ਬਿਜਲੀ ਕੁਨੈਕਸ਼ਨ ਕੱਟਣ ਆਏ ਅਧਿਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਬਰਦਸਤ ਵਿਰੋਧ ਕਾਰਨ ਬੇਰੰਗ ਵਾਪਸ ਮੁੜੇ

*ਕਿਸੇ ਵੀ ਦਲਿਤ, ਮਜ਼ਦੂਰ ਦੇ ਘਰ ਹਨ੍ਹੇਰਾ ਨਹੀਂ ਹੋਣ ਦੇਵਾਂਗੇ: ਘੁੱਗਸ਼ੋਰ
doo
ਕਰਤਾਰਪੁਰ,24 ਜਨਵਰੀ Manvir Singh Walia
ਭਗਵੰਤ ਸਿੰਘ ਮਾਨ ਸਰਕਾਰ ਦੇ ਆਦੇਸ਼ਾਂ ਉੱਤੇ ਪਾਵਰਕਾਮ ਅਧਿਕਾਰੀਆਂ ਵਲੋਂ ਲਾਮ ਲਸ਼ਕਰ ਲੈ ਕੇ ਜਿਉਂ ਹੀ ਪਿੰਡ ਪਾੜਾ ਪਿੰਡ ਅਤੇ ਧੀਰਪੁਰ ਦੇ ਦਲਿਤਾਂ, ਮਜ਼ਦੂਰਾਂ ਦੇ ਘਰਾਂ ਵਿੱਚ ਹਨੇਰਾ ਕਰਨ ਲਈ ਉਹਨਾਂ ਦੇ ਘਰੇਲੂ ਬਿਜਲੀ ਕੁਨੈਕਸ਼ਨ ਕੱਟਣ ਦੀ ਕਾਰਵਾਈ ਸ਼ੁਰੂ ਕੀਤੀ ਗਈ ਤਾਂ ਸੈਂਕੜੇ ਪੇਂਡੂ ਮਜ਼ਦੂਰਾਂ ਨੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਅਧਿਕਾਰੀਆਂ ਦਾ ਜ਼ਬਰਦਸਤ ਵਿਰੋਧ ਕੀਤਾ ਅਤੇ 100 ਦੇ ਕਰੀਬ ਅਧਿਕਾਰੀਆਂ, ਕਰਮਚਾਰੀਆਂ ਦਾ ਘੇਰਾਓ ਕਰਨ ਲਿਆ।ਇਸ ਮੌਕੇ ਮਜ਼ਦੂਰਾਂ ਨੇ ਨਾਅਰੇਬਾਜ਼ੀ ਕੀਤੀ ਤਾਂ ਮਜ਼ਬੂਰਨ ਅਧਿਕਾਰੀਆਂ ਨੂੰ ਕੱਟੇ ਕੁਨੈਕਸ਼ਨ ਮੌਕੇ ਉੱਤੇ ਹੀ ਜੋੜਨ ਲਈ ਮਜ਼ਬੂਰ ਹੋਣਾ ਪਿਆ। ਪਾੜਾ ਪਿੰਡ ਵਿਖੇ ਅਧਿਕਾਰੀਆਂ ਦੀ ਪਿੱਠ ਉੱਤੇ ਪਾਵਰਕਾਮ ਡਵੀਜ਼ਨ ਕਰਤਾਰਪੁਰ ਦੇ ਵਧੀਕ ਨਿਗਰਾਨ ਇੰਜੀਨੀਅਰ ਵੰਡ ਵਿਨੈ ਸ਼ਰਮਾ ਆਏ ਅਤੇ ਉਹਨਾਂ ਨੂੰ ਮੰਨਣਾ ਪਿਆ ਕਿ ਜਿਹਨਾਂ ਮਜ਼ਦੂਰਾਂ ਦੇ ਕੁਨੈਕਸ਼ਨ ਕੱਟੇ ਹਨ,ਉਹ ਚਾਲੂ ਕਰ ਦਿੱਤੇ ਜਾਣਗੇ ਤਾਂ ਜਾ ਕੇ ਮਜ਼ਦੂਰ ਸ਼ਾਂਤ ਹੋਏ।
ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਅਤੇ ਯੂਨੀਅਨ ਦੇ ਯੂਥ ਵਿੰਗ ਆਗੂ ਗੁਰਪ੍ਰੀਤ ਸਿੰਘ ਚੀਦਾ ਨੇ ਦੋਸ਼ ਲਗਾਇਆ ਕਿ ਪਾਵਰਕਾਮ ਅਧਿਕਾਰੀਆਂ ਨੂੰ ਪਿਛਲੇ ਦਿਨੀਂ ਮਿਲਣ ‘ਤੇ ਦਿੱਤੇ ਗਏ ਭਰੋਸੇ ਤੋਂ ਅਧਿਕਾਰੀਆਂ ਨੇ ਭਗਵੰਤ ਮਾਨ ਸਰਕਾਰ ਦੇ ਆਦੇਸ਼ਾਂ ਤੇ ਪੈਰ ਪਿੱਛੇ ਖਿੱਚਿਆ ਹੈ। ਬਦਲਾਅ ਦਾ ਨਾਅਰਾ ਦੇਣ ਵਾਲੀ ਸੂਬਾ ਸਰਕਾਰ ਪੂਰੀ ਤਰ੍ਹਾਂ ਬੌਂਦਲ ਗਈ ਹੈ। ਪਾਵਰਕਾਮ ਡਵੀਜ਼ਨ ਦਫ਼ਤਰ ਅੱਗੇ ਪ੍ਰਦਰਸ਼ਨ ਕਰਕੇ ਪੇਂਡੂ ਮਜ਼ਦੂਰਾਂ ਦੁਆਰਾ ਸੂਬਾ ਸਰਕਾਰ ਵਲੋਂ 0% ਬਿਜਲੀ ਬਿੱਲਾਂ ਬਾਰੇ ਤੋਲੇ ਜਾ ਰਹੇ ਕੁਫ਼ਰ ਦੀ ਫ਼ੂਕ ਕੱਢਣ ਤੋਂ ਬੁਖਲਾਹਟ ਵਿੱਚ ਆਈ ਸਰਕਾਰ ਦੇ ਆਦੇਸ਼ਾਂ ਉੱਤੇ ਦਲਿਤਾਂ, ਮਜ਼ਦੂਰਾਂ ਤੋ ਬਿੱਲਾਂ ਦੀ ਜ਼ਬਰੀ ਵਸੂਲੀ ਲਈ ਉਹਨਾਂ ਦੇ ਘਰੀਂ ਹਨ੍ਹੇਰਾ ਕਰਨ ਲਈ ਅੱਜ ਵੱਖ ਵੱਖ ਪਿੰਡਾਂ ਵਿੱਚ ਪਾਵਰਕਾਮ ਦੇ ਅਧਿਕਾਰੀਆਂ, ਕਰਮਚਾਰੀਆਂ ਦੇ ਵੱਡੇ ਲਾਮ ਲਸ਼ਕਰ ਭੇਜੇ ਗਏ ਹਨ ਪ੍ਰੰਤੂ ਅਧਿਕਾਰੀਆਂ ਨੂੰ ਪੇਂਡੂ ਮਜ਼ਦੂਰਾਂ ਦੇ ਜ਼ਬਰਦਸਤ ਵਿਰੋਧ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਐਲਾਨ ਕੀਤਾ ਕਿ ਕਿਸੇ ਵੀ ਸੂਰਤ ਵਿੱਚ ਬੇਜ਼ਮੀਨੇ ਦਲਿਤਾਂ, ਮਜ਼ਦੂਰਾਂ ਦੇ ਘਰਾਂ ਵਿੱਚ ਹਨੇਰਾ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਪਾਵਰਕਾਮ ਅਧਿਕਾਰੀ ਇਸ ਵਾਰ ਤਾਂ ਕੁਨੈਕਸ਼ਨ ਕੱਟਣ ਲਈ ਪੌੜੀ ਵੀ ਆਪਣੀ ਲੈ ਕੇ ਆਏ ਪ੍ਰੰਤੂ ਪੌੜੀ ਸਮੇਤ ਹੀ ਉਹਨਾਂ ਨੂੰ ਪੁੱਠੇ ਪੈਰੀਂ ਬੇਰੰਗ ਵਾਪਸ ਮੁੜਨਾ ਪਿਆ।
ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਾਵਰਕਾਮ ਡਵੀਜ਼ਨ ਕਰਤਾਰਪੁਰ ਅਧੀਨ ਪੈਂਦਾ ਪਿੰਡਾਂ ਅਤੇ ਕਸਬੇ ਅੰਦਰਲੇ 5 ਹਜ਼ਾਰ ਮਜ਼ਦੂਰਾਂ, ਦਲਿਤਾਂ ਵੱਲ 4 ਕਰੋੜ ਰੁਪਏ ਦੀ ਰਾਸ਼ੀ ਬਕਾਇਆ ਬਿੱਲਾਂ ਦੇ ਰੂਪ ਵਿੱਚ ਖੜੀ ਹੈ। 
