Pages

Pages

ਪੰਜਾਬ ‘ਚ 27 ਨਵੰਬਰ ਨੂੰ ਹੋਵੇਗੀ ਸੂਬਾ ਪੱਧਰੀ ਏਅਰ ਰੇਡ-ਬਲੈਕਆਊਟ ਮੌਕ ਡਰਿੱਲ, ਰਾਤ 8 ਵਜੇ ਵੱਜੇਗਾ 2 ਮਿੰਟ ਦਾ ਸਾਇਰਨ।

ਚੰਡੀਗੜ੍ਹ, 16 ਸਤੰਬਰ : Prime Punjab 

ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ 27 ਨਵੰਬਰ, 2026 ਨੂੰ ਰਾਤ 8 ਵਜੇ ਸਿਵਲ ਡਿਫੈਂਸ ਏਅਰ ਰੇਡ ਅਤੇ ਬਲੈਕਆਊਟ ਮੌਕ ਐਕਸਰਸਾਈਜ਼ ਕਰਵਾਈ ਜਾਵੇਗੀ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਡਰਿੱਲ ਸਿਵਲ ਡਿਫੈਂਸ ਤਿਆਰੀਆਂ ਦਾ ਜਾਇਜ਼ਾ ਲੈਣ ਅਤੇ ਉਨ੍ਹਾਂ ਨੂੰ ਹੋਰ ਮਜ਼ਬੂਤ ਕਰਨ ਲਈ ਕੀਤੀ ਜਾ ਰਹੀ ਹੈ।

 

ਇਸ ਮੌਕ ਡਰਿੱਲ ਦੀ ਸ਼ੁਰੂਆਤ 2 ਮਿੰਟ ਦੇ ਹਾਈ-ਲੋਅ ਪਿੱਚ ਵਾਲੇ ਏਅਰ ਰੇਡ ਵਾਰਨਿੰਗ ਸਾਇਰਨ ਨਾਲ ਹੋਵੇਗੀ। ਸਾਇਰਨ ਵੱਜਦਿਆਂ ਹੀ ਸਬੰਧਤ ਡਿਪਟੀ ਕਮਿਸ਼ਨਰ-ਕਮ-ਕੰਟਰੋਲਰ, ਸਿਵਲ ਡਿਫੈਂਸ ਵੱਲੋਂ ਨਿਰਧਾਰਤ ਖੇਤਰਾਂ ਵਿੱਚ ਬਲੈਕਆਊਟ ਕੀਤਾ ਜਾਵੇਗਾ। ਇਸ ਦੌਰਾਨ ਆਮ ਲੋਕਾਂ ਨੂੰ ਸਾਰੀਆਂ ਗੈਰ-ਜ਼ਰੂਰੀ ਲਾਈਟਾਂ ਬੰਦ ਕਰਨ ਲਈ ਕਿਹਾ ਜਾਵੇਗਾ, ਜਦਕਿ ਹਸਪਤਾਲ, ਫਾਇਰ ਬ੍ਰਿਗੇਡ ਵਰਗੀਆਂ ਜ਼ਰੂਰੀ ਸੇਵਾਵਾਂ ਜਾਰੀ ਰਹਿਣਗੀਆਂ। ਡਰਿੱਲ ਖਤਮ ਹੋਣ ‘ਤੇ 2 ਮਿੰਟ ਤੇਜ਼ ਆਵਾਜ਼ ਵਾਲਾ “ਆਲ ਕਲੀਅਰ” ਸਾਇਰਨ ਵਜਾਇਆ ਜਾਵੇਗਾ।

 

ਡਰਿੱਲ ਦੌਰਾਨ ਫਾਇਰ ਰਿਸਪਾਂਸ, ਖੋਜ ਅਤੇ ਬਚਾਅ ਕਾਰਜ, ਮੁੱਢਲੀ ਮੈਡੀਕਲ ਸਹਾਇਤਾ, ਜ਼ਖਮੀਆਂ ਨੂੰ ਸੁਰੱਖਿਅਤ ਥਾਂ ‘ਤੇ ਪਹੁੰਚਾਉਣ ਅਤੇ ਟ੍ਰੈਫਿਕ ਤੇ ਭੀੜ ਕੰਟਰੋਲ ਵਰਗੇ ਉਪਾਅ ਅਮਲ ‘ਚ ਲਿਆਂਦੇ ਜਾਣਗੇ। ਇਸ ਨਾਲ ਸਿਵਲ ਡਿਫੈਂਸ ਪ੍ਰਣਾਲੀ ਦੀ ਤਿਆਰੀ ਅਤੇ ਰਿਸਪਾਂਸ ਸਮਰੱਥਾ ਦਾ ਮੁਲਾਂਕਣ ਕੀਤਾ ਜਾਵੇਗਾ।

 

ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਹ ਸਿਰਫ ਰੁਟੀਨ ਅਭਿਆਸ ਹੈ, ਇਸ ਲਈ ਘਬਰਾਉਣ ਦੀ ਲੋੜ ਨਹੀਂ। ਮੌਕ ਡਰਿੱਲ ਵਾਲੇ ਖੇਤਰਾਂ ਦੇ ਵਸਨੀਕ ਸ਼ਾਂਤ ਰਹਿਣ, ਪ੍ਰਸ਼ਾਸਨ ਨਾਲ ਸਹਿਯੋਗ ਕਰਨ ਅਤੇ ਜਾਰੀ ਨਿਰਦੇਸ਼ਾਂ ਦੀ ਪਾਲਣਾ ਕਰਨ।