Pages

Pages

12ਵੀਂ ਯੂਕੇ ਗੱਤਕਾ ਚੈਂਪੀਅਨਸ਼ਿਪ ‘ਚ ਬਾਬਾ ਫਤਹਿ ਸਿੰਘ ਅਖਾੜਾ ਵੂਲਿਚ ਦੇ ਜੋਰਾ ਸਿੰਘ ਨੇ ਮਾਰੀ ਬਾਜ਼ੀ।

Director : Manvir Singh Walia 

Editor : Jatin Kumar Sahota 

ਜਲੰਧਰ, 16 ਜੁਲਾਈ 2026 : Prime Punjab 

ਸਿੰਘ ਸਭਾ ਲੰਡਨ ਈਸਟ ਗੁਰਦੁਆਰਾ ਅਤੇ ਖੇਡ ਕਲੱਬ ਦੇ ਸਹਿਯੋਗ ਨਾਲ ਗੱਤਕਾ ਫੈਡਰੇਸ਼ਨ ਯੂਕੇ ਵੱਲੋਂ 12ਵੀਂ ਯੂਕੇ ਗੱਤਕਾ ਚੈਂਪੀਅਨਸ਼ਿਪ ਇਲਫੋਰਡ ਵਿਖੇ ਕਰਵਾਈ ਗਈ। ਇਸ ਮੁਕਾਬਲੇ ਦਾ ਆਯੋਜਨ ਫੈਡਰੇਸ਼ਨ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਦੇ ਯਤਨਾਂ ਸਦਕਾ ਕੀਤਾ ਗਿਆ। ਵਾਰਿੰਗਟਨ, ਕਵੈਂਟਰੀ, ਡਰਬੀ, ਲੇਟਨ, ਗੁੱਡਮੇਅਜ਼, ਗ੍ਰੇਵਜ਼ੈਂਡ, ਵੂਲਿਚ ਅਤੇ ਬੋਅ ਤੋਂ ਆਏ 9 ਗੱਤਕਾ ਅਖਾੜਿਆਂ ਦੇ ਨੌਜਵਾਨਾਂ ਅਤੇ ਬੀਬੀਆਂ ਨੇ ਇਸ ਵਿੱਚ ਭਾਗ ਲਿਆ।

 

18 ਸਾਲ ਤੋਂ ਵੱਧ ਉਮਰ ਦੇ ਲੜਕਿਆਂ ਦੇ ਵਰਗ ਵਿੱਚ ਬਾਬਾ ਫਤਹਿ ਸਿੰਘ ਅਖਾੜਾ ਵੂਲਿਚ ਦੇ ਜੋਰਾ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਦਮਦਮੀ ਟਕਸਾਲ ਅਖਾੜਾ ਡਰਬੀ ਦੇ ਗੁਰਦੀਪ ਸਿੰਘ ਦੂਜੇ ਨੰਬਰ ‘ਤੇ ਰਹੇ। ਬੀਬੀਆਂ ਦੇ ਮੁਕਾਬਲੇ ਵਿੱਚ ਦਮਦਮੀ ਟਕਸਾਲ ਅਖਾੜਾ ਡਰਬੀ ਦੀ ਕਮਲਪ੍ਰੀਤ ਕੌਰ ਪਹਿਲੇ ਅਤੇ ਕਰਮਜੀਤ ਕੌਰ ਦੂਜੇ ਸਥਾਨ ‘ਤੇ ਰਹੀ। 18 ਸਾਲ ਤੋਂ ਘੱਟ ਵਰਗ ਵਿੱਚ ਹਰਸ਼ਦੀਪ ਸਿੰਘ ਅਤੇ ਲੜਕੀਆਂ ਵਿੱਚ ਗੁਰਸੁਖਮਨ ਕੌਰ ਜੇਤੂ ਰਹੀਆਂ।

 

14 ਸਾਲ ਤੋਂ ਘੱਟ ਉਮਰ ਦੇ ਮੁਕਾਬਲਿਆਂ ਵਿੱਚ ਦਮਦਮੀ ਟਕਸਾਲ ਅਖਾੜੇ ਦੇ ਯੁਵਰਾਜ ਸਿੰਘ ਪਹਿਲੇ ਅਤੇ ਰਬਜੋਤ ਸਿੰਘ ਦੂਜੇ ਸਥਾਨ ‘ਤੇ ਰਹੇ। ਲੜਕੀਆਂ ਵਿੱਚ ਅਕਾਲੀ ਫੂਲਾ ਸਿੰਘ ਅਖਾੜਾ ਕਵੈਂਟਰੀ ਦੀ ਮਨਰੂਪ ਕੌਰ ਨੇ ਪਹਿਲਾ ਅਤੇ ਅਕਾਲੀ ਬਾਬਾ ਅਜੀਤ ਸਿੰਘ ਅਖਾੜਾ ਵਾਰਿੰਗਟਨ ਦੀ ਨਕੀਤਾ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਮੁਕਾਬਲਿਆਂ ਦੌਰਾਨ ਭਾਗੀਦਾਰਾਂ ਨੇ ਖਾਲਸਾਈ ਪ੍ਰੰਪਰਾਵਾਂ ਅਨੁਸਾਰ ਸ਼ਸਤਰ ਵਿੱਦਿਆ ਦਾ ਜੌਹਰ ਵਿਖਾਇਆ।

 

ਇਸ ਮੌਕੇ ਐਮਪੀ ਤਨਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਬਰਤਾਨੀਆ ਵਿੱਚ ਗੱਤਕਾ ਕਲਾ ਅਤੇ ਸ਼ਸਤਰ ਵਿੱਦਿਆ ਨੂੰ ਪ੍ਰਫੁਲਤ ਕਰਨ ਅਤੇ ਨੌਜਵਾਨ ਪੀੜ੍ਹੀ ਨੂੰ ਸਿੱਖੀ ਪ੍ਰੰਪਰਾਵਾਂ ਨਾਲ ਜੋੜਨ ਲਈ ਹਰ ਸਾਲ ਅਜਿਹੇ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਪ੍ਰਬੰਧਕਾਂ, ਸੇਵਾਦਾਰਾਂ ਅਤੇ ਪਹੁੰਚੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਐਮਪੀ ਜਸ ਅਠਵਾਲ ਸਮੇਤ ਵੱਖ-ਵੱਖ ਸਮਾਜਿਕ ਅਤੇ ਮੀਡੀਆ ਜਥੇਬੰਦੀਆਂ ਦੇ ਨੁਮਾਇੰਦੇ ਵੀ ਮੌਜੂਦ ਸਨ।