ਯੂਨੀਅਨ ਆਗੂਆਂ ਦਾ ਦੋਸ਼ ਹੈ ਕਿ ਬਦਲਾਅ ਦਾ ਨਾਅਰਾ ਦੇਣ ਵਾਲੀ ਮੌਜੂਦਾ ਸੂਬਾ ਸਰਕਾਰ ਨੇ 600 ਯੂਨਿਟ ਘਰੇਲੂ ਬਿਜਲੀ ਬਿੱਲਾਂ ਦੀ ਮੁਆਫ਼ੀ ਦਾ ਐਲਾਨ ਕਰਨ ਉਪਰੰਤ ਛੇ ਮਹੀਨੇ ਬਾਅਦ ਜਾ ਕੇ ਨੋਟੀਫਿਕੇਸ਼ਨ ਜਾਰੀ ਕੀਤਾ।ਜਿਸ ਕਾਰਨ ਮਜ਼ਦੂਰਾਂ ਸਿਰ ਕਰੋੜਾਂ ਰੁਪਏ ਇਹ ਬਕਾਇਆ ਬਿੱਲ ਜਮ੍ਹਾਂ ਹੋਏ ਹਨ। ਇਹ ਬਿੱਲ ਅਦਾ ਕਰਨ ਦੀ ਹਾਲਤ ਇਹਨਾਂ ਮਜ਼ਦੂਰਾਂ ਦੀ ਨਹੀਂ ਹੈ। ਸਰਕਾਰ ਨੂੰ ਇਹ ਬਕਾਏ ਬਿੱਲਾਂ ਉੱਪਰ ਲਕੀਰ ਫੇਰਨੀ ਚਾਹੀਦੀ ਹੈ। ਪੇਂਡੂ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਨਾਲ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਮੀਟਿੰਗਾਂ ਦੌਰਾਨ ਇਹ ਬਕਾਏ ਖ਼ਤਮ ਦਾ ਵਾਅਦਾ ਵੀ ਕੀਤਾ ਗਿਆ ਸੀ।
ਇਸ ਸਮੇਂ ਘੇਰਾਓ ਦੌਰਾਨ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ, ਯੂਨੀਅਨ ਦੇ ਯੂਥ ਵਿੰਗ ਦੇ ਆਗੂ ਗੁਰਪ੍ਰੀਤ ਸਿੰਘ ਚੀਦਾ, ਯੂਨੀਅਨ ਦੇ ਤਹਿਸੀਲ ਆਗੂ ਕੇ ਐੱਸ ਅਟਵਾਲ,ਸਰਬਜੀਤ ਕੌਰ ਕੁੱਦੋਵਾਲ, ਬਲਬੀਰ ਸਿੰਘ ਧੀਰਪੁਰ ਅਤੇ ਇਸਤਰੀ ਜਾਗ੍ਰਿਤੀ ਮੰਚ ਦੇ ਜ਼ਿਲ੍ਹਾ ਆਗੂ ਦਲਜੀਤ ਕੌਰ ਪਾੜਾ ਆਦਿ ਨੇ ਸੰਬੋਧਨ ਕੀਤਾ।
ਕੈਪਸਨ: *ਵਧੀਕ ਨਿਗਰਾਨ ਇੰਜੀਨੀਅਰ ਵੰਡ ਵਿਨੈ ਸ਼ਰਮਾ ਅਤੇ ਹੋਰ ਅਧਿਕਾਰੀ ਪਾੜਾ ਪਿੰਡ ਵਿਖੇ ਘੇਰਾਓ ਦੌਰਾਨ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂਆਂ ਨਾਲ ਗੱਲਬਾਤ ਕਰਦੇ ਹੋਏ, ਪੌੜੀ ਸਮੇਤ ਵਾਪਸ ਪਰਤਦੇ ਹੋਏ ਮੁਲਾਜ਼ਮ*
*ਧੀਰਪੁਰ ਵਿਖੇ ਨਾਅਰੇਬਾਜ਼ੀ ਕਰਦੇ ਹੋਏ ਪੇਂਡੂ ਮਜ਼ਦੂਰ, ਘੇਰਾਓ ਵਿੱਚ ਖੜ੍ਹੇ ਅਧਿਕਾਰੀ ਅਤੇ ਕੱਟੇ ਕੁਨੈਕਸ਼ਨ ਚਾਲੂ ਕਰਦੇ ਮੁਲਾਜ਼ਮ*