Pages

Pages

LPU ਹਿੰਸਾ ਮਾਮਲੇ ‘ਚ SIT ਗਠਿਤ, ਵਿਗਿਆਨਕ ਜਾਂਚ ਜਾਰੀ; ਵਿਦਿਆਰਥੀ ਸਾਡੇ ਬੱਚੇ, ਸੁਰੱਖਿਆ ਪਹਿਲੀ ਤਰਜੀਹ : DGP ਗੌਰਵ ਯਾਦਵ।

ਫਗਵਾੜਾ, 28 ਸਤੰਬਰ : Prime Punjab 

ਪੰਜਾਬ ਦੇ DGP ਗੌਰਵ ਯਾਦਵ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਫਗਵਾੜਾ ‘ਚ ਐਤਵਾਰ-ਸੋਮਵਾਰ ਦੀ ਰਾਤ ਵਾਪਰੀ ਹਿੰਸਕ ਘਟਨਾ ‘ਤੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਅਣਪਛਾਤੇ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਗਈ ਭੰਨ-ਤੋੜ ਤੇ ਅਗਜ਼ਨੀ ਦੀ ਵਿਗਿਆਨਕ ਅਤੇ ਤਕਨੀਕੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ SIT ਦਾ ਗਠਨ ਕਰ ਦਿੱਤਾ ਗਿਆ ਹੈ ਅਤੇ ਸਾਰੀ CCTV ਫੁਟੇਜ ਤੇ ਵੀਡੀਓ ਸਬੂਤਾਂ ਦੀ ਜਾਂਚ ਕੀਤੀ ਜਾ ਰਹੀ ਹੈ, FIR ਵੀ ਦਰਜ ਹੋ ਚੁੱਕੀ ਹੈ।

DGP ਨੇ ਸਪੱਸ਼ਟ ਕੀਤਾ ਕਿ ਪੰਜਾਬ ਪੁਲਿਸ ਨੇ ਇਸ ਦੌਰਾਨ ਬਹੁਤ ਹੀ ਸੰਜਮ ਨਾਲ ਕੰਮ ਲਿਆ ਹੈ। ਪੁਲਿਸ ਨੂੰ ਸਖ਼ਤ ਨਿਰਦੇਸ਼ ਦਿੱਤੇ ਗਏ ਸਨ ਕਿ ਵਿਦਿਆਰਥੀਆਂ ‘ਤੇ ਕਿਸੇ ਵੀ ਤਰ੍ਹਾਂ ਦਾ ਬਲ ਜਾਂ ਲਾਠੀਚਾਰਜ ਨਾ ਕੀਤਾ ਜਾਵੇ। ਉਨ੍ਹਾਂ ਕਿਹਾ “ਵਿਦਿਆਰਥੀ ਸਾਡੇ ਬੱਚੇ ਹਨ, ਉਨ੍ਹਾਂ ਦੀ ਸੁਰੱਖਿਆ ਸਾਡੀ ਮੁੱਖ ਤਰਜੀਹ ਹੈ।” ਪੁਲਿਸ ਨੇ ਵਿਦਿਆਰਥੀਆਂ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਵਿਚਕਾਰ ਕਈ ਗੇੜ ਗੱਲਬਾਤ ਕਰਵਾ ਕੇ ਮਸਲੇ ਨੂੰ ਸ਼ਾਂਤੀ ਨਾਲ ਹੱਲ ਕਰਨ ਦੀ ਕੋਸ਼ਿਸ਼ ਕੀਤੀ।

ਜਲੰਧਰ ਰੇਂਜ ਦੇ DIG ਨਵੀਨ ਸਿੰਗਲਾ ਅਤੇ ਕਪੂਰਥਲਾ ਦੇ SSP ਗੌਰਵ ਤੂਰਾ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਸਥਿਤੀ ਨੂੰ ਕਾਬੂ ਹੇਠ ਲਿਆ। DIG ਸਿੰਗਲਾ ਨੇ ਦੱਸਿਆ ਕਿ ਵਿਦਿਆਰਥੀਆਂ ਦੀ 7 ਮੈਂਬਰੀ ਕਮੇਟੀ, ਸਿਵਲ ਪ੍ਰਸ਼ਾਸਨ ਅਤੇ ਯੂਨੀਵਰਸਿਟੀ ਅਥਾਰਟੀ ਵਿਚਾਲੇ ਮੀਟਿੰਗ ਬਹੁਤ ਹੀ ਸਕਾਰਾਤਮਕ ਮਾਹੌਲ ‘ਚ ਹੋਈ। ਵਿਦਿਆਰਥੀਆਂ ਨੇ ਹੋਸਟਲ ਸਹੂਲਤਾਂ ਅਤੇ ਪ੍ਰਬੰਧਕੀ ਮੁੱਦੇ ਚੁੱਕੇ, ਜਿਨ੍ਹਾਂ ਨੂੰ ਯੂਨੀਵਰਸਿਟੀ ਨੇ ਜਲਦ ਲਾਗੂ ਕਰਨ ਦਾ ਭਰੋਸਾ ਦਿੱਤਾ ਹੈ। ਇਹ ਕਮੇਟੀ ਹੁਣ SIT ਨਾਲ ਤਾਲਮੇਲ ਰੱਖੇਗੀ।

ਇਸ ਦੇ ਨਾਲ ਹੀ DGP ਨੇ ਲੋਕਾਂ ਨੂੰ ਸੋਸ਼ਲ ਮੀਡੀਆ ‘ਤੇ ਗੈਰ-ਪ੍ਰਮਾਣਿਤ ਵੀਡੀਓ, ਆਡੀਓ ਅਤੇ ਗੁੰਮਰਾਹਕੁੰਨ ਖ਼ਬਰਾਂ ਨਾ ਫੈਲਾਉਣ ਦੀ ਅਪੀਲ ਕੀਤੀ ਅਤੇ ਸਿਰਫ਼ ਪ੍ਰਮਾਣਿਤ ਜਾਣਕਾਰੀ ‘ਤੇ ਭਰੋਸਾ ਕਰਨ ਲਈ ਕਿਹਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਾਣ-ਬੁੱਝ ਕੇ ਅਫਵਾਹਾਂ ਫੈਲਾਉਣ ਵਾਲਿਆਂ ‘ਤੇ ਕਾਨੂੰਨੀ ਕਾਰਵਾਈ ਹੋਵੇਗੀ। ਫਿਲਹਾਲ ਯੂਨੀਵਰਸਿਟੀ ਅਤੇ ਆਲੇ-ਦੁਆਲੇ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ ਅਤੇ ਵਿਦਿਆਰਥੀਆਂ ‘ਚ ਭਰੋਸਾ ਬਹਾਲ ਕਰਨ ਲਈ ਫਾਜ਼ਿਲਕਾ ਤੋਂ ਲੈ ਕੇ ਮੋਹਾਲੀ, ਲੁਧਿਆਣਾ ਤੱਕ ਸੀਨੀਅਰ ਅਧਿਕਾਰੀ ਵਿਦਿਅਕ ਸੰਸਥਾਵਾਂ ਦਾ ਦੌਰਾ ਕਰ ਰਹੇ ਹਨ।