Pages

Pages

ਅਜਨਾਲਾ ‘ਚ ਦਹਿਸ਼ਤ: ਪਿੰਡ ਜੱਟਾ ‘ਚ ਘਰ ‘ਤੇ ਦੋਹਰਾ ਗ੍ਰਨੇਡ ਹਮਲਾ, 3 ਜ਼ਖ਼ਮੀ – ਸਰਹੱਦ ਨੇੜੇ ਵਾਰਦਾਤ ਨਾਲ ਖੌਫ ਦਾ ਮਾਹੌਲ।

ਅੰਮ੍ਰਿਤਸਰ, 21 ਅਗਸਤ : Prime Punjab 

ਅੰਮ੍ਰਿਤਸਰ ਦੇ ਸਰਹੱਦੀ ਹਲਕਾ ਅਜਨਾਲਾ ਦੇ ਪਿੰਡ ਜੱਟਾ ਵਿੱਚ ਦੇਰ ਰਾਤ ਵੱਡੀ ਵਾਰਦਾਤ ਹੋਈ। ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਇੱਕ ਘਰ ਨੂੰ ਨਿਸ਼ਾਨਾ ਬਣਾ ਕੇ 2 ਗ੍ਰਨੇਡ ਸੁੱਟੇ ਅਤੇ ਫਰਾਰ ਹੋ ਗਏ। ਧਮਾਕਿਆਂ ਦੀ ਗੂੰਜ ਨਾਲ ਪੂਰੇ ਪਿੰਡ ਵਿੱਚ ਹਫੜਾ-ਦਫੜੀ ਮੱਚ ਗਈ। ਇਸ ਹਮਲੇ ਵਿੱਚ ਘਰ ਵਿੱਚ ਮੌਜੂਦ 2 ਔਰਤਾਂ ਸਮੇਤ 3 ਜੀਅ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਗੁਰੂ ਨਾਨਕ ਦੇਵ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

 

ਪਰਿਵਾਰ ਅਨੁਸਾਰ ਹਮਲਾਵਰਾਂ ਨੇ ਪਹਿਲਾਂ ਘਰ ਦੇ ਅੰਦਰ ਗ੍ਰਨੇਡ ਸੁੱਟਿਆ। ਜਦੋਂ ਪਰਿਵਾਰ ਦੇ ਇੱਕ ਮੈਂਬਰ ਨੇ ਉਨ੍ਹਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਦੂਜਾ ਗ੍ਰਨੇਡ ਦਰਵਾਜ਼ੇ ਵੱਲ ਸੁੱਟ ਦਿੱਤਾ। ਧਮਾਕੇ ਨਾਲ ਘਰ ਦੇ ਦਰਵਾਜ਼ੇ, ਸ਼ੀਸ਼ੇ ਅਤੇ ਬਾਹਰ ਖੜ੍ਹੇ ਵਾਹਨਾਂ ਨੂੰ ਭਾਰੀ ਨੁਕਸਾਨ ਪਹੁੰਚਿਆ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਹਿਲਾਂ ਕਦੇ ਕੋਈ ਧਮਕੀ ਨਹੀਂ ਮਿਲੀ ਅਤੇ ਪਿੰਡ ਵਿੱਚ ਇਹ ਪਹਿਲੀ ਵਾਰੀ ਅਜਿਹੀ ਘਟਨਾ ਹੋਈ ਹੈ।

 

ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਗ੍ਰਨੇਡ ਦੇ ਟੁਕੜੇ ਕਬਜ਼ੇ ‘ਚ ਲੈ ਲਏ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੰਜਾਬ ਪੁਲਿਸ ਦੇ ਨਾਲ-ਨਾਲ ਸੁਰੱਖਿਆ ਏਜੰਸੀਆਂ ਅਤੇ BSF ਵੀ ਅਲਰਟ ‘ਤੇ ਹਨ। ਅਹਿਮ ਜਾਣਕਾਰੀ: ਪਿਛਲੇ 8 ਮਹੀਨਿਆਂ ‘ਚ ਅੰਮ੍ਰਿਤਸਰ ਦੇ ਸਰਹੱਦੀ ਇਲਾਕਿਆਂ ‘ਚ ਇਹ 5ਵਾਂ ਗ੍ਰਨੇਡ ਹਮਲਾ ਹੈ, ਜਿਸ ਕਰਕੇ ਇਸ ਨੂੰ ਗੈਂਗਸਟਰ-ਅੱਤਵਾਦੀ ਨੈਕਸਸ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ।

 

ਇਸ ਘਟਨਾ ਤੋਂ ਬਾਅਦ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਹੈ। ਅਕਾਲੀ ਆਗੂ ਅਤੇ ਹਲਕਾ ਇੰਚਾਰਜ ਜੋਧ ਸਿੰਘ ਸਮਰਾ ਨੇ ਪੰਜਾਬ ਸਰਕਾਰ ਦੀ ਕਾਨੂੰਨ ਵਿਵਸਥਾ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਮੰਗ ਕੀਤੀ ਕਿ ਹਮਲਾਵਰਾਂ ਨੂੰ ਜਲਦ ਗ੍ਰਿਫ਼ਤਾਰ ਕਰਕੇ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਜਾਵੇ। ਪੁਲਿਸ ਦਾ ਕਹਿਣਾ ਹੈ ਕਿ CCTV ਫੁਟੇਜ ਖੰਗਾਲੀ ਜਾ ਰਹੀ ਹੈ।