ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਵਿੱਚ ਕੈਦੀ ਦੀ ਪੁਲਸ ਮੁਠਭੇੜ ਦੌਰਾਨ ਮੌਤ ਹੋ ਗਈ।

Director : Manvir Singh Walia 

Editor : Jatin Sahota 

ਜਲੰਧਰ, 17ਮਈ : Prime Punjab 

ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਵਿੱਚ ਮੈਡੀਕਲ ਜਾਂਚ ਲਈ
ਲਿਆਂਦੇ ਗਏ ਇਕ ਕੈਦੀ ਦੀ ਪੁਲਸ ਮੁਠਭੇੜ ਦੌਰਾਨ ਮੌਤ ਹੋ ਗਈ। ਮ੍ਰਿਤਕ ਕੈਦੀ ਦਾ ਨਾਂ ਨਸੀਬ ਸਿੰਘ ਦਸਿਆ ਜਾ ਰਿਹਾ ਹੈ, ਜੋਕਿ ਬਾਸੀ ਪਿੰਡ ਕੋਟਲਾ ਗੌਂਸਪੁਰ ਦਾ ਰਹਿਣ ਵਾਲਾ ਸੀ। ਨਸੀਬ ਸਿੰਘ ਨੂੰ ਦੋ ਹੋਰ ਕੈਦੀਆਂ ਸਮੇਤ ਰੁਟੀਨ ਚੈੱਕਅਪ ਲਈ ਹਸਪਤਾਲ ਲਿਆਂਦਾ ਗਿਆ ਸੀ।

ਦਸਿਆ ਜਾ ਰਿਹਾ ਹੈ ਕਿ ਨਸੀਬ ਸਿੰਘ ਇਕ ਨਸ਼ਾ ਤਸਕਰ ਸੀ ਅਤੇ ਉਸ ‘ਤੇ ਕਤਲ, ਕਤਲ ਦੀ ਕੋਸ਼ਿਸ਼ ਅਤੇ NDPS ਐਕਟ ਤਹਿਤ 7 ਐੱਫ਼. ਆਈ. ਆਰ. ਦਰਜ ਸਨ। ਪੁਲਸ ਹੁਣ ਇਸ ਗੱਲ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਕਿ ਕੈਦੀ ਕੋਲ ਚਾਕੂ ਕਿੱਥੋਂ ਆਇਆ।

ਚੈੱਕਅਪ ਤੋਂ ਬਾਅਦ ਜਦੋਂ ਸੀਨੀਅਰ ਕਾਂਸਟੇਬਲ ਕੈਦੀ ਨੂੰ ਵਾਪਸ ਐਂਬੂਲੈਂਸ ਵੱਲ ਲੈ ਜਾ ਰਹੇ ਸਨ ਤਾਂ ਕੈਦੀ ਨੇ ਅਚਾਨਕ ਉਨ੍ਹਾਂ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ‘ਚ ਕਾਂਸਟੇਬਲ ਦੇ ਗੰਭੀਰ ਸੱਟਾਂ ਲੱਗੀਆ। ਹਮਲੇ ਦੌਰਾਨ ਕੈਦੀ ਨੇ ਪੁਲਸ ਮੁਲਾਜ਼ਮ ਦਾ ਰਿਵਾਲਵਰ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਫਿਰ ਮੁਲਾਜ਼ਮ ਨੇ ਪਹਿਲਾਂ ਬਚਾਅ ‘ਚ ਜ਼ਮੀਨ ‘ਤੇ ਫਾਇਰ ਵੀ ਕੀਤਾ ਪਰ ਹੱਥੋਪਾਈ ਦੌਰਾਨ ਗੋਲੀ ਨਸੀਬ ਸਿੰਘ ਦੇ ਲੱਗੀ ਤੇ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਤੁਰੰਤ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।