ਪੰਜਾਬ ਸਿਹਤ ਵਿਭਾਗ ਨੇ ਵਿਆਪਕ ਹੀਟਵੇਵ ਐਡਵਾਈਜ਼ਰੀ ਕੀਤੀ ਜਾਰੀ।

Manvir Singh Walia 

Jatin Kumar 


ਜਲੰਧਰ 15 ਅਪ੍ਰੈਲ:Prime Punjab 

ਗਰਮੀਆਂ ਦੀ ਸ਼ੁਰੂਆਤ ਅਤੇ ਸੂਬੇ ਭਰ ਵਿੱਚ ਅਤਿ ਦੀ ਗਰਮੀ ਵਰਗੀਆਂ ਸਥਿਤੀਆਂ ਵਿੱਚ ਵਾਧੇ ਦੇ ਅਨੁਮਾਨ ਦੇ ਮੱਦੇਨਜ਼ਰ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਕਿਹਾ ਕਿ ਸਿਹਤ ਵਿਭਾਗ ਵੱਲੋਂ ਅਤਿ ਦੀ ਗਰਮੀ ਦੇ ਪ੍ਰਭਾਵਾਂ ਨੂੰ ਰੋਕਣ, ਘੱਟ ਕਰਨ ਅਤੇ ਪ੍ਰਬੰਧਨ ਲਈ ਸਹੂਲਤਾਂ ਪ੍ਰਦਾਨ ਕਰਨ ਅਤੇ ਇਸ ਸਬੰਧੀ ਕਰਮਚਾਰੀਆਂ ਨੂੰ ਤਿਆਰ ਕਰਨ ਲਈ ਸਰਗਰਮ ਕਦਮ ਚੁੱਕੇ ਗਏ ਹਨ। ਮੰਤਰੀ ਨੇ ਕਿਹਾ ਕਿ ਅਤਿ ਦੀ ਗਰਮੀ ਦੇ ਸੰਪਰਕ ਵਿੱਚ ਆਉਣ ਨਾਲ ਹੀਟ ਸਟ੍ਰੈਸ, ਹੀਟ  ਇਗਜ਼ੌਸ਼ਨ ਅਤੇ ਹੀਟ ਸਟ੍ਰੋਕ ਦਾ ਜੋਖਮ ਕਾਫ਼ੀ ਵੱਧ ਜਾਂਦਾ ਹੈ ਅਤੇ ਮੌਜੂਦਾ ਦਿਲ ਅਤੇ ਸਾਹ ਦੀਆਂ ਸਥਿਤੀਆਂ ਵਿੱਚ ਵੀ ਵਾਧਾ ਹੁੰਦਾ ਹੈ।

ਡਾ. ਬਲਬੀਰ ਸਿੰਘ ਨੇ ਕਿਹਾ, “ਸਾਡੀਆਂ ਮੈਡੀਕਲ ਟੀਮਾਂ ਚੰਗੀ ਤਰ੍ਹਾਂ ਸਿਖਲਾਈ ਪ੍ਰਾਪਤ ਅਤੇ ਤਿਆਰ ਹਨ, ਫਿਰ ਵੀ ਮੈਂ ਜਨਤਾ, ਖਾਸ ਕਰਕੇ ਬਜ਼ੁਰਗਾਂ ਅਤੇ ਬੱਚਿਆਂ ਵਰਗੇ ਸੰਵੇਦਨਸ਼ੀਲ ਸਮੂਹਾਂ ਨੂੰ ਚੌਕਸ ਰਹਿਣ ਅਤੇ ਵਿਭਾਗ ਦੇ ਸੁਰੱਖਿਆ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕਰਦਾ ਹਾਂ।”

*ਬਾਕਸ: ਹੀਟਵੇਵ ਸੇਫਟੀ ਐਡਵਾਈਜ਼ਰੀ*

*ਗਰਮੀ ਤੋਂ ਬਚਣ ਲਈ ਕੀ ਕਰੀਏ*

*ਵੱਧ ਤੋਂ ਵੱਧ ਪਾਣੀ ਪਿਓ:* ਹਰ 20-30 ਮਿੰਟਾਂ ਬਾਅਦ ਪਾਣੀ ਪੀਓ, ਭਾਵੇਂ ਪਿਆਸ ਨਾ ਵੀ ਹੋਵੇ। ਓਆਰਐਸ, ਲੱਸੀ ਅਤੇ ਨਿੰਬੂ ਪਾਣੀ ਦੀ ਵਰਤੋਂ ਕਰੋ।

*ਢੁਕਵੇਂ ਕੱਪੜੇ ਪਾਓ:* ਹਲਕੇ ਰੰਗ ਦੇ, ਢਿੱਲੇ ਸੂਤੀ ਕੱਪੜੇ ਪਾਓ। ਆਪਣੇ ਸਿਰ ਨੂੰ ਢੱਕਣ ਲਈ ਛੱਤਰੀਆਂ, ਟੋਪੀਆਂ ਜਾਂ ਤੌਲੀਏ ਦੀ ਵਰਤੋਂ ਕਰੋ।

*ਆਪਣੇ ਦਿਨ ਦੀ ਯੋਜਨਾ ਬਣਾਓ:* ਸਵੇਰੇ ਜਾਂ ਸ਼ਾਮ ਨੂੰ ਠੰਢੇ ਸਮੇਂ ਦੌਰਾਨ ਬਾਹਰੀ ਕੰਮ ਕਰਨ ਦੀ ਯੋਜਨਾ ਬਣਾਓ।

*ਸਮਝਦਾਰੀ ਨਾਲ ਖਾਓ:* ਪਾਣੀ ਨਾਲ ਭਰਪੂਰ ਫਲ ਜਿਵੇਂ ਕਿ ਤਰਬੂਜ, ਸੰਤਰੇ ਅਤੇ ਖੀਰੇ ਖਾਓ। ਥੋੜ੍ਹੀ-ਥੋੜ੍ਹੀ ਮਾਤਰਾ ਵਿੱਚ ਵਾਰ-ਵਾਰ ਖਾਣਾ ਖਾਓ।

*ਘਰ ਨੂੰ ਅੰਦਰੋਂ ਠੰਡਾ ਰੱਖੋ:* ਪਰਦੇ, ਪੱਖਿਆਂ ਦੀ ਵਰਤੋ ਕਰੋ ਅਤੇ ਸੁਚੱਜੀ ਹਵਾਦਾਰੀ ਯਕੀਨੀ ਬਣਾਓ।

*ਕਾਮਿਆਂ ਦੀ ਸੁਰੱਖਿਆ:* ਮਾਲਕਾਂ ਨੂੰ ਬਾਹਰ ਕੰਮ ਕਰਨ ਵਾਲੇ ਮਜ਼ਦੂਰਾਂ ਲਈ ਛਾਂਦਾਰ ਆਰਾਮ ਖੇਤਰ ਅਤੇ ਪੀਣ ਵਾਲਾ ਸੁਰੱਖਿਅਤ ਪਾਣੀ ਪ੍ਰਦਾਨ ਕਰਨਾ ਚਾਹੀਦਾ ਹੈ।

*ਕੀ ਨਾ ਕਰੀਏ*

* ਗਰਮੀਆਂ ਦੇ ਸਿਖਰ ਵੇਲੇ ਧੁੱਪ ਤੋਂ ਬਚੋ:* ਦੁਪਹਿਰ 12:00 ਵਜੇ ਤੋਂ 3:00 ਵਜੇ ਦੇ ਵਿਚਕਾਰ ਬਾਹਰ ਨਾ ਜਾਓ ਜਦੋਂ ਤੱਕ ਕਿ ਬਹੁਤ ਜ਼ਰੂਰੀ ਨਾ ਹੋਵੇ।

*ਡੀਹਾਈਡ੍ਰੇਟਿੰਗ ਡਰਿੰਕਸ ਤੋਂ ਗੁਰੇਜ਼ ਕਰੋ:* ਚਾਹ, ਕੌਫੀ, ਅਲਕੋਹਲ ਅਤੇ ਕਾਰਬੋਨੇਟਿਡ ਮਿੱਠੇ ਪੀਣ ਵਾਲੇ ਪਦਾਰਥਾਂ ਦੀ ਵਰਤੋਂ ਘੱਟ ਕਰੋ।

*ਭਾਰੀ ਭੋਜਨ ਤੋਂ ਬਚੋ:* ਤਲੇ ਹੋਏ, ਮਸਾਲੇਦਾਰ ਜਾਂ ਬਾਸੀ ਭੋਜਨ ਨਾ ਖਾਓ ਜੋ ਪਾਚਨ ਕਿਰਿਆ ਨੂੰ ਹੌਲੀ ਕਰ ਸਕਦੇ ਹਨ।

*ਕੋਈ ਸਖ਼ਤ ਕੰਮ ਨਾ ਕਰੋ:* ਗਰਮੀਆਂ ਦੇ ਸਿਖਰ ਦੇ ਸਮੇਂ ਦੌਰਾਨ ਭਾਰੀ ਕੰਮਾਂ ਤੋਂ ਪਰਹੇਜ਼ ਕਰੋ।

*ਵਾਹਨ ਸੁਰੱਖਿਆ: ਬੱਚਿਆਂ ਜਾਂ ਪਾਲਤੂ ਜਾਨਵਰਾਂ ਨੂੰ ਕਦੇ ਵੀ ਪਾਰਕ ਕੀਤੇ ਵਾਹਨਾਂ ਅੰਦਰ ਨਾ ਛੱਡੋ।

*ਲੱਛਣ ਜਿਨ੍ਹਾਂ ਲਈ ਤੁਰੰਤ ਡਾਕਟਰੀ ਸਹਾਇਤਾ ਦੀ ਲੋੜ ਹੈ*

 ਜੇਕਰ ਤੁਹਾਨੂੰ ਨਿਮਨਲਿਖਤ ਲੱਛਣ ਮਹਿਸੂਸ ਹੁੰਦੇ ਹਨ ਤਾਂ ਤੁਰੰਤ ਡਾਕਟਰੀ ਸਹਾਇਤਾ ਲਓ:
– ਸਰੀਰ ਦਾ ਉੱਚ ਤਾਪਮਾਨ (40° ਸੈਲਸੀਅਸ ਜਾਂ ਵੱਧ)
– ਮਾਨਸਿਕ ਸੰਤੁਲਨ ਵਿੱਚ ਬਦਲਾਅ, ਬੇਚੈਨੀ ਜਾਂ ਦੌਰੇ – ਗਰਮ, ਲਾਲ ਅਤੇ ਖੁਸ਼ਕ ਚਮੜੀ
– ਗੰਭੀਰ ਸਿਰ ਦਰਦ, ਮਤਲੀ ਜਾਂ ਤੇਜ਼ ਦਿਲ ਦੀ ਧੜਕਣ

*ਐਮਰਜੈਂਸੀ ਹੈਲਪਲਾਈਨ: 104, 108, ਜਾਂ 112*