Pages

Pages

ਫਿਰੋਜ਼ਪੁਰ ‘ਚ ਰੇਲਵੇ ਅਫ਼ਸਰ ਦੀ ਗੁੰਡਾਗਰਦੀ – ਅਦਾਲਤੀ ਹੁਕਮ ਲਾਗੂ ਕਰਨ ਬਦਲੇ 40,000 ਦੀ ਰਿਸ਼ਵਤ ਲੈਂਦਾ ਇੰਜੀਨੀਅਰ ਕਾਬੂ।

ਫਿਰੋਜ਼ਪੁਰ, 08 ਅਕਤੂਬਰ : Prime Punjab 

ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਤਹਿਤ ਤੀਜੀ ਵੱਡੀ ਸਫਲਤਾ ਹਾਸਲ ਕੀਤੀ ਹੈ। ਉੱਤਰੀ ਰੇਲਵੇ ‘ਚ ਤਾਇਨਾਤ ਸੀਨੀਅਰ ਸੈਕਸ਼ਨ ਇੰਜੀਨੀਅਰ ਪੰਕਜ ਭਾਰਦਵਾਜ ਨੂੰ 40,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਗ੍ਰਿਫ਼ਤਾਰੀ ਫਿਰੋਜ਼ਪੁਰ ਦੇ ਇੱਕ ਵਸਨੀਕ ਦੀ ਸ਼ਿਕਾਇਤ ‘ਤੇ ਹੋਈ ਹੈ।

 

ਮਾਮਲਾ ਬੜਾ ਹੈਰਾਨੀਜਨਕ ਹੈ। ਸ਼ਿਕਾਇਤਕਰਤਾ ਹਰਦੀਪ ਸਿੰਘ ਨੇ ਆਪਣੇ ਜਾਣ-ਪਛਾਣ ਵਾਲੇ ਰੇਲਵੇ ਕਰਮਚਾਰੀ ਅਮਿਤ ਕੁਮਾਰ ਨੂੰ ਨਿੱਜੀ ਲੋੜ ਲਈ ਪੈਸੇ ਉਧਾਰ ਦਿੱਤੇ ਸਨ। ਪੈਸੇ ਵਾਪਸ ਨਾ ਮਿਲਣ ‘ਤੇ ਉਸਨੇ ਅਦਾਲਤ ‘ਚ ਸਿਵਲ ਕੇਸ ਕੀਤਾ। ਫਿਰੋਜ਼ਪੁਰ ਅਦਾਲਤ ਨੇ ਰੇਲਵੇ ਵਿਭਾਗ ਨੂੰ ਹੁਕਮ ਦਿੱਤਾ ਕਿ ਅਮਿਤ ਦੀ ਤਨਖਾਹ ‘ਚੋਂ ਇੱਕ ਤਿਹਾਈ (1/3) ਹਿੱਸਾ ਕੱਟ ਕੇ ਹਰਦੀਪ ਸਿੰਘ ਨੂੰ ਦਿੱਤਾ ਜਾਵੇ।

 

ਅਦਾਲਤੀ ਹੁਕਮ ਨੂੰ ਲਾਗੂ ਕਰਨਾ ਜਿਸ ਅਫ਼ਸਰ ਦੀ ਡਿਊਟੀ ਸੀ, ਉਸੇ S.S.E. ਪੰਕਜ ਭਾਰਦਵਾਜ ਨੇ ਹਰਦੀਪ ਸਿੰਘ ਤੋਂ 40,000 ਰੁਪਏ ਰਿਸ਼ਵਤ ਦੀ ਮੰਗ ਕਰ ਦਿੱਤੀ। ਯਾਨੀ ਆਪਣਾ ਹੱਕੀ ਪੈਸਾ ਲੈਣ ਲਈ ਵੀ ਪੀੜਤ ਨੂੰ ਰਿਸ਼ਵਤ ਦੇਣੀ ਪੈ ਰਹੀ ਸੀ। ਰਿਸ਼ਵਤ ਦੇਣ ਤੋਂ ਇਨਕਾਰ ਕਰਦਿਆਂ ਪੀੜਤ ਨੇ ਵਿਜੀਲੈਂਸ ਰੇਂਜ ਫਿਰੋਜ਼ਪੁਰ ਨਾਲ ਸੰਪਰਕ ਕੀਤਾ।

 

ਸ਼ਿਕਾਇਤ ‘ਤੇ ਤੁਰੰਤ ਕਾਰਵਾਈ ਕਰਦਿਆਂ ਵਿਜੀਲੈਂਸ ਦੀ ਟੀਮ ਨੇ ਜਾਲ ਵਿਛਾਇਆ ਅਤੇ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ‘ਚ ਪੰਕਜ ਭਾਰਦਵਾਜ ਨੂੰ 40,000 ਰੁਪਏ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਉਸ ਖਿਲਾਫ ਵਿਜੀਲੈਂਸ ਥਾਣਾ ਫਿਰੋਜ਼ਪੁਰ ‘ਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।