Pages

Pages

ਜੰਮੂ ਨੈਸ਼ਨਲ ਹਾਈਵੇਅ ‘ਤੇ ਭਿਆਨਕ ਟੱਕਰ: 2 ਸਾਲਾਂ ਬੱਚੇ ਸਮੇਤ ਇਕੋ ਪਰਿਵਾਰ ਦੇ 4 ਮੈਂਬਰਾਂ ਦੀ ਮੌਤ।

Director : Manvir Singh Walia 

Editor : Jatin Kumar Sahota 

ਜਲੰਧਰ, 29 ਜੂਨ : Prime Punjab 

ਜਲੰਧਰ ਦੇ ਭੋਗਪੁਰ ਨੇੜੇ ਜੰਮੂ ਨੈਸ਼ਨਲ ਹਾਈਵੇਅ ‘ਤੇ ਸਵੇਰੇ 5:41 ਵਜੇ ਦਿਲ ਦਹਿਲਾਉਣ ਵਾਲਾ ਸੜਕ ਹਾਦਸਾ ਵਾਪਰ ਗਿਆ। ਤੇਜ਼ ਰਫ਼ਤਾਰ ਕਰੇਟਾ ਕਾਰ ਅਤੇ ਬਲੈਨੋ ਕਾਰ ਦੀ ਸਿੱਧੀ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬਲੈਨੋ ਕਾਰ PB07 CA 1510 ਦੇ ਪਰਖਚੇ ਉੱਡ ਗਏ। ਹਾਦਸੇ ‘ਚ ਕਾਰ ‘ਚ ਸਵਾਰ ਇਕੋ ਪਰਿਵਾਰ ਦੇ 4 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

 

ਮ੍ਰਿਤਕਾਂ ਦੀ ਪਛਾਣ ਹਿਮਮਤਪੁਰ, ਹੁਸ਼ਿਆਰਪੁਰ ਦੇ ਵਸਨੀਕ ਰੁਪਿੰਦਰ ਸਿੰਘ ਪੁੱਤਰ ਸੁਰਿੰਦਰ ਸਿੰਘ, ਉਸਦੀ ਪਤਨੀ ਹਰਪ੍ਰੀਤ ਕੌਰ, 2 ਸਾਲਾ ਬੇਟਾ ਅਰਸ਼ਦੀਪ ਸਿੰਘ ਅਤੇ ਮਾਤਾ ਸੰਤੋਸ਼ ਕੌਰ ਵਜੋਂ ਹੋਈ ਹੈ। ਇਹ ਪਰਿਵਾਰ ਮੁਕੇਰੀਆਂ ਦਾ ਰਹਿਣ ਵਾਲਾ ਸੀ ਅਤੇ ਬੱਚੇ ਸਮੇਤ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਜਾ ਰਿਹਾ ਸੀ। ਕਿਸ਼ਨਗੜ੍ਹ ਨੇੜੇ ਬਲੈਨੋ ਕਾਰ ਡਿਵਾਈਡਰ ਪਾਰ ਕਰਕੇ ਸਾਹਮਣਿਓਂ ਆ ਰਹੀ UP21 CJ 9595 ਕਰੇਟਾ ਨਾਲ ਟਕਰਾ ਗਈ।

ਕਰੇਟਾ ਕਾਰ ‘ਚ ਸਵਾਰ ਬਰੇਲੀ ਦੇ ਵਸਨੀਕ ਅਬਦੁਲ ਸਈਅਦ ਖਾਨ, ਉਸਦੀ ਬੇਟੀ ਅਲੀਨਾ ਖਾਨ, ਪ੍ਰਵੀਨ ਖਾਨ, ਅਬਦੁਲ ਫੈਸਲ ਖਾਨ ਅਤੇ ਮੈਨਲ ਖਾਨ ਜ਼ਖਮੀ ਹੋ ਗਏ। ਇਨ੍ਹਾਂ ਸਾਰਿਆਂ ਨੂੰ ਫੋਰਟਿਸ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਸੂਚਨਾ ਮਿਲਦੇ ਹੀ SSF ਟੀਮ ਅਤੇ ਅਲਾਵਲਪੁਰ ਚੌਕੀ ਇੰਚਾਰਜ SI ਰਵਿੰਦਰ ਸਿੰਘ ਮੌਕੇ ‘ਤੇ ਪਹੁੰਚੇ। DSP ਰਾਜੀਵ ਕੁਮਾਰ ਨੇ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਨੇ ਚਾਰੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾ ਦਿੱਤਾ ਹੈ। ਰਿਸ਼ਤੇਦਾਰ ਗੁਰਪ੍ਰੀਤ ਸਿੰਘ ਮੁਤਾਬਕ ਮ੍ਰਿਤਕ ਰੁਪਿੰਦਰ ਸਿੰਘ ਆਰਮੀ ‘ਚ ਸੀ, ਜਦਕਿ ਉਸਦਾ ਵੱਡਾ ਭਰਾ ਵੀ ਫੌਜ ‘ਚ ਭਰਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।