Pages

Pages

ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਕਿਡਨੀ ਮਰੀਜ਼ਾਂ ਲਈ ਬਣੀ ਵਰਦਾਨ।

Manvir Singh Walia 

Jatin Kumar 

ਜਲੰਧਰ, 1 ਮਈ : Prime Punjab 

ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਅਧੀਨ ਹੁਣ ਤੱਕ ਲਗਭਗ 1 ਲੱਖ ਡਾਇਲਿਸਿਸ ਪ੍ਰਕਿਰਿਆਵਾਂ ਕੀਤੀਆਂ ਜਾ ਚੁੱਕੀਆਂ ਹਨ, ਜਿੰਨ੍ਹਾਂ ‘ਤੇ ਕਰੀਬ 16.5 ਕਰੋੜ ਰੁਪਏ ਦਾ ਖ਼ਰਚ ਆਇਆ ਹੈ।

 

ਭਾਰਤ ਵਿੱਚ ਕ੍ਰੋਨਿਕ ਕਿਡਨੀ ਡਿਜੀਜ਼ (ਗੰਭੀਰ ਗੁਰਦਾ ਰੋਗ) ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਅਜਿਹੇ ਸਮੇਂ ਵਿੱਚ ਸਰਕਾਰ ਵੱਲੋਂ ਸਮਰਥਿਤ ਕੈਸ਼ਲੈੱਸ ਡਾਇਲਿਸਿਸ ਯੋਜਨਾਵਾਂ ਮਰੀਜ਼ਾਂ ਲਈ ਜੀਵਨ-ਰੱਖਿਅਕ ਵਜੋਂ ਸਾਹਮਣੇ ਆ ਰਹੀਆਂ ਹਨ। ਹਾਲਾਂਕਿ ਮਾਹਰ ਦਾ ਮੰਨਣਾ ਹੈ ਕਿ ਇਲਾਜ ਦੀ ਸਫਲਤਾ ਅਜੇ ਵੀ ਇਲਾਜ ਦੀ ਉਪਲੱਬਧਤਾ ਨਾਲੋਂ ਇਸ ਨੂੰ ਝੱਲਣ ਦੀ ਸਮਰੱਥਾ ‘ਤੇ ਵੱਧ ਨਿਰਭਰ ਕਰਦੀ ਹੈ।

 

ਹਫ਼ਤੇ ਵਿੱਚ ਦੋ ਤੋਂ ਤਿੰਨ ਵਾਰ, ਲਗਭਗ ਚਾਰ ਘੰਟਿਆਂ ਲਈ, ਸਰੀਰ ਵਿੱਚੋਂ ਖੂਨ ਕੱਢ ਕੇ ਡਾਇਲਿਸਿਸ ਮਸ਼ੀਨ ਰਾਹੀਂ ਫਿਲਟਰ ਕੀਤਾ ਜਾਂਦਾ ਹੈ ਅਤੇ ਫਿਰ ਉਹਨਾਂ ਜ਼ਹਿਰੀਲੇ ਤੱਤਾਂ ਤੋਂ ਸਾਫ਼ ਕਰਕੇ ਵਾਪਸ ਸਰੀਰ ਵਿੱਚ ਪਾਇਆ ਜਾਂਦਾ ਹੈ, ਜਿਨ੍ਹਾਂ ਨੂੰ ਨਾਕਾਮ ਹੋ ਰਹੀਆਂ ਕਿਡਨੀਆਂ ਹੁਣ ਬਾਹਰ ਨਹੀਂ ਕੱਢ ਸਕਦੀਆਂ। ਇਹ ਪ੍ਰਕਿਰਿਆ ਜੀਵਨ ਨੂੰ ਜਾਰੀ ਰੱਖਦੀ ਹੈ, ਪਰ ਪੂਰੀ ਤਰ੍ਹਾਂ ਤੰਦਰੁਸਤ ਨਹੀਂ ਕਰਦੀ।

 

ਭਾਰਤ ਵਿੱਚ ਕ੍ਰੋਨਿਕ ਕਿਡਨੀ ਡਿਜੀਜ਼ ਇੱਕ ਗੰਭੀਰ ਜਨ- ਸਿਹਤ ਸਮੱਸਿਆ ਬਣ ਚੁੱਕੀ ਹੈ, ਜਿਸਦਾ ਸਿੱਧਾ ਸਬੰਧ ਡਾਇਬਟੀਜ਼ ਅਤੇ ਉੱਚ ਰਕਤਚਾਪ (ਹਾਈ ਬਲੱਡ ਪ੍ਰੈਸ਼ਰ) ਦੇ ਵਧ ਰਹੇ ਮਾਮਲਿਆਂ ਨਾਲ ਹੈ।ਭਾਰਤ ਵਿੱਚ ਇਹ ਸੰਕਟ ਖ਼ਰਚੇ ਕਾਰਨ ਹੋਰ ਵੀ ਗੰਭੀਰ ਹੋ ਜਾਂਦਾ ਹੈ।ਨਿੱਜੀ ਖੇਤਰ ਵਿੱਚ ਇੱਕ ਡਾਇਲਿਸਿਸ ਸੈਸ਼ਨ ਦੀ ਲਾਗਤ 1,500 ਤੋਂ 4,000 ਰੁਪਏ ਦੇ ਵਿਚਕਾਰ ਹੁੰਦੀ ਹੈ। ਜ਼ਿਆਦਾਤਰ ਮਰੀਜ਼ਾਂ ਨੂੰ ਹਫ਼ਤੇ ਵਿੱਚ ਦੋ ਤੋਂ ਤਿੰਨ ਡਾਇਲਿਸਿਸ ਸੈਸ਼ਨਾਂ ਦੀ ਲੋੜ ਹੁੰਦੀ ਹੈ, ਜਿਸ ਨਾਲ ਸਾਲਾਨਾ ਖ਼ਰਚ ਕਈ ਲੱਖ ਰੁਪਏ ਤੱਕ ਪਹੁੰਚ ਜਾਂਦਾ ਹੈ।

 

ਇਸ ਸਬੰਧ ਵਿੱਚ ਪੰਜਾਬ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਵਰਗੀਆਂ ਸਰਕਾਰੀ ਯੋਜਨਾਵਾਂ ਇਲਾਜ ਵਿੱਚ ਆਉਣ ਵਾਲੀ ਰੁਕਾਵਟ ਨੂੰ ਘਟਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ਇਸ ਯੋਜਨਾ ਹੇਠ ਸਰਕਾਰੀ ਅਤੇ ਸੂਚੀਬੱਧ ਨਿੱਜੀ ਹਸਪਤਾਲਾਂ ਵਿੱਚ ਮੁਫ਼ਤ ਡਾਇਲਿਸਿਸ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਜਿਸ ਨਾਲ ਮਰੀਜ਼ਾਂ ਦਾ ਆਪਣੀ ਜੇਬ ਤੋਂ ਖ਼ਰਚ ਘੱਟ ਹੋਇਆ ਹੈ ਅਤੇ ਉਹ ਇਲਾਜ ਅਧੂਰਾ ਛੱਡਣ ਤੋਂ ਬਚ ਰਹੇ ਹਨ।

 

ਇਸ ਸਬੰਧੀ ਸਿਹਤ ਮੰਤਰੀ ਡਾ.ਬਲਬੀਰ ਸਿੰਘ ਨੇ ਕਿਹਾ, “ਹੁਣ ਤੱਕ ਸਿਹਤ ਯੋਜਨਾ ਹੇਠ 1 ਲੱਖ ਮੁਫ਼ਤ ਡਾਇਲਿਸਿਸ ਇਲਾਜ, ਜਿਨ੍ਹਾਂ ਦੀ ਲਾਗਤ 16.5 ਕਰੋੜ ਰੁਪਏ ਬਣਦੀ ਹੈ, ਪ੍ਰਦਾਨ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਸਾਡਾ ਫਰਜ਼ ਹੈ ਕਿ ਕੋਈ ਵੀ ਮਰੀਜ਼ ਪੈਸਿਆਂ ਦੀ ਕਮੀ ਕਾਰਨ ਡਾਇਲਿਸਿਸ ਤੋਂ ਵਾਂਝਾ ਨਾ ਰਹੇ। ਇਹ ਮਰੀਜ਼ਾਂ ਲਈ ਵੱਡੀ ਮਦਦ ਅਤੇ ਡਾਕਟਰਾਂ ਲਈ ਵੀ ਰਾਹਤ ਦੀ ਗੱਲ ਹੈ, ਕਿਉਂਕਿ ਇਸ ਨਾਲ ਆਰਥਿਕ ਕਾਰਨਾਂ ਕਰਕੇ ਇਲਾਜ ਰੁਕਣ ਦੀ ਸਮੱਸਿਆ ਲਗਾਤਾਰ ਘਟ ਰਹੀ ਹੈ। ਜ਼ਿਆਦਾਤਰ ਮਰੀਜ਼ ਇਲਾਜ ਲਈ ਉਦੋਂ ਆਉਂਦੇ ਹਨ, ਜਦੋਂ ਗੁਰਦਿਆਂ ਦੀ ਕਾਰਗੁਜ਼ਾਰੀ ਕਾਫ਼ੀ ਹੱਦ ਤੱਕ ਪਹਿਲਾਂ ਹੀ ਖ਼ਤਮ ਹੋ ਚੁੱਕੀ ਹੁੰਦੀ ਹੈ। ਉਸ ਵੇਲੇ ਵਿਕਲਪ ਸਿਰਫ਼ ਡਾਇਲਿਸਿਸ ਜਾਂ ਟ੍ਰਾਂਸਪਲਾਂਟ ਤੱਕ ਹੀ ਸੀਮਿਤ ਰਹਿ ਜਾਂਦੇ ਹਨ।

 

ਮੈਡੀਕਲ ਰਿਸਰਚ ਅਨੁਸਾਰ ਭਾਰਤ ਵਿੱਚ ਕ੍ਰੋਨਿਕ ਕਿਡਨੀ ਡਿਜੀਜ਼ ਦੇ ਵੱਡੀ ਗਿਣਤੀ ਮਰੀਜ਼ਾਂ ਨੂੰ ਭਾਰੀ ਆਰਥਿਕ ਬੋਝ ਦਾ ਸਾਹਮਣਾ ਕਰਨਾ ਪਾਂਦਾ ਹੈ, ਜਿਸ ਕਾਰਨ ਕਈ ਇਲਾਜ ਸ਼ੁਰੂ ਕਰਨ ਦੇ ਕੁਝ ਮਹੀਨਿਆਂ ਵਿੱਚ ਹੀ ਜ਼ਿਆਦਾਤਰ ਪਰਿਵਾਰਾਂ ਦੀ ਬੱਚਤ ਖਤਮ ਹੋ ਜਾਂਦੀ ਜਾਂ ਉਹ ਕਰਜ਼ੇ ਵਿੱਚ ਡੁੱਬ ਜਾਂਦੇ ਹਨ।