Pages

Pages

ਥਾਣਿਆਂ ਬਾਹਰ ਵਿਕ ਰਿਹਾ ਨਸ਼ਾ, ਹੋ ਰਹੀ ਹੋਮ ਡਿਲੀਵਰੀ – AAP ਸਰਕਾਰ ਜ਼ਿੰਮੇਵਾਰ: ਕੇਂਦਰੀ ਮੰਤਰੀ ਬਘੇਲ।

ਜਲੰਧਰ, 29 ਸਤੰਬਰ : Prime Punjab 

ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੇ 12ਵੇਂ ਦਿਨ ਮੰਗਲਵਾਰ ਨੂੰ ਸ਼ਾਹਕੋਟ, ਨਕੋਦਰ ਅਤੇ ਜਲੰਧਰ ਕੈਂਟ ‘ਚ ਰੈਲੀਆਂ ਕੀਤੀਆਂ ਗਈਆਂ। ਇਸ ਦੌਰਾਨ ਕੇਂਦਰੀ ਮੰਤਰੀ ਐੱਸ.ਪੀ. ਬਘੇਲ ਨੇ ਕਿਹਾ ਕਿ ਪੰਜਾਬ ਨੇ ਮੁਗਲਾਂ-ਅੰਗਰੇਜ਼ਾਂ ਨਾਲ ਲੜਾਈ ਲੜੀ ਹੈ, ਹੁਣ ਨਸ਼ੇ ਖ਼ਿਲਾਫ਼ ਲੜਨ ਦੀ ਵਾਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਪਛਾਣ ਕਦੇ ਬਹਾਦਰੀ, ਹਾਕੀ ਅਤੇ ਜ਼ਿੰਦਾਦਿਲੀ ਸੀ, ਪਰ ਅੱਜ ਨਸ਼ੇ ਨੇ ਇਸਨੂੰ ਬਦਨਾਮ ਕਰ ਦਿੱਤਾ ਹੈ ਅਤੇ ਇਸ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹੈ।

 

ਬਘੇਲ ਨੇ ਸੂਬਾ ਸਰਕਾਰ ‘ਤੇ ਵੱਡਾ ਹਮਲਾ ਬੋਲਦਿਆਂ ਕਿਹਾ ਕਿ ਪੰਜਾਬ ‘ਚ ਥਾਣਿਆਂ ਦੇ ਬਾਹਰ ਤੱਕ ਨਸ਼ਾ ਵਿਕ ਰਿਹਾ ਹੈ ਅਤੇ ਹੋਮ ਡਿਲਿਵਰੀ ਵੀ ਹੋ ਰਹੀ ਹੈ। ਨਸ਼ੇ ਕਾਰਨ ਕਈ ਪਰਿਵਾਰਾਂ ਦੇ ਘਰ ਅਤੇ ਖੇਤ ਤੱਕ ਵਿਕ ਗਏ ਹਨ। ਸਰਕਾਰ ਦਾਅਵਾ ਕਰ ਰਹੀ ਹੈ ਕਿ ਨੈੱਟਵਰਕ ‘ਤੇ ਲਗਾਮ ਲੱਗੀ ਹੈ, ਜਦਕਿ ਜ਼ਮੀਨ ‘ਤੇ ਪੁਲਿਸ ਦੇ ਹੱਥ ਬੰਨ੍ਹੇ ਹੋਏ ਹਨ। ਉਨ੍ਹਾਂ ਯੂਪੀ ਦੀ ਮਿਸਾਲ ਦਿੱਤੀ ਕਿ ਜਿਵੇਂ ਉੱਥੇ ਗੈਂਗਸਟਰਾਂ ‘ਤੇ ਕਾਬੂ ਪਾਇਆ ਗਿਆ, ਉਵੇਂ ਹੀ ਪੰਜਾਬ ‘ਚ ਵੀ ਲੋੜ ਹੈ।

 

ਕੇਂਦਰੀ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ਦੇ ਦਰਦ ਨੂੰ ਸਮਝਿਆ ਹੈ। ਇਸੇ ਲਈ 30 ਸਤੰਬਰ ਨੂੰ ਜਲੰਧਰ ਦੇ 63 ਏਕੜ ਗਰਾਊਂਡ ‘ਚ ਅਮਿਤ ਸ਼ਾਹ ਦੀ ਵਿਸ਼ਾਲ ਰੈਲੀ ਨਾਲ ਇਸ ਯਾਤਰਾ ਦਾ ਸਮਾਪਨ ਹੋਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਆਉਣ ਵਾਲੀ ਪੀੜ੍ਹੀ ਨੂੰ ਬਚਾਉਣਾ ਹੈ ਤਾਂ ਭਾਜਪਾ ਦੀ ਡਬਲ ਇੰਜਣ ਸਰਕਾਰ ਨੂੰ ਮੌਕਾ ਦਿਓ। ਉਨ੍ਹਾਂ ਨੌਜਵਾਨਾਂ ਨੂੰ ਨਸ਼ੇ ਦੀ ਥਾਂ ਹਾਕੀ, ਮੈਡਲ ਅਤੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਵੱਲ ਜਾਣ ਲਈ ਕਿਹਾ।

 

ਇਸ ਮੌਕੇ ਸਾਬਕਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ, ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ, ਭਾਜਪਾ ਜਨਰਲ ਸਕੱਤਰ ਡਾ. ਅਮਰਜੀਤ ਸਿੰਘ ਗਿੱਲ, ਜ਼ਿਲ੍ਹਾ ਪ੍ਰਧਾਨ ਜਗਬੀਰ ਸਿੰਘ ਬਰਾੜ ਸਮੇਤ ਕਈ ਆਗੂ ਮੌਜੂਦ ਰਹੇ। ਜਗਬੀਰ ਬਰਾੜ ਨੇ ਕਿਹਾ ਕਿ ਪੰਜਾਬ ਇਸ ਸਮੇਂ ਸਿਆਸੀ ਅਤੇ ਨਸ਼ੇ ਦੇ ਅੱਤਵਾਦ ਨਾਲ ਜੂਝ ਰਿਹਾ ਹੈ, ਪਰ ਭਾਜਪਾ ਇਸ ਜੰਗ ਨੂੰ ਜ਼ਰੂਰ ਜਿੱਤੇਗੀ।