ਨੂੰ ਗਦਰ ਪਾਰਟੀ ਦੇ ਇਤਿਹਾਸ ਨਾਲ ਜੁੜੀਆਂ ਪੁਸਤਕਾਂ ਦੇ ਕੇ ਸਨਮਾਨਤ ਕੀਤਾ ਗਿਆ।
ਪਿਰਥੀਪਾਲ ਸਿੰਘ ਮਾੜੀਮੇਘਾ