Pages

Pages

ਨਸ਼ਾ ਮੁਕਤ ਯਾਤਰਾ ਤੋਂ ਪਹਿਲਾਂ ਮਾਂ ਕਾਲਿਕਾ ਮੰਦਰ ‘ਚ ਨਤਮਸਤਕ ਹੋਏ ਭਾਜਪਾ ਪ੍ਰਧਾਨ ਕੇਵਲ ਢਿੱਲੋਂ, BJP ਵਿਰੋਧੀ ਨਾਅਰਿਆਂ ‘ਤੇ ਵੱਟੀ ਚੁੱਪੀ।

ਜਲੰਧਰ, 29 ਸਤੰਬਰ : Prime Punjab 

ਭਾਜਪਾ ਦੇ ਪੰਜਾਬ ਪ੍ਰਧਾਨ ਕੇਵਲ ਢਿੱਲੋਂ ਅੱਜ ਜਲੰਧਰ ‘ਚ ਭਗਵਾਨ ਵਾਲਮੀਕਿ ਚੌਂਕ ਨੇੜੇ ਸਥਿਤ ਮਾਂ ਕਾਲਿਕਾ ਨੰਦੀ ਕਲੇਸ਼ਵਰ ਮੰਦਰ ‘ਚ ਮੱਥਾ ਟੇਕਣ ਪਹੁੰਚੇ। ਭਾਜਪਾ ਨੇ 18 ਸਤੰਬਰ ਤੋਂ ‘ਨਸ਼ਾ ਮੁਕਤ ਪੰਜਾਬ ਯਾਤਰਾ’ ਸ਼ੁਰੂ ਕੀਤੀ ਹੈ, ਜਿਸ ਤਹਿਤ ਅੱਜ ਇਹ ਯਾਤਰਾ ਕੇਂਦਰੀ ਮੰਤਰੀ SP ਬਘੇਲ ਦੀ ਅਗਵਾਈ ‘ਚ ਕਪੂਰਥਲਾ ਤੋਂ ਸ਼ਾਹਕੋਟ ਹੁੰਦੇ ਹੋਏ ਮਹਿਤਪੁਰ ਪਹੁੰਚੀ। ਮੰਦਰ ‘ਚ ਅਸ਼ੀਰਵਾਦ ਲੈਣ ਤੋਂ ਬਾਅਦ ਢਿੱਲੋਂ ਨੇ ਕਿਹਾ ਕਿ ਉਹ ਖੁਦ ਨੂੰ ਸੁਭਾਗਸ਼ਾਲੀ ਮੰਨਦੇ ਹਨ ਅਤੇ ਉਨ੍ਹਾਂ ਨੇ ਮਹਾਮਾਈ ਅੱਗੇ ਪੰਜਾਬ ਨੂੰ ਖੁਸ਼ਹਾਲ ਰੱਖਣ ਦੀ ਅਰਦਾਸ ਕੀਤੀ ਹੈ।

 

ਇਸ ਦੌਰਾਨ ਕੇਵਲ ਢਿੱਲੋਂ ਨੇ ਕਿਹਾ ਕਿ ਪੰਜਾਬ ‘ਚ ਨਸ਼ੇ ਦੀ ਵੱਡੀ ਸਮੱਸਿਆ ਨੂੰ ਖਤਮ ਕਰਨ ਲਈ ਭਾਜਪਾ ਪੂਰੀ ਤਾਕਤ ਨਾਲ ਲੱਗੀ ਹੋਈ ਹੈ ਅਤੇ ਲੋਕਾਂ ‘ਚ ਇਸ ਯਾਤਰਾ ਨੂੰ ਲੈ ਕੇ ਕਾਫੀ ਉਤਸ਼ਾਹ ਹੈ। ਉਨ੍ਹਾਂ ਦੱਸਿਆ ਕਿ ਕੱਲ੍ਹ 30 ਸਤੰਬਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੁਪਹਿਰ 1 ਵਜੇ ਤੱਕ ਜਲੰਧਰ ਪਹੁੰਚਣਗੇ ਅਤੇ 63 ਏਕੜ ‘ਚ ਹੋਣ ਵਾਲੀ ਵਿਸ਼ਾਲ ਮਹਾਂਰੈਲੀ ‘ਚ ਸ਼ਾਮਲ ਹੋਣਗੇ। ਇਸੇ ਰੈਲੀ ‘ਚ ਭਾਜਪਾ ਦੀਆਂ ਚਾਰੇ ਯਾਤਰਾਵਾਂ ਦਾ ਸਮਾਪਨ ਹੋਵੇਗਾ।

 

ਹਾਲਾਂਕਿ ਮੀਡੀਆ ਨਾਲ ਗੱਲਬਾਤ ਦੌਰਾਨ ਕੇਵਲ ਢਿੱਲੋਂ ਦੋ ਵੱਡੇ ਮੁੱਦਿਆਂ ‘ਤੇ ਚੁੱਪੀ ਵੱਟਦੇ ਨਜ਼ਰ ਆਏ। ਪਹਿਲਾ, ਜਲੰਧਰ ਦੇ ਰੈੱਡ ਕਰਾਸ ਭਵਨ ਦੀਆਂ ਕੰਧਾਂ ‘ਤੇ ਲਿਖੇ ‘BJP ਭਜਾਓ’ ਅਤੇ ਖਾਲਿਸਤਾਨੀ ਨਾਅਰੇ, ਜਿਨ੍ਹਾਂ ਦੀ ਜ਼ਿੰਮੇਵਾਰੀ ਅੱਤਵਾਦੀ ਪੰਨੂ ਨੇ ਲਈ ਹੈ, ਅਤੇ ਦੂਜਾ LPU ‘ਚ ਵਿਦਿਆਰਥੀਆਂ ਵੱਲੋਂ ਕੀਤੀ ਗਈ ਭੰਨ-ਤੋੜ ਦਾ ਵਿਵਾਦ। ਦੋਵਾਂ ਸਵਾਲਾਂ ‘ਤੇ ਉਨ੍ਹਾਂ ਨੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

 

ਉਧਰ ਮਹਿਤਪੁਰ ‘ਚ ਕੇਂਦਰੀ ਮੰਤਰੀ SP ਬਘੇਲ ਨੇ ਕਿਹਾ ਕਿ PM ਨਰਿੰਦਰ ਮੋਦੀ ਨੇ 2029 ਤੱਕ ਪੂਰੇ ਦੇਸ਼ ਨੂੰ ਨਸ਼ਾ ਮੁਕਤ ਕਰਨ ਦਾ ਵਾਅਦਾ ਕੀਤਾ ਹੈ। ਜਿਸ ਤਰ੍ਹਾਂ ਅੱਤਵਾਦ ਅਤੇ ਨਕਸਲਵਾਦ ‘ਤੇ ਕਾਬੂ ਪਾਇਆ ਗਿਆ ਹੈ, ਉਸੇ ਤਰ੍ਹਾਂ ਨਸ਼ਿਆਂ ਖਿਲਾਫ ਵੀ ਨਿਰਣਾਇਕ ਲੜਾਈ ਲੜੀ ਜਾਵੇਗੀ। ਉਨ੍ਹਾਂ ਕਿਹਾ ਕਿ ਨਸ਼ਾ ਸਿਰਫ਼ ਇੱਕ ਵਿਅਕਤੀ ਨੂੰ ਨਹੀਂ, ਸਗੋਂ ਪੂਰੇ ਪਰਿਵਾਰ ਅਤੇ ਸਮਾਜ ਨੂੰ ਬਰਬਾਦ ਕਰਦਾ ਹੈ, ਇਸ ਲਈ ਇਸ ਯਾਤਰਾ ਨੂੰ ਜਨ ਅੰਦੋਲਨ ਬਣਾਉਣਾ ਜ਼ਰੂਰੀ ਹੈ।