Pages

Pages

ਜਲੰਧਰ ਦੇ ਦੁਕਾਨਦਾਰ ਦੀ ਚਮਕੀ ਕਿਸਮਤ – 120 ਰੁਪਏ ਦੀ ਲਾਟਰੀ ਨਾਲ ਜਿੱਤਿਆ 1 ਲੱਖ, ਸਬਜ਼ੀ ਮੰਡੀ ‘ਚ ਵੰਡੀਆਂ ਮਿਠਾਈਆਂ।

ਜਲੰਧਰ, 26 ਸਤੰਬਰ : Prime Punjab 

ਜਲੰਧਰ ਦੇ ਭਗਵਾਨ ਵਾਲਮੀਕੀ ਚੌਂਕ ਕੋਲ ਸਬਜ਼ੀ ਮੰਡੀ ‘ਚ ਲਾਟਰੀ ਵੇਚਣ ਵਾਲੇ ਦੁਕਾਨਦਾਰ ਦੀ ਕਿਸਮਤ ਹੀ ਪਲਟ ਗਈ। ਕੁਕਰੇਜਾ ਲਾਟਰੀ ਦੀ ਦੁਕਾਨ ਚਲਾਉਣ ਵਾਲੇ ਸਰਬਜੀਤ ਨੇ ਆਪਣੀ ਹੀ ਦੁਕਾਨ ‘ਤੇ 120 ਰੁਪਏ ਦੀ ਲਾਟਰੀ ਟਿਕਟ ਨਾਲ 1 ਲੱਖ ਰੁਪਏ ਦਾ ਇਨਾਮ ਜਿੱਤ ਲਿਆ ਹੈ। 45 ਸਾਲਾਂ ਤੋਂ ਲਾਟਰੀ ਦਾ ਕੰਮ ਕਰ ਰਹੇ ਪਰਿਵਾਰ ਲਈ ਇਹ ਦਿਨ ਯਾਦਗਾਰ ਬਣ ਗਿਆ। ਦੁਕਾਨਦਾਰ ਦੇ ਲੱਖਪਤੀ ਬਣਦਿਆਂ ਹੀ ਬਾਜ਼ਾਰ ‘ਚ ਮਿਠਾਈਆਂ ਵੰਡੀਆਂ ਗਈਆਂ ਅਤੇ ਵਧਾਈਆਂ ਦਾ ਤਾਂਤਾ ਲੱਗ ਗਿਆ।

ਮਾਮਲੇ ਦੀ ਜਾਣਕਾਰੀ ਦਿੰਦਿਆਂ ਸਰਬਜੀਤ ਨੇ ਦੱਸਿਆ ਕਿ ਉਹ ਪਹਿਲਾਂ ਵੀ 5 ਤੋਂ 10 ਵਾਰ ਆਪਣੀ ਦੁਕਾਨ ‘ਤੇ ਲਾਟਰੀ ਚੁੱਕ ਕੇ ਕਿਸਮਤ ਅਜ਼ਮਾ ਚੁੱਕੇ ਹਨ। ਦੋ ਦਿਨ ਪਹਿਲਾਂ ਦੁਕਾਨ ‘ਤੇ ਰਾਜਸ਼੍ਰੀ ਲਾਟਰੀ ਦੀਆਂ 10 ਟਿਕਟਾਂ ਦੀ ਇੱਕ ਕਾਪੀ ਬਚ ਗਈ ਸੀ। ਉਨ੍ਹਾਂ ਸੋਚਿਆ ਕਿ ਚਲੋ ਇਸ ਵਾਰ ਫਿਰ ਕਿਸਮਤ ਅਜ਼ਮਾਉਂਦੇ ਹਾਂ। ਉਸੇ ਕਾਪੀ ‘ਚੋਂ ਇੱਕ ਟਿਕਟ ‘ਤੇ ਉਨ੍ਹਾਂ ਦਾ 1 ਲੱਖ ਰੁਪਏ ਦਾ ਇਨਾਮ ਨਿਕਲ ਆਇਆ। ਸਰਬਜੀਤ ਨੇ ਕਿਹਾ ਕਿ ਉਹ ਰੋਜ਼ ਲੋਕਾਂ ਨੂੰ ਕਰੋੜਪਤੀ ਬਣਾਉਂਦੇ ਹਨ, ਅੱਜ ਖੁਦ ਦੀ ਕਿਸਮਤ ਚਮਕ ਗਈ।

ਕੁਕਰੇਜਾ ਲਾਟਰੀ ਸੰਚਾਲਕ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ 45 ਸਾਲ ਪੁਰਾਣੀ ਹੈ ਅਤੇ ਉਨ੍ਹਾਂ ਦੀ ਦੁਕਾਨ ਤੋਂ ਹੁਣ ਤੱਕ 7 ਤੋਂ 8 ਗਾਹਕਾਂ ਦੀ ਕਿਸਮਤ ਚਮਕ ਚੁੱਕੀ ਹੈ। ਕਈ ਲੋਕ ਉਨ੍ਹਾਂ ਦੀ ਦੁਕਾਨ ਤੋਂ ਟਿਕਟ ਲੈ ਕੇ ਲੱਖਪਤੀ ਅਤੇ ਕਰੋੜਪਤੀ ਬਣ ਚੁੱਕੇ ਹਨ। ਇਹੀ ਵਜ੍ਹਾ ਹੈ ਕਿ ਉਨ੍ਹਾਂ ਦੀ ਦੁਕਾਨ ਸਬਜ਼ੀ ਮੰਡੀ ‘ਚ ਲੱਕੀ ਮੰਨੀ ਜਾਂਦੀ ਹੈ। ਹੁਣ ਖੁਦ ਦੁਕਾਨਦਾਰ ਦੇ ਲੱਖਪਤੀ ਬਣਨ ਨਾਲ ਦੁਕਾਨ ਦੀ ਚਰਚਾ ਪੂਰੇ ਜਲੰਧਰ ‘ਚ ਹੋ ਰਹੀ ਹੈ।

ਇਨਾਮ ਨਿਕਲਣ ਤੋਂ ਬਾਅਦ ਸਰਬਜੀਤ ਨੇ ਤੁਰੰਤ ਆਪਣੇ ਪਰਿਵਾਰ ਨੂੰ ਲੱਖਪਤੀ ਬਣਨ ਦੀ ਖੁਸ਼ਖਬਰੀ ਦਿੱਤੀ, ਜਿਸ ਤੋਂ ਬਾਅਦ ਘਰ ‘ਚ ਖੁਸ਼ੀ ਦਾ ਮਾਹੌਲ ਛਾ ਗਿਆ। ਹੋਰ ਦੁਕਾਨਦਾਰਾਂ ਨੇ ਆ ਕੇ ਉਸਦਾ ਮੂੰਹ ਮਿੱਠਾ ਕਰਵਾਇਆ ਅਤੇ ਵਧਾਈ ਦਿੱਤੀ। ਸਰਬਜੀਤ ਦਾ ਕਹਿਣਾ ਹੈ ਕਿ ਲਾਟਰੀ ਕਿਸਮਤ ਦੀ ਖੇਡ ਹੈ ਅਤੇ ਮਿਹਨਤ ਦੇ ਨਾਲ-ਨਾਲ ਕਿਸਮਤ ਵੀ ਜ਼ਰੂਰੀ ਹੈ।