ਜਲੰਧਰ, 19 ਅਗਸਤ : Prime Punjab
ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਨਾਲ ਮਿਲ ਕੇ ਦਵਿੰਦਰ ਬੰਬੀਹਾ ਗੈਂਗ ਦੇ 3 ਭਗੌੜੇ ਕਾਰਕੁਨਾਂ ਨੂੰ ਮਲੇਸ਼ੀਆ ਤੋਂ ਭਾਰਤ ਵਾਪਸ ਲਿਆਉਣ ‘ਚ ਸਫਲਤਾ ਹਾਸਲ ਕੀਤੀ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਜਸਪ੍ਰੀਤ ਸਿੰਘ ਉਰਫ਼ ਜਸ ਬਹਿਬਲ, ਅਜੈ ਸਿੰਘ ਅਤੇ ਪਵਨਦੀਪ ਸਿੰਘ ਨੂੰ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰਕੇ ਪੰਜਾਬ ਲਿਆਂਦਾ ਗਿਆ ਹੈ। ਤਿੰਨੋਂ ਮੁਲਜ਼ਮ ਕਤਲ, ਫਿਰੌਤੀ ਅਤੇ ਲੁਧਿਆਣਾ ‘ਚ ਗ੍ਰਨੇਡ ਧਮਾਕੇ ਦੀ ਸਾਜ਼ਿਸ਼ ਸਮੇਤ ਕਈ ਗੰਭੀਰ ਮਾਮਲਿਆਂ ‘ਚ ਲੋੜੀਂਦੇ ਸਨ।
ਏਡੀਜੀਪੀ ਕਾਊਂਟਰ ਇੰਟੈਲੀਜੈਂਸ ਅਮਿਤ ਪ੍ਰਸਾਦ ਮੁਤਾਬਕ ਇਹ ਤਿੰਨੇ ਮਲੇਸ਼ੀਆ ‘ਚ ਬੈਠੇ ਬੰਬੀਹਾ ਗੈਂਗ ਦੇ ਮੁੱਖ ਸੰਚਾਲਕ ਸਨ ਅਤੇ ਇਨ੍ਹਾਂ ਦੇ ਪਾਕਿਸਤਾਨ ਦੀ ਆਈਐਸਆਈ ਨਾਲ ਵੀ ਸਬੰਧ ਪਾਏ ਗਏ ਹਨ। ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਕਈ ਮਹੀਨਿਆਂ ਤੋਂ ਚੱਲ ਰਹੀ ਨਿਗਰਾਨੀ ਤੋਂ ਬਾਅਦ ਇਨ੍ਹਾਂ ਨੂੰ ਮਲੇਸ਼ੀਆ ‘ਚ ਹਿਰਾਸਤ ‘ਚ ਲੈ ਕੇ ਡਿਪੋਰਟ ਕੀਤਾ ਗਿਆ।
ਆਈਜੀਪੀ ਓ.ਐਫ.ਟੀ.ਈ.ਸੀ. ਆਸ਼ੀਸ਼ ਚੌਧਰੀ ਨੇ ਦੱਸਿਆ ਕਿ ਜਸ ਬਹਿਬਲ 2019 ‘ਚ ਮਲੇਸ਼ੀਆ ਗਿਆ ਸੀ ਅਤੇ ਉੱਥੇ ਗੈਂਗ ਨਾਲ ਜੁੜ ਕੇ ਅਹਿਮ ਕਾਰਕੁਨ ਬਣਿਆ। ਉਸਨੂੰ ਚੰਡੀਗੜ੍ਹ ਪੀਯੂ ਦੇ ਸਾਬਕਾ ਆਗੂ ਜੀਵਨਜੋਤ ਸਿੰਘ ਚਾਹਲ ਉਰਫ਼ ਜੁਗਨੂੰ ਦੇ ਡਰਾਈਵਰ ਯਾਦਵਿੰਦਰ ਸਿੰਘ ਦੇ ਕਤਲ ਕੇਸ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਅਜੈ ਅਤੇ ਪਵਨਦੀਪ ਨੇ 2025 ‘ਚ ਆਪਣੇ ਸਾਥੀਆਂ ਰਾਹੀਂ ਲੁਧਿਆਣਾ ‘ਚ ਹੈਂਡ-ਗ੍ਰੇਨੇਡ ਧਮਾਕਾ ਕਰਵਾਉਣ ਦੀ ਯੋਜਨਾ ਬਣਾਈ ਸੀ, ਪਰ 27 ਅਕਤੂਬਰ 2025 ਨੂੰ ਲੁਧਿਆਣਾ ਪੁਲਿਸ ਨੇ ਦੋ ਸਾਥੀਆਂ ਨੂੰ ਚੀਨੀ ਪੀ86 ਗ੍ਰਨੇਡ ਸਮੇਤ ਗ੍ਰਿਫ਼ਤਾਰ ਕਰਕੇ ਸਾਜ਼ਿਸ਼ ਨਾਕਾਮ ਕਰ ਦਿੱਤੀ ਸੀ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ‘ਤੇ ਪੰਜਾਬ ਪੁਲਿਸ ਨੇ ਵਿਦੇਸ਼ਾਂ ‘ਚ ਬੈਠੇ ਗੈਂਗਸਟਰਾਂ ਦੀ ਹਵਾਲਗੀ ਲਈ ਓ.ਐਫ.ਟੀ.ਈ.ਸੀ. ਸੈੱਲ ਬਣਾਇਆ ਸੀ। ਇਸ ਸੈੱਲ ਦਾ ਮਕਸਦ ਵਿਦੇਸ਼ਾਂ ‘ਚ ਲੁਕੇ ਅਪਰਾਧੀਆਂ ਨੂੰ ਵਾਪਸ ਲਿਆ ਕੇ ਕਾਨੂੰਨ ਦੇ ਘੇਰੇ ‘ਚ ਲਿਆਉਣਾ ਹੈ। ਪੰਜਾਬ ਪੁਲਿਸ ਨੇ ਇਸ ਕਾਰਵਾਈ ਨੂੰ ਗੈਂਗਸਟਰ ਵਿਰੋਧੀ ਮੁਹਿੰਮ ਦੀ ਵੱਡੀ ਜਿੱਤ ਦੱਸਿਆ ਹੈ।


More Stories
ਅੰਮ੍ਰਿਤਸਰ ‘ਚ ਪੁਲਿਸ ਦੀ ਵੱਡੀ ਕਾਰਵਾਈ – AK-47 ਤੇ 2 ਹੈਂਡ ਗ੍ਰਨੇਡ ਸਮੇਤ ਵਿਦੇਸ਼ੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼, ਇੱਕ ਕਾਬੂ।
ਭਾਰਤੀ ਹਾਕੀ ਦਾ ਇਤਿਹਾਸਕ ਡਬਲ ਧਮਾਕਾ: ਪੁਰਸ਼ ਟੀਮ ਨੇ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਜਿੱਤਿਆ ਲਗਾਤਾਰ ਦੂਜਾ ਗੋਲਡ, ਹਰਮਨਪ੍ਰੀਤ-ਮਨਪ੍ਰੀਤ ਨੇ ਰਚਿਆ ਇਤਿਹਾਸ।
ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ – ਨਕੋਦਰ ‘ਚੋਂ 405 ਕਿਲੋ ਡੋਡੇ ਪੋਸਤ ਸਮੇਤ ਮੁਕਤਸਰ ਦਾ ਤਸਕਰ ਕਾਬੂ, ਮੱਧ ਪ੍ਰਦੇਸ਼ ਤੋਂ ਲਿਆਂਦਾ ਸੀ ਮਾਲ।