Pages

Pages

ਮੂਡ ਸਵਿੰਗ ਜਾਂ ਨਸ਼ੇ ਦੀ ਸ਼ੁਰੂਆਤ? ਪੰਜਾਬ ਸਰਕਾਰ ਨੇ ਮਾਪਿਆਂ ਨੂੰ ਬੱਚਿਆਂ ‘ਚ ਨਸ਼ੇ ਦੇ ਸ਼ੁਰੂਆਤੀ ਲੱਛਣ ਪਛਾਣਨ ਦੀ ਕੀਤੀ ਅਪੀਲ।

ਜਲੰਧਰ, 31 ਅਗਸਤ : Prime Punjab 

ਭਗਵੰਤ ਮਾਨ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਹੁਣ ਸਿਰਫ ਨਸ਼ਾ ਸਪਲਾਈ ਰੋਕਣ ‘ਤੇ ਹੀ ਨਹੀਂ, ਸਗੋਂ ਨੌਜਵਾਨਾਂ ਦੇ ਨਸ਼ੇ ਦੀ ਲਪੇਟ ਵਿੱਚ ਆਉਣ ਤੋਂ ਪਹਿਲਾਂ ਸ਼ੁਰੂਆਤੀ ਸੰਕੇਤ ਪਛਾਣਨ ‘ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ। ਸਰਕਾਰ ਦਾ ਮਕਸਦ ਹੈ ਕਿ ਕਦੇ-ਕਦਾਈਂ ਕੀਤੀ ਜਾਣ ਵਾਲੀ ਨਸ਼ੀਲੇ ਪਦਾਰਥਾਂ ਦੀ ਵਰਤੋਂ ਲਤ ਵਿੱਚ ਬਦਲਣ ਤੋਂ ਪਹਿਲਾਂ ਹੀ ਬੱਚਿਆਂ ਨੂੰ ਮਦਦ ਮਿਲ ਸਕੇ।

 

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਦੇਖਭਾਲ, ਸੰਵੇਦਨਸ਼ੀਲਤਾ ਅਤੇ ਗੱਲਬਾਤ ਨਾਲ ਹਰ ਬੱਚੇ ਨੂੰ ਨਸ਼ੇ ਤੋਂ ਬਚਾਇਆ ਜਾ ਸਕਦਾ ਹੈ। ਮਾਹਿਰਾਂ ਅਨੁਸਾਰ ਸ਼ੁਰੂਆਤੀ ਲੱਛਣਾਂ ਵਿੱਚ ਵਿਹਾਰ ਵਿੱਚ ਤਬਦੀਲੀ, ਪੁਰਾਣੇ ਦੋਸਤਾਂ ਦੀ ਥਾਂ ਨਵੇਂ ਗੁਪਤ ਦੋਸਤ, ਘੰਟਿਆਂ ਤੱਕ ਬਾਥਰੂਮ ਜਾਂ ਬੰਦ ਕਮਰੇ ਵਿੱਚ ਰਹਿਣਾ, ਪਸੰਦੀਦਾ ਸ਼ੌਕਾਂ ਵਿੱਚ ਦਿਲਚਸਪੀ ਖ਼ਤਮ ਹੋਣਾ, ਸਕੂਲ ਤੋਂ ਸ਼ਿਕਾਇਤਾਂ, ਨੀਂਦ ‘ਚ ਤਬਦੀਲੀ, ਬਿਨਾਂ ਕਾਰਨ ਪੈਸੇ ਮੰਗਣਾ, ਦਿੱਖ ਪ੍ਰਤੀ ਲਾਪਰਵਾਹੀ, ਭੁੱਖ ਘਟਣਾ, ਲਾਲ ਅੱਖਾਂ, ਹੱਥ ਕੰਬਣਾ ਜਾਂ ਸਰੀਰ ‘ਤੇ ਟੀਕੇ ਦੇ ਨਿਸ਼ਾਨ ਸ਼ਾਮਲ ਹਨ।

 

ਜ਼ਿਲ੍ਹਾ ਨੋਡਲ ਮਨੋਚਿਕਿਤਸਕ ਸੰਗਰੂਰ ਡਾ. ਈਸ਼ਾਨ ਪ੍ਰਕਾਸ਼ ਨੇ ਕਿਹਾ ਕਿ ਮਾਪਿਆਂ ਦੀ ਸਭ ਤੋਂ ਵੱਡੀ ਗਲਤੀ ਮਦਦ ਲੈਣ ਵਿੱਚ ਦੇਰੀ ਕਰਨਾ ਹੈ। ‘ਲੋਕ ਕੀ ਕਹਿਣਗੇ’ ਦੀ ਚਿੰਤਾ ਕਾਰਨ ਮਾਪੇ ਪੱਕੇ ਸਬੂਤ ਦੀ ਉਡੀਕ ਕਰਦੇ ਰਹਿੰਦੇ ਹਨ, ਜਦਕਿ ਇੱਕ ਵੀ ਲੱਛਣ ਨਹੀਂ ਸਗੋਂ ਕਈ ਲੱਛਣਾਂ ਦੇ ਇਕੱਠੇ ਨਜ਼ਰ ਆਉਣ ਨੂੰ ਪੈਟਰਨ ਵਜੋਂ ਦੇਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਲਈ ਅਜਿਹਾ ਸੁਰੱਖਿਅਤ ਸਹਾਰਾ ਬਣੋ ਕਿ ਨਸ਼ਾ ਉਨ੍ਹਾਂ ਲਈ ਬਚਣ ਦਾ ਰਾਹ ਨਾ ਬਣੇ।

 

ਮਾਹਿਰਾਂ ਨੇ ਸਲਾਹ ਦਿੱਤੀ ਹੈ ਕਿ ਬੱਚੇ ਨੂੰ ਝਿੜਕਣ ਦੀ ਬਜਾਏ ਸ਼ਾਂਤ ਅਤੇ ਖੁੱਲ੍ਹੇ ਸਵਾਲ ਪੁੱਛੋ, ਉਸ ਦੀ ਗੱਲ ਧਿਆਨ ਨਾਲ ਸੁਣੋ ਅਤੇ ਸ਼ਰਮਿੰਦਾ ਕਰਨ ਜਾਂ ਸਿਰਫ ਸਜ਼ਾ ਦੇਣ ਤੋਂ ਬਚੋ। ਜੇ ਤੁਹਾਨੂੰ ਚਿੰਤਾ ਹੈ ਤਾਂ ਇਕੱਲੇ ਨਾ ਰਹੋ, ਮਾਹਿਰ ਮਦਦ ਲਈ ਟੈਲੀ-ਮਾਨਸ ਹੈਲਪਲਾਈਨ 1800-89-14416 ‘ਤੇ ਸੰਪਰਕ ਕਰਕੇ ਗੁਪਤ ਸਲਾਹ ਲੈ ਸਕਦੇ ਹੋ।