Pages

Pages

’ਯੁੱਧ ਨਸ਼ਿਆਂ ਵਿਰੁੱਧ’ ਤਹਿਤ ਭਗਵੰਤ ਮਾਨ ਸਰਕਾਰ ਦਾ ਵੱਡਾ ਫੈਸਲਾ: ਪੰਜਾਬ ‘ਚ ਮੈਥਾਡੋਨ ਮੇਨਟੇਨੈਂਸ ਥੈਰੇਪੀ ਸ਼ੁਰੂ, 6 ਕਲੀਨਿਕ ਚਾਲੂ

Director : Manvir Singh Walia 

Editor : Jatin Kumar Sahota 

ਜਲੰਧਰ, 20 ਜੁਲਾਈ : Prime Punjab 

ਨਸ਼ਿਆਂ ਵਿਰੁੱਧ ਜੰਗ ਨੂੰ ਹੋਰ ਤੇਜ਼ ਕਰਦਿਆਂ ਪੰਜਾਬ ਸਰਕਾਰ ਨੇ ’ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਸਿੰਥੈਟਿਕ ਨਸ਼ਿਆਂ ਦੇ ਆਦੀ ਲੋਕਾਂ ਲਈ ਅੰਤਰਰਾਸ਼ਟਰੀ ਪੱਧਰ ’ਤੇ ਮਾਨਤਾ ਪ੍ਰਾਪਤ ਮੈਥਾਡੋਨ ਮੇਨਟੇਨੈਂਸ ਥੈਰੇਪੀ (MMT) ਸ਼ੁਰੂ ਕਰ ਦਿੱਤੀ ਹੈ। ਇਹ ਥੈਰੇਪੀ ਉਨ੍ਹਾਂ ਮਰੀਜ਼ਾਂ ਲਈ ਵਾਧੂ ਇਲਾਜ ਦਾ ਵਿਕਲਪ ਬਣੇਗੀ ਜਿਨ੍ਹਾਂ ’ਤੇ ਪਹਿਲਾਂ ਚੱਲ ਰਹੀ ਬਿਊਪ੍ਰੇਨੋਰਫਿਨ ਆਧਾਰਿਤ OOAT ਥੈਰੇਪੀ ਦਾ ਜ਼ਿਆਦਾ ਅਸਰ ਨਹੀਂ ਹੋਇਆ।

 

ਫਿਲਹਾਲ ਸੂਬੇ ’ਚ 6 ਸਮਰਪਿਤ ਮੈਥਾਡੋਨ ਕਲੀਨਿਕ ਚਾਲੂ ਕੀਤੇ ਗਏ ਹਨ। ਇਹ ਕਲੀਨਿਕ ਸਰਕਾਰੀ ਮੈਡੀਕਲ ਕਾਲਜ ਫ਼ਰੀਦਕੋਟ, ਪਟਿਆਲਾ, ਗੁਰਦਾਸਪੁਰ ਅਤੇ ਜ਼ਿਲ੍ਹਾ ਹਸਪਤਾਲ ਲੁਧਿਆਣਾ, ਮੋਹਾਲੀ ਤੇ ਜਲੰਧਰ ’ਚ ਕੰਮ ਕਰ ਰਹੇ ਹਨ। ਸਿਹਤ ਵਿਭਾਗ ਮੁਤਾਬਕ ਆਉਣ ਵਾਲੇ ਮਹੀਨਿਆਂ ’ਚ ਹੋਰ 6 MMT ਕੇਂਦਰ ਖੋਲ੍ਹੇ ਜਾਣਗੇ, ਜਿਸ ਨਾਲ ਕੁੱਲ ਗਿਣਤੀ 12 ਹੋ ਜਾਵੇਗੀ।

 

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ WHO ਅਤੇ NACO ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼ੁਰੂ ਕੀਤੀ ਗਈ ਇਹ ਥੈਰੇਪੀ ਮਰੀਜ਼ਾਂ ਨੂੰ ਨਸ਼ੇ ਦੀ ਤਲਬ ਘੱਟ ਕਰਨ, ਨਸ਼ਾ ਛੱਡਣ ਦੇ ਲੱਛਣਾਂ ਤੋਂ ਰਾਹਤ ਦੇਣ ਅਤੇ ਮੁੜ ਨਸ਼ੇ ਵੱਲ ਪਰਤਣ ਦੀ ਸੰਭਾਵਨਾ ਘਟਾਉਣ ’ਚ ਮਦਦ ਕਰੇਗੀ। ਕਲੀਨਿਕਾਂ ’ਚ ਡਾਕਟਰੀ ਨਿਗਰਾਨੀ ਹੇਠ ਰੋਜ਼ਾਨਾ ਮੈਥਾਡੋਨ ਦੀ ਖੁਰਾਕ ਦੇ ਨਾਲ-ਨਾਲ ਮਨੋਵਿਗਿਆਨਕ ਕਾਊਂਸਲਿੰਗ, ਪਰਿਵਾਰਕ ਸਲਾਹ ਅਤੇ ਨਿਯਮਿਤ ਫਾਲੋ-ਅੱਪ ਦੀ ਸਹੂਲਤ ਵੀ ਮਿਲੇਗੀ।

 

ਮੈਥਾਡੋਨ ਦਿਮਾਗ ਦੇ ਓਪੀਓਇਡ ਰਿਸੈਪਟਰਾਂ ’ਤੇ ਕੰਮ ਕਰਦੀ ਹੈ ਅਤੇ ਲਗਭਗ 24 ਘੰਟੇ ਤੱਕ ਅਸਰ ਕਰਦੀ ਹੈ। ਇਸ ਨਾਲ ਮਰੀਜ਼ ਇਲਾਜ ਦੇ ਨਾਲ-ਨਾਲ ਰੁਜ਼ਗਾਰ ਅਤੇ ਪਰਿਵਾਰਕ ਜੀਵਨ ’ਚ ਆਮ ਤੌਰ ’ਤੇ ਹਿੱਸਾ ਲੈ ਸਕਦਾ ਹੈ। ਮੰਤਰੀ ਨੇ ਕਿਹਾ ਕਿ ਮੈਥਾਡੋਨ ਦੀ ਦੁਰਵਰਤੋਂ ਰੋਕਣ ਲਈ ਹਰ ਖੁਰਾਕ ਡਾਕਟਰ ਦੀ ਨਿਗਰਾਨੀ ਹੇਠ ਦਿੱਤੀ ਜਾਵੇਗੀ। ਸਰਕਾਰ ਦਾ ਮਕਸਦ ਨਸ਼ਾ ਛੱਡਣ ਵਾਲਿਆਂ ਨੂੰ ਸਮਾਜ ਦੀ ਮੁੱਖ ਧਾਰਾ ਨਾਲ ਮੁੜ ਜੋੜਨਾ ਹੈ।