ਪੰਜਾਬ, 14 ਅਕਤੂਬਰ : Prime Punjab
ਪੰਜਾਬ ਸਰਕਾਰ ਨੇ ਟੈਕਸ ਚੋਰਾਂ ਖਿਲਾਫ ਸਭ ਤੋਂ ਵੱਡੀ ਕਾਰਵਾਈ ਕਰਦਿਆਂ 429.30 ਕਰੋੜ ਰੁਪਏ ਦੇ GST ਧੋਖਾਧੜੀ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਇਹ ਘਪਲਾ 2,410 ਕਰੋੜ ਰੁਪਏ ਦੀ ਟੈਕਸਯੋਗ ਰਕਮ ਨਾਲ ਜੁੜਿਆ ਹੈ, ਜਿਸ ਵਿੱਚ ਜਾਅਲੀ ਬਿੱਲਾਂ ਰਾਹੀਂ ਸਰਕਾਰੀ ਖਜ਼ਾਨੇ ਨੂੰ ਲੁੱਟਿਆ ਜਾ ਰਿਹਾ ਸੀ।
ਇਸ ਮਾਮਲੇ ‘ਚ ਸਟੇਟ ਇੰਟੈਲੀਜੈਂਸ ਐਂਡ ਪ੍ਰੀਵੈਂਟਿਵ ਯੂਨਿਟ (SIPU) ਦੀ ਸੂਚਨਾ ‘ਤੇ ਲੁਧਿਆਣਾ ਦੇ ਥਾਣਾ ਡਵੀਜ਼ਨ ਨੰਬਰ 4 ‘ਚ FIR ਨੰਬਰ 0185 ਮਿਤੀ 13 ਅਕਤੂਬਰ 2026 ਨੂੰ ਦਰਜ ਕੀਤੀ ਗਈ ਹੈ। ਮੁਲਜ਼ਮਾਂ ‘ਚ ਸ਼੍ਰੀ ਬਾਲਾਜੀ ਟਰਾਂਸਪੋਰਟ ਕੰਪਨੀ ਦੇ ਮਾਲਕ ਹਰਸ਼ ਥਾਪਰ ਅਤੇ ਉਸਦੇ ਸਾਥੀ ਸੰਮੀ ਧੀਮਾਨ ਤੇ ਜੱਸ ਦਾ ਨਾਮ ਸ਼ਾਮਲ ਹੈ। ਉਨ੍ਹਾਂ ‘ਤੇ BNS ਅਤੇ CGST ਐਕਟ 132 ਤਹਿਤ ਕੇਸ ਦਰਜ ਹੋਇਆ ਹੈ।
ਇਸ ਪੂਰੇ ਨੈੱਟਵਰਕ ਦਾ ਖੁਲਾਸਾ 30 ਸਤੰਬਰ ਨੂੰ ਦਿੱਲੀ ਤੋਂ ਪੰਜਾਬ ਆ ਰਹੇ ਇੱਕ ਟਰੱਕ (DL01AR-1775) ਨੂੰ ਰੋਕਣ ਤੋਂ ਹੋਇਆ। ਜਾਂਚ ‘ਚ ਪਤਾ ਲੱਗਾ ਕਿ ਬਿੱਲਾਂ ‘ਤੇ ਜਿਨ੍ਹਾਂ 3 ਪੰਜਾਬੀ ਫਰਮਾਂ ਦਾ ਨਾਮ ਸੀ, ਉਨ੍ਹਾਂ ਨੇ ਕੋਈ ਆਰਡਰ ਹੀ ਨਹੀਂ ਦਿੱਤਾ ਸੀ। ਡਾਟਾ ਐਨਾਲਿਟਿਕਸ ਤੋਂ ਪਤਾ ਲੱਗਾ ਕਿ ਕਈ ਰਾਜਾਂ ‘ਚ 62 ਫਰਜ਼ੀ ਫਰਮਾਂ ਦਾ ਜਾਲ ਹੈ, ਜਿਨ੍ਹਾਂ ‘ਚੋਂ 25 ਇਕੱਲੇ ਪੰਜਾਬ ‘ਚ ਸਰਗਰਮ ਸਨ। ਇਹ ਸਿੰਡੀਕੇਟ 2025-26 ਅਤੇ 2026-27 ਦੌਰਾਨ ਸਰਗਰਮ ਸੀ।
ਵਿੱਤ ਮੰਤਰੀ ਚੀਮਾ ਨੇ ਸਖਤ ਚੇਤਾਵਨੀ ਦਿੰਦਿਆਂ ਕਿਹਾ ਕਿ ਇਸ ਮਾਮਲੇ ਦੀ ਅਪਰਾਧਿਕ ਜਾਂਚ ਪੁਲਿਸ ਨੂੰ ਸੌਂਪ ਦਿੱਤੀ ਗਈ ਹੈ ਅਤੇ ਸਾਰੇ ਲਾਭਪਾਤਰੀ ਡੀਲਰਾਂ ਤੋਂ ਬਕਾਇਆ ਟੈਕਸ, ਵਿਆਜ ਤੇ ਜੁਰਮਾਨੇ ਦੀ ਇੱਕ-ਇੱਕ ਪਾਈ ਵਸੂਲੀ ਜਾਵੇਗੀ। ਉਨ੍ਹਾਂ ਕਿਹਾ ਇਮਾਨਦਾਰ ਕਰਦਾਤਾਵਾਂ ਨੂੰ ਪੂਰੀ ਸਹੂਲਤ ਮਿਲੇਗੀ, ਪਰ ਜਾਅਲੀ ਬਿੱਲ ਬਣਾਉਣ ਵਾਲਿਆਂ ਅਤੇ ਉਨ੍ਹਾਂ ਦੀ ਮਦਦ ਕਰਨ ਵਾਲੇ ਟਰਾਂਸਪੋਰਟਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ।


More Stories
ਡੀ.ਏ.ਵੀ. ਯੂਨੀਵਰਸਿਟੀ ‘ਚ ਏ.ਆਈ.ਯੂ. ਉੱਤਰੀ ਜ਼ੋਨ ਵਾਲੀਬਾਲ ਚੈਂਪੀਅਨਸ਼ਿਪ ਸ਼ੁਰੂ, 97 ਯੂਨੀਵਰਸਿਟੀਆਂ ਦੀਆਂ ਟੀਮਾਂ ਲੈ ਰਹੀਆਂ ਭਾਗ।
ASI ਇਕਬਾਲ ਸਿੰਘ ਕਤਲ ਕੇਸ ‘ਚ AGTF ਨੂੰ ਵੱਡੀ ਸਫਲਤਾ, ਦੂਜਾ ਸ਼ੂਟਰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ, ਦੋਵੇਂ ਸ਼ੂਟਰ