Pages

Pages

ਭਵਾਨੀਗੜ੍ਹ ‘ਚ ਦਿਲ ਕੰਬਾਊ ਵਾਰਦਾਤ – 3 ਮਾਸੂਮ ਬੱਚਿਆਂ ਦੀ ਮੌਤ ਮਾਂ ਨੇ ਹੀ ਪ੍ਰੇਮੀ ਨਾਲ ਮਿਲ ਕੇ ਦਿੱਤਾ ਅੰਜਾਮ? ਪੁਲਿਸ ਨੇ ਕੀਤਾ ਵੱਡਾ ਖੁਲਾਸਾ।

ਸੰਗਰੂਰ, 22 ਸਤੰਬਰ : Prime Punjab 

ਸੰਗਰੂਰ ਜ਼ਿਲ੍ਹੇ ਦੇ ਭਵਾਨੀਗੜ੍ਹ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਬਖੌਪੀਰ ਰੋਡ ‘ਤੇ ਰਹਿਣ ਵਾਲੇ ਤਿੰਨ ਸਕੇ ਭੈਣ-ਭਰਾ – 7 ਸਾਲ ਦੀ ਜਸਨੂਰ ਕੌਰ, 5 ਸਾਲ ਦਾ ਅਰਮਾਨਦੀਪ ਅਤੇ ਢਾਈ ਸਾਲ ਦਾ ਰਿਹਾਨਦੀਪ – ਦੀ ਜ਼ਹਿਰੀਲੀ ਮਠਿਆਈ ਖਾਣ ਨਾਲ ਹੋਈ ਮੌਤ ਦੇ ਮਾਮਲੇ ਨੇ ਹੁਣ ਕਤਲ ਦੀ ਸਾਜ਼ਿਸ਼ ਦਾ ਰੂਪ ਲੈ ਲਿਆ ਹੈ। ਪਹਿਲਾਂ ਇਸਨੂੰ ਫੂਡ ਪੁਆਇਜ਼ਨਿੰਗ ਦਾ ਮਾਮਲਾ ਸਮਝ ਕੇ 174 CrPC ਤਹਿਤ ਕਾਰਵਾਈ ਕੀਤੀ ਗਈ ਸੀ।

 

ਪੁਲਿਸ ਜਾਂਚ ‘ਚ ਸਨਸਨੀਖੇਜ਼ ਮੋੜ ਉਦੋਂ ਆਇਆ ਜਦੋਂ SSP ਸੰਗਰੂਰ ਡਾ. ਰਵਜੋਤ ਗਰੇਵਾਲ ਨੇ ਦੱਸਿਆ ਕਿ ਬੱਚਿਆਂ ਦੇ ਪਿਤਾ ਕੁਲਵਿੰਦਰ ਸਿੰਘ ਦੇ ਬਿਆਨਾਂ ਅਤੇ ਟੈਕਨੀਕਲ ਜਾਂਚ ਤੋਂ ਬਾਅਦ ਸ਼ੱਕ ਮਾਂ ਲਵਪ੍ਰੀਤ ਕੌਰ ‘ਤੇ ਗਿਆ। ਪੁਲਿਸ ਦੇ ਮੁਤਾਬਕ, ਲਵਪ੍ਰੀਤ ਕੌਰ ਦੇ ਫਾਜ਼ਿਲਕਾ ਦੇ ਜਲਾਲਾਬਾਦ ਵਾਸੀ ਹਰਜੀਤ ਸਿੰਘ ਨਾਲ ਕਥਿਤ ਨਾਜਾਇਜ਼ ਸਬੰਧ ਸਨ। ਦੋਵਾਂ ‘ਤੇ ਦੋਸ਼ ਹੈ ਕਿ ਬੱਚਿਆਂ ਨੂੰ ਰਸਤੇ ਤੋਂ ਹਟਾਉਣ ਲਈ ਉਨ੍ਹਾਂ ਨੇ ਮਠਿਆਈ ‘ਚ ਕਥਿਤ ਤੌਰ ‘ਤੇ ਜ਼ਹਿਰ ਮਿਲਾ ਕੇ ਬੱਚਿਆਂ ਨੂੰ ਖੁਆ ਦਿੱਤਾ।

 

ਇਸ ਖੁਲਾਸੇ ਤੋਂ ਬਾਅਦ ਥਾਣਾ ਭਵਾਨੀਗੜ੍ਹ ਪੁਲਿਸ ਨੇ ਲਵਪ੍ਰੀਤ ਕੌਰ ਅਤੇ ਹਰਜੀਤ ਸਿੰਘ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਟੀਮਾਂ ਨੇ ਹਿਊਮਨ ਅਤੇ ਟੈਕਨੀਕਲ ਇੰਟੈਲੀਜੈਂਸ ਦੀ ਮਦਦ ਨਾਲ ਕਾਰਵਾਈ ਕਰਦਿਆਂ ਮੰਗਲਵਾਰ ਨੂੰ ਲਵਪ੍ਰੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਉਸਦਾ ਕਥਿਤ ਪ੍ਰੇਮੀ ਹਰਜੀਤ ਸਿੰਘ ਅਜੇ ਫਰਾਰ ਹੈ ਅਤੇ ਉਸਦੀ ਭਾਲ ਜਾਰੀ ਹੈ। ਮੁਲਜ਼ਮ ਔਰਤ ਨੂੰ ਰਿਮਾਂਡ ‘ਤੇ ਲੈ ਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

 

ਪੁਲਿਸ ਦਾ ਦਾਅਵਾ ਹੈ ਕਿ ਦੋਵਾਂ ਦਾ ਸੰਪਰਕ ਇੰਸਟਾਗ੍ਰਾਮ ਰਾਹੀਂ ਹੋਇਆ ਸੀ ਅਤੇ ਉਸੇ ਤੋਂ ਇਹ ਕਥਿਤ ਪ੍ਰੇਮ ਸਬੰਧ ਬਣੇ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ‘ਚ ਸਹਿਮ ਦਾ ਮਾਹੌਲ ਹੈ ਅਤੇ ਪੀੜਤ ਪਿਤਾ ਕੁਲਵਿੰਦਰ ਸਿੰਘ ਦਾ ਪਰਿਵਾਰ ਸਦਮੇ ‘ਚ ਹੈ। ਪੁਲਿਸ ਦਾ ਕਹਿਣਾ ਹੈ ਕਿ ਰਿਮਾਂਡ ਦੌਰਾਨ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।