ਜਲੰਧਰ, 22 ਸਤੰਬਰ : Prime Punjab
ਜਲੰਧਰ ਦੇ ਕਪੂਰਥਲਾ ਚੌਂਕ ਸਥਿਤ ਸੱਤਿਆਮ ਹਸਪਤਾਲ ‘ਚ ਦੇਰ ਰਾਤ ਜ਼ਬਰਦਸਤ ਹੰਗਾਮਾ ਹੋਇਆ। 7 ਸਾਲ ਦੇ ਬੱਚੇ ਦੀ ਮੌਤ ਤੋਂ ਬਾਅਦ ਗੁੱਸੇ ‘ਚ ਆਏ ਪਰਿਵਾਰ ਨੇ ਹਸਪਤਾਲ ਦੇ ਬਾਹਰ ਧਰਨਾ ਦਿੱਤਾ। ਪਿਤਾ ਸ਼ਮਸ਼ੇਰ ਨੇ ਦੱਸਿਆ ਕਿ ਸੋਮਵਾਰ ਨੂੰ ਉਸਦਾ ਇਕਲੌਤਾ ਪੁੱਤਰ ਛੱਤ ਤੋਂ ਡਿੱਗ ਗਿਆ ਸੀ, ਜਿਸ ਨਾਲ ਸਿਰ ‘ਤੇ ਸੱਟ ਲੱਗੀ ਸੀ। ਹਾਲਤ ਵਿਗੜਨ ‘ਤੇ ਉਸਨੂੰ ਸੱਤਿਆਮ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਸਦੀ ਮੌਤ ਹੋ ਗਈ। ਮ੍ਰਿਤਕ ਦੀਆਂ 3 ਭੈਣਾਂ ਹਨ।
ਪਰਿਵਾਰ ਦਾ ਦੋਸ਼ ਹੈ ਕਿ ਹਸਪਤਾਲ ਸਟਾਫ ਨੇ ਇਲਾਜ ਨਾਲੋਂ ਜ਼ਿਆਦਾ ਪੈਸਿਆਂ ‘ਤੇ ਧਿਆਨ ਦਿੱਤਾ। ਦਵਾਈਆਂ ਅਤੇ ਟੈਸਟਾਂ ਦੇ ਨਾਂ ‘ਤੇ ਹਜ਼ਾਰਾਂ ਰੁਪਏ ਜਮ੍ਹਾਂ ਕਰਵਾਏ ਗਏ, ਪਰ ਬੱਚੇ ਦੀ ਹਾਲਤ ਬਾਰੇ ਕੁਝ ਨਹੀਂ ਦੱਸਿਆ। ਪਰਿਵਾਰ ਨੂੰ ਬੱਚੇ ਨੂੰ ਮਿਲਣ ਵੀ ਨਹੀਂ ਦਿੱਤਾ ਗਿਆ। 5 ਵਜੇ, 6 ਵਜੇ, ਫਿਰ 7-8 ਵਜੇ ਦਾ ਸਮਾਂ ਦੇ ਕੇ ਟਾਲਿਆ ਜਾਂਦਾ ਰਿਹਾ। ਸ਼ੱਕ ਹੋਣ ‘ਤੇ ਜਦੋਂ ਚਾਚਾ ਅੰਦਰ ਪਹੁੰਚਿਆ ਤਾਂ ਪਤਾ ਲੱਗਾ ਬੱਚਾ ਪਹਿਲਾਂ ਹੀ ਦਮ ਤੋੜ ਚੁੱਕਾ ਹੈ। ਦੋਸ਼ ਹੈ ਕਿ ਮੌਤ ਤੋਂ ਬਾਅਦ ਵੀ ਪੈਸੇ ਮੰਗੇ ਜਾ ਰਹੇ ਸਨ।
ਪਰਿਵਾਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਜ਼ਬਰਦਸਤੀ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਤਾਂ ਹਸਪਤਾਲ ਦੇ ਬਾਊਂਸਰਾਂ ਅਤੇ ਸਿਕਿਓਰਟੀ ਗਾਰਡਾਂ ਨੇ ਉਨ੍ਹਾਂ ਨਾਲ ਧੱਕਾ-ਮੁੱਕੀ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਹਸਪਤਾਲ ਸਮੇਂ ਸਿਰ ਗੰਭੀਰ ਸਥਿਤੀ ਦੱਸ ਕੇ ਡਿਸਚਾਰਜ ਕਰ ਦਿੰਦਾ ਤਾਂ ਉਹ ਬੱਚੇ ਨੂੰ ਕਿਤੇ ਹੋਰ ਲੈ ਜਾ ਸਕਦੇ ਸਨ। ਫਿਲਹਾਲ ਪਰਿਵਾਰ ਇਨਸਾਫ ਦੀ ਗੁਹਾਰ ਲਗਾਉਂਦੇ ਹੋਏ ਹਸਪਤਾਲ ਦੇ ਬਾਹਰ ਬੈਠਾ ਹੈ।
112 ਨੰਬਰ ‘ਤੇ ਸ਼ਿਕਾਇਤ ਮਿਲਦੇ ਹੀ ਥਾਣਾ ਡਿਵੀਜ਼ਨ ਨੰਬਰ 2 ਦੀ ਪੁਲਿਸ ਮੌਕੇ ‘ਤੇ ਪਹੁੰਚੀ। SHO ਅਨੂ ਨੇ ਹਸਪਤਾਲ ਦੇ ਅੰਦਰ ਜਾ ਕੇ ਜਾਇਜ਼ਾ ਲਿਆ ਅਤੇ ਦੋਵਾਂ ਧਿਰਾਂ ਨਾਲ ਗੱਲ ਕੀਤੀ। ਪੁਲਿਸ ਨੇ ਕਿਹਾ ਹੈ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


More Stories
ਅੰਮ੍ਰਿਤਸਰ ‘ਚ ਪੁਲਿਸ ਦੀ ਵੱਡੀ ਕਾਰਵਾਈ – AK-47 ਤੇ 2 ਹੈਂਡ ਗ੍ਰਨੇਡ ਸਮੇਤ ਵਿਦੇਸ਼ੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼, ਇੱਕ ਕਾਬੂ।
ਭਾਰਤੀ ਹਾਕੀ ਦਾ ਇਤਿਹਾਸਕ ਡਬਲ ਧਮਾਕਾ: ਪੁਰਸ਼ ਟੀਮ ਨੇ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਜਿੱਤਿਆ ਲਗਾਤਾਰ ਦੂਜਾ ਗੋਲਡ, ਹਰਮਨਪ੍ਰੀਤ-ਮਨਪ੍ਰੀਤ ਨੇ ਰਚਿਆ ਇਤਿਹਾਸ।
ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ – ਨਕੋਦਰ ‘ਚੋਂ 405 ਕਿਲੋ ਡੋਡੇ ਪੋਸਤ ਸਮੇਤ ਮੁਕਤਸਰ ਦਾ ਤਸਕਰ ਕਾਬੂ, ਮੱਧ ਪ੍ਰਦੇਸ਼ ਤੋਂ ਲਿਆਂਦਾ ਸੀ ਮਾਲ।