Pages

Pages

ਕਪੂਰਥਲਾ ‘ਚ ਕੱਪੜਾ ਵਪਾਰੀ ਦੇ ਘਰ-ਦੁਕਾਨ ‘ਤੇ ਅੰਨ੍ਹੇਵਾਹ ਫਾਇਰਿੰਗ, ਸੀਸੀਟੀਵੀ ‘ਚ ਕੈਦ ਹੋਈ ਵਾਰਦਾਤ, ਇਲਾਕੇ ‘ਚ ਸਹਿਮ।

ਜਲੰਧਰ/ ਕਪੂਰਥਲਾ, 09 ਅਗਸਤ : Prime Punjab 

ਕਸਬਾ ਕਾਲਾ ਸੰਘਿਆਂ ਦੇ ਮੁੱਖ ਬਾਜ਼ਾਰ ‘ਚ ਦੇਰ ਰਾਤ ਫਾਇਰਿੰਗ ਦੀ ਘਟਨਾ ਨਾਲ ਸਨਸਨੀ ਫੈਲ ਗਈ। ਅਣਪਛਾਤੇ ਬਦਮਾਸ਼ਾਂ ਨੇ ਕੱਪੜਾ ਵਪਾਰੀ ਕੁਲਦੀਪ ਕੁਮਾਰ ਲੂੰਬਾ ਦੀ ਦੁਕਾਨ ਅਤੇ ਉਸ ਦੇ ਉੱਪਰ ਬਣੇ ਰਿਹਾਇਸ਼ੀ ਮਕਾਨ ਨੂੰ ਨਿਸ਼ਾਨਾ ਬਣਾਇਆ। ਹਮਲਾਵਰ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ ਸਨ।

 

ਜਾਣਕਾਰੀ ਮੁਤਾਬਕ ਦੋ ਨੌਜਵਾਨ ਬਾਈਕ ‘ਤੇ ਆਏ ਅਤੇ ਕੁਲਦੀਪ ਲੂੰਬਾ ਦੀ ਦੁਕਾਨ ਦੇ ਬਾਹਰ ਰੁਕ ਕੇ ਲਗਾਤਾਰ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸੀਸੀਟੀਵੀ ਫੁਟੇਜ ਮੁਤਾਬਕ ਮੁਲਜ਼ਮਾਂ ਨੇ ਤਕਰੀਬਨ 4 ਰਾਊਂਡ ਫਾਇਰ ਕੀਤੇ। ਗੋਲ਼ੀਬਾਰੀ ਦੀ ਆਵਾਜ਼ ਸੁਣ ਕੇ ਬਾਜ਼ਾਰ ‘ਚ ਤਾਇਨਾਤ ਸੁਰੱਖਿਆ ਕਰਮੀਆਂ ਨੇ ਪਰਿਵਾਰ ਨੂੰ ਜਗਾਇਆ ਅਤੇ ਪੁਲਿਸ ਨੂੰ ਸੂਚਿਤ ਕੀਤਾ।

 

ਖੁਸ਼ਕਿਸਮਤੀ ਨਾਲ ਇਸ ਹਮਲੇ ‘ਚ ਕਿਸੇ ਨੂੰ ਸੱਟ ਨਹੀਂ ਲੱਗੀ। ਸੂਚਨਾ ਮਿਲਦੇ ਹੀ ਸਦਰ ਪੁਲਿਸ ਅਤੇ ਕਾਲਾ ਸੰਘਿਆਂ ਚੌਕੀ ਦੀ ਟੀਮ ਮੌਕੇ ‘ਤੇ ਪਹੁੰਚੀ। ਥਾਣਾ ਇੰਚਾਰਜ ਮੇਜਰ ਸਿੰਘ ਦੀ ਅਗਵਾਈ ‘ਚ ਪੁਲਿਸ ਨੇ ਘਟਨਾ ਸਥਾਨ ਤੋਂ 3 ਖੋਲ ਬਰਾਮਦ ਕੀਤੇ। ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

 

ਇਸ ਵਾਰਦਾਤ ਤੋਂ ਬਾਅਦ ਇਲਾਕੇ ‘ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਦੁਕਾਨਦਾਰਾਂ ਨੇ ਮੰਗ ਕੀਤੀ ਹੈ ਕਿ ਬਾਜ਼ਾਰ ‘ਚ ਪੁਲਿਸ ਗਸ਼ਤ ਵਧਾਈ ਜਾਵੇ। ਪੁਲਿਸ ਹੁਣ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਹਮਲਾਵਰਾਂ ਦੀ ਪਛਾਣ ਕਰਨ ‘ਚ ਜੁਟੀ ਹੋਈ ਹੈ।