ਸੀਪੀਆਈ ( ਐਮ ) ਦੇ ਪੰਜਵੇਂ ਜਨਰਲ ਸਕੱਤਰ ਕਾਮਰੇਡ ਸੀਤਾ ਰਾਮ ਯੈਚੁਰੀ ਦੀ ਬੇਵਕਤ ਮੌਤ ਤੇ ਕਾਮਰੇਡ ਤੱਗੜ , ਗੁਰਚੇਤਨ ਅਤੇ ਬੀਬੀ ਤੱਗੜ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ

ਜ਼ਿਲ੍ਹੇ ਦੇ ਸਮੂਹ ਸਾਥੀਆਂ ਨੂੰ 28 ਸਤੰਬਰ ਨੂੰ ਨਵੀਂ ਦਿੱਲੀ ਵਿਖੇ ਹੋ ਰਹੇ ਸ਼ਰਧਾਂਜਲੀ ਸਮਾਗਮ ਵਿੱਚ ਪੁੱਜਣ ਦੀ ਅਪੀਲ

ਜਲੰਧਰ 17 ਸਤੰਬਰ :Manvir Singh Walia

 ਸੀਪੀਆਈ ( ਐਮ ) ਦੇ ਪੰਜਵੇਂ ਜਨਰਲ ਸਕੱਤਰ ਕਾਮਰੇਡ ਸੀਤਾ ਰਾਮ ਯੈਚੁਰੀ ਦੀ ਬੇਵਕਤ ਅਤੇ ਅਚਾਨਕ ਮੌਤ ਉੱਤੇ ਸੂਬਾ ਸਕੱਤਰੇਤ ਮੈਂਬਰ ਅਤੇ ਜ਼ਿਲ੍ਹਾ ਸਕੱਤਰ ਕਾਮਰੇਡ ਲਹਿੰਬਰ ਸਿੰਘ ਤੱਗੜ , ਸੂਬਾ ਕਮੇਟੀ ਮੈਂਬਰ ਕਾਮਰੇਡ ਗੁਰਚੇਤਨ ਸਿੰਘ ਬਾਸੀ ਅਤੇ ਜ਼ਿਲ੍ਹਾ ਸਕੱਤਰੇਤ ਮੈਂਬਰ ਬੀਬੀ ਗੁਰਪਰਮਜੀਤ ਕੌਰ ਤੱਗੜ ਵੱਲੋਂ ਗਹਿਰੇ ਦੁੱਖ , ਭਾਰੀ ਅਫਸੋਸ ਅਤੇ ਦਿੱਲੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ ਹੈ। ਕਾਮਰੇਡ ਤੱਗੜ ਵੱਲੋਂ ਜਾਰੀ ਕੀਤੇ ਗਏ ਲਿਖਤੀ ਪ੍ਰੈਸ ਨੋਟ ਵਿੱਚ ਦੱਸਿਆ ਗਿਆ ਕਿ ਕਾਮਰੇਡ ਯੈਚੁਰੀ  ਸੀਪੀਆਈ ( ਐਮ ) ਦੇ ਪੰਜਵੇਂ ਜਨਰਲ ਸਕੱਤਰ ਸਨ ਅਤੇ ਉਨਾਂ ਤੋਂ ਪਹਿਲਾਂ ਕਾਮਰੇਡ ਪੀ. ਸੁੰਦਰੱਈਆ , ਈ ਐਮ ਐਸ ਨੰਬੂਦਰੀਪਾਦ , ਹਰਕਿਸ਼ਨ ਸਿੰਘ ਸੁਰਜੀਤ ਅਤੇ ਪ੍ਰਕਾਸ਼ ਕਰਾਟ ਇਹ ਮਹੱਤਵਪੂਰਨ ਜਿੰਮੇਵਾਰੀ ਨਿਭਾ ਚੁੱਕੇ ਸਨ । ਕਾਮਰੇਡ ਸੀਤਾ ਰਾਮ ਯੈਚੁਰੀ ਨੇ ਸੀਪੀਆਈ ( ਐਮ ) ਦੇ ਜਨਰਲ ਸਕੱਤਰ ਦੀ ਜਿੰਮੇਵਾਰੀ ਅਪ੍ਰੈਲ 2015 ਵਿੱਚ ਉਸ ਗੰਭੀਰ ਸਮੇਂ ਤੇ ਸੰਭਾਲੀ ਜਦੋਂ ਪਾਰਟੀ ਨੂੰ ਸਿਆਸੀ ਤੌਰ ਤੇ ਵੱਡੇ ਝਟਕੇ ਲੱਗ ਚੁੱਕੇ ਸਨ । ਵੱਡੇ ਝਟਕਿਆਂ ਦੇ ਬਾਵਜੂਦ ਕਾਮਰੇਡ ਯੈਚੁਰੀ ਦੀ ਅਗਵਾਈ ਵਿੱਚ ਪਾਰਟੀ ਨੇ ਬੀਜੇਪੀ ਸਰਕਾਰ ਦੀ ਫਿਰਕੂ ਫਾਸ਼ੀ ਨੀਤੀਆਂ ਵਿਰੁੱਧ ਮਹੱਤਵਪੂਰਨ ਰੋਲ ਅਦਾ ਕੀਤਾ ਅਤੇ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਬੀਜੇਪੀ ਵਿਰੋਧੀ ‘ ਇੰਡੀਆ ਗਠਜੋੜ ‘ਸਥਾਪਿਤ ਕਰਨ ਵਿੱਚ ਸਫਲਤਾ ਹਾਸਿਲ ਕੀਤੀ ।  ਕਾਮਰੇਡ ਤੱਗੜ ਨੇ ਅੱਗੇ ਦੱਸਿਆ ਕਿ ਸੀਤਾਰਾਮ ਨਾਲ ਮੇਰੇ ਸੰਬੰਧ 1974 ਤੋਂ ਹੀ ਬਣ ਗਏ ਸਨ ਜਦੋਂ ਉਹ ਐਸਐਫਆਈ ਵਿੱਚ ਸ਼ਾਮਿਲ ਹੋ ਕੇ ਲਗਾਤਾਰ ਤਿੰਨ ਵਾਰ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਚੁਣੇ ਜਾਂਦੇ ਰਹੇ।  1977 ਵਿੱਚ ਜਦੋਂ ਸ੍ਰੀਮਤੀ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਨਾ ਰਹੇ ਤਾਂ ਕਾਮਰੇਡ ਸੀਤਾ ਰਾਮ ਯੈਚੁਰੀ ਦੀ ਅਗਵਾਈ ਵਿੱਚ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਸ਼੍ਰੀਮਤੀ ਗਾਂਧੀ ਦੀ ਰਿਹਾਇਸ਼ ਸਾਹਮਣੇ ਜ਼ੋਰਦਾਰ ਪ੍ਰਦਰਸ਼ਨ ਕਰਕੇ ਉਨਾਂ ਨੂੰ ਯੂਨੀਵਰਸਿਟੀ ਦੇ ਚਾਂਸਲਰ ਦੇ ਪਦ ਤੋਂ ਅਸਤੀਫਾ ਦੇਣ ਲਈ ਮਜ਼ਬੂਰ ਕਰ ਦਿੱਤਾ ਸੀ ।

ਉਹਨਾਂ ਦੀ ਬੇਵਕਤੀ ਮੌਤ ਤੇ ਦੇਸ਼ ਦੇ ਰਾਸ਼ਟਰਪਤੀ , ਪ੍ਰਧਾਨ ਮੰਤਰੀ , ਲੋਕ ਸਭਾ ਦੇ ਸਪੀਕਰ ਤੋਂ ਲੈ ਕੇ ਦੇਸ਼ ਦੀਆਂ ਲਗਭਗ ਸਾਰੀਆਂ ਪਾਰਟੀਆਂ ਦੇ ਸਿਖਰਲੇ ਆਗੂਆਂ , ਮੁੱਖ ਮੰਤਰੀਆਂ ਤੱਕ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਇੱਥੇ ਹੀ ਬੱਸ ਨਹੀਂ ਚੀਨ , ਵੀਅਤਨਾਮ , ਕਿਊਬਾ ਵਰਗੇ ਕਮਿਊਨਿਸਟ ਦੇਸ਼ਾਂ  ਸਮੇਤ ਦੁਨੀਆਂ ਭਰ ਦੀਆਂ ਕਮਿਊਨਿਸਟ ਅਤੇ ਵਰਕਰਜ਼ ਪਾਰਟੀਆਂ ਨੇ ਇਸ ਮੌਕੇ ਤੇ ਆਪਣੇ ਸ਼ੋਕ ਸੰਦੇਸ਼ ਭੇਜੇ ਹਨ ।  ਕਾਮਰੇਡ ਤੱਗੜ ਨੇ ਹੋਰ ਅੱਗੇ ਕਿਹਾ ਕਿ ਅਜੇ ਕਾਮਰੇਡ ਯੈਚੁਰੀ ਦੇ ਜਾਣ ਦਾ ਸਮਾਂ ਨਹੀਂ ਸੀ ਅਤੇ ਉਹਨਾਂ

ਨੇ ਅਜੇ ਦੇਸ਼ ਦੀ ਸਿਆਸਤ ਖਾਸ ਕਰਕੇ ਕਮਿਊਨਿਸਟ ਲਹਿਰ ਵਿੱਚ ਹੋਰ ਮਹੱਤਵਪੂਰਨ ਰੋਲ ਅਦਾ ਕਰਨੇ ਸੀ ।  ਉਹਨਾਂ ਦੇ ਵਿਛੋੜੇ ਨਾਲ ਦੇਸ਼ ਦੀ ਕਮਿਊਨਿਸਟ ਤੇ ਖੱਬੀ ਜਮਹੂਰੀ ਲਹਿਰ ਅਤੇ  ਅੰਤਰਰਾਸ਼ਟਰੀ ਕਮਿਊਨਿਸਟ ਲਹਿਰ ਨੂੰ ਪਏ ਘਾਟੇ ਦੇ ਨਾਲ ਨਾਲ ਉਹਨਾਂ ਦੇ ਪਰਿਵਾਰ ਨੂੰ ਵੀ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਅੰਤ ਵਿੱਚ ਕਾਮਰੇਡ ਤੱਗੜ ਨੇ ਜ਼ਿਲ੍ਹਾ ਜਲੰਧਰ ਕਪੂਰਥਲਾ ਦੇ ਸਮੂਹ ਸਾਥੀਆਂ ਨੂੰ ਪੁਰਜੋਰ ਅਪੀਲ ਕੀਤੀ ਹੈ ਕਿ ਕਾਮਰੇਡ ਸੀਤਾ ਰਾਮ ਯੈਚੁਰੀ ਦਾ ਸ਼ਰਧਾਂਜਲੀ ਸਮਾਗਮ ਜੋ 28 ਸਤੰਬਰ ਨੂੰ ਤਾਲਕਟੋਰਾ ਸਟੇਡੀਅਮ ( ਨਵੀਂ ਦਿੱਲੀ ) ਵਿਖੇ ਹੋ ਰਿਹਾ ਹੈ ਵਿੱਚ ਹੁੰਮ ਹੁੰਮਾ ਕੇ ਵੱਡੀ ਗਿਣਤੀ ਵਿੱਚ ਪਹੁੰਚਣ ।