Director : Manvir Singh Walia
Editor : Jatin kumar
ਜਲੰਧਰ, 8 ਮਈ : Prime Punjab
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਵਿੱਚ ਸੁਰੱਖਿਅਤ ਅਤੇ ਉੱਚ-ਗੁਣਵੱਤਾ ਵਾਲੇ ਭੋਜਨ ਉਤਪਾਦਾਂ ਦੀ ਉਪਲਬਧਤਾ ਯਕੀਨੀ ਬਣਾਉਣ ਦੇ ਆਦੇਸ਼ ਨੂੰ ਪੂਰਾ ਕਰਨ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਫੂਡ ਐਂਡ ਡਰੱਗਜ਼ ਐਡਮਿਨਿਸਟ੍ਰੇਸ਼ਨ (ਐਫ.ਡੀ.ਏ.) ਪੰਜਾਬ ਨੇ ਸੂਬੇ ਵਿੱਚ ਦੁੱਧ ਦੇ ਨਮੂਨੇ ਲੈਣ ਲਈ ਦੋ ਰੋਜ਼ਾ ਮੁਹਿੰਮ ਚਲਾਈ। ਇਹ ਮੁਹਿੰਮ ਬੁੱਧਵਾਰ ਅਤੇ ਵੀਰਵਾਰ ਨੂੰ ਚਲਾਈ ਗਈ।
ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੇ ਨਿਰਦੇਸ਼ਾਂ ਅਤੇ ਐਫ.ਡੀ.ਏ.,ਪੰਜਾਬ ਦੇ ਕਮਿਸ਼ਨਰ ਕੰਵਲਪ੍ਰੀਤ ਬਰਾੜ ਦੀ ਨਿਗਰਾਨੀ ਹੇਠ ਚਲਾਈ ਗਈ ਇਹ ਮੁਹਿੰਮ ਡੇਅਰੀ ਸਪਲਾਈ ਚੇਨ ਦੇ ਵੱਖ-ਵੱਖ ਪਹਿਲੂਆਂ ’ਤੇ ਕੇਂਦਰਿਤ ਸੀ ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸੂਬੇ ਭਰ ਵਿੱਚ ਤੜਕਸਾਰ ਨਾਕੇ ਲਗਾਏ ਗਏ ਸਨ, ਜਿਨ੍ਹਾਂ ਤਹਿਤ ਸ਼ਹਿਰੀ ਅਤੇ ਪੇਂਡੂ ਦੋਵਾਂ ਖੇਤਰਾਂ ਵਿੱਚ ਡੇਅਰੀ ਫਾਰਮਾਂ, ਸੰਗ੍ਰਹਿ ਕੇਂਦਰਾਂ, ਪ੍ਰੋਸੈਸਿੰਗ ਯੂਨਿਟਾਂ ਅਤੇ ਪ੍ਰਚੂਨ ਦੀਆਂ ਦੁਕਾਨਾਂ ਤੋਂ ਦੁੱਧ ਦੇ 200 ਨਮੂਨੇ ਲਏ ਗਏ।
ਸਿਹਤ ਮੰਤਰੀ ਨੇ ਦੱਸਿਆ ਕਿ ਇਕੱਠੇ ਕੀਤੇ ਨਮੂਨਿਆਂ ਨੂੰ ਮਿਲਾਵਟ, ਅਸ਼ੁੱਧੀ ਅਤੇ ਨਿਰਧਾਰਤ ਮਾਪਦੰਡਾਂ ਦੀ ਪਾਲਣਾ ਦਾ ਪਤਾ ਲਗਾਉਣ ਹਿੱਤ ਜਾਂਚ ਵਾਸਤੇ ਮਾਨਤਾ ਪ੍ਰਾਪਤ ਸਟੇਟ ਫੂਡ ਲੈਬਾਰਟਰੀ ਵਿੱਚ ਭੇਜਿਆ ਗਿਆ ਹੈ। ਉਨ੍ਹਾਂ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ, ‘‘ ਜੇਕਰ ਕੋਈ ਵੀ ਫੂਡ ਬਿਜ਼ਨਸ ਆਪਰੇਟਰ (ਐਫ.ਬੀ.ਓ.) ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਨੂੰ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਦੇ ਉਪਬੰਧਾਂ ਅਨੁਸਾਰ ਸਖ਼ਤ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।’’
ਡਾ. ਬਲਬੀਰ ਸਿੰਘ ਨੇ ਲੋਕਾਂ ਨੂੰ ਚੌਕਸ ਰਹਿਣ ਅਤੇ ਭੋਜਨ ਵਿੱਚ ਮਿਲਾਵਟ ਦੇ ਕਿਸੇ ਵੀ ਸ਼ੱਕੀ ਮਾਮਲੇ ਦੀ ਰਿਪੋਰਟ ਸਬੰਧਤ ਅਧਿਕਾਰੀਆਂ ਨੂੰ ਕਰਕੇ ਇਸ ਮਿਸ਼ਨ ਵਿੱਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ।
ਸਪਲਾਈ ਚੇਨ ਵਿੱਚੋਂ ਮਿਲਾਵਟੀ ਦੁੱਧ ਨੂੰ ਖ਼ਤਮ ਕਰਕੇ ਜਨਤਕ ਸਿਹਤ ਦੀ ਰੱਖਿਆ ਬਾਰੇ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਸਿਹਤ ਮੰਤਰੀ ਨੇ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਇਹ ਸੈਂਪਲਿੰਗ ਮੁਹਿੰਮ ਇੱਕ ਚੱਲ ਰਹੀ, ਮਜ਼ਬੂਤ ਇਨਫੋਰਸਮੈਂਟ ਮੁਹਿੰਮ ਦਾ ਹਿੱਸਾ ਹੈ, ਜੋ ਆਉਣ ਵਾਲੇ ਹਫ਼ਤਿਆਂ ਵਿੱਚ ‘ਸਿਹਤਮੰਦ ਅਤੇ ਰੰਗਲਾ ਪੰਜਾਬ’ ਯਕੀਨੀ ਬਣਾਉਣ ਲਈ ਜਾਰੀ ਰਹੇਗੀ।
ਚੌਕਸੀ ਪ੍ਰਤੀ ਵਿਭਾਗ ਦੀ ਵਚਨਬੱਧਤਾ ’ਤੇ ਜ਼ੋਰ ਦਿੰਦਿਆਂ ਕਮਿਸ਼ਨਰ ਐਫ.ਡੀ.ਏ. ਕੰਵਲਪ੍ਰੀਤ ਬਰਾੜ ਨੇ ਕਿਹਾ ਕਿ ਫੂਡ ਸੇਫਟੀ ਅਫਸਰ ਨਾ ਸਿਰਫ ਕਾਨੂੰਨ ਲਾਗੂ ਕਰ ਰਹੇ ਹਨ ਬਲਕਿ ਵਿਕਰੇਤਾਵਾਂ ਅਤੇ ਡੇਅਰੀ ਆਪਰੇਟਰਾਂ ਨੂੰ ਸਫਾਈ, ਸੁਚੱਜੀ ਸੰਭਾਲ ਅਤੇ ਸਹੀ ਸਟੋਰੇਜ ਅਭਿਆਸਾਂ ਬਾਰੇ ਵੀ ਜਾਗਰੂਕ ਕਰ ਰਹੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨਾਗਰਿਕਾਂ ਦੀ ਭਲਾਈ ਦੇ ਮੱਦੇਨਜ਼ਰ ਡੇਅਰੀ ਸੈਕਟਰ ਵਿੱਚ ਉੱਚ ਮਿਆਰਾਂ ਨੂੰ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਭਰ ਵਿੱਚ ਫੂਡ ਸੇਫਟੀ ਇਨਫੋਰਸਮੈਂਟ ਨੂੰ ਮਜ਼ਬੂਤ ਕਰਨ ਲਈ ਆਉਣ ਵਾਲੇ ਹਫ਼ਤਿਆਂ ਵਿੱਚ ਵਿਭਾਗ ਦੀ ਚੱਲ ਰਹੀ ਮੁਹਿੰਮ ਦੇ ਹਿੱਸੇ ਵਜੋਂ ਇਹ ਸੈਂਪਲਿੰਗ ਮੁਹਿੰਮ ਜਾਰੀ ਰਹੇਗੀ।



More Stories
ਜਲੰਧਰ ਪੁਲਿਸ ਦੀ ਵੱਡੀ ਕਾਰਵਾਈ: ਕੰਨਾਂ ਦੀਆਂ ਵਾਲੀਆਂ ਖੋਹਣ ਵਾਲੇ 2 ਸਨੈਚਰ ਗ੍ਰਿਫਤਾਰ, ਵਾਰਦਾਤ ‘ਚ ਵਰਤਿਆ ਮੋਟਰਸਾਈਕਲ ਬਰਾਮਦ।
ਜਲੰਧਰ ਪੁਲਿਸ ਦੀ ਵੱਡੀ ਸਫਲਤਾ: ਬਸਤੀ ਬਾਵਾ ਖੇਲ ਥਾਣੇ ਨੇ ਚੋਰੀ ਦੇ 2 ਦੋਸ਼ੀ ਗ੍ਰਿਫਤਾਰ, 8 ਮੋਬਾਈਲ ਅਤੇ 1 ਮੋਟਰਸਾਈਕਲ ਬਰਾਮਦ।
ਪਠਾਨਕੋਟ ਨਗਰ ਨਿਗਮ ਨੂੰ ਬੰਬ ਧਮਕੀ: 15 ਅਗਸਤ ਨੂੰ ਆਰਮੀ ਸਕੂਲ, ਕੈਂਟ ਅਤੇ ਕਮਿਸ਼ਨਰ ਦਫਤਰ ਉਡਾਉਣ ਦੀ ਈਮੇਲ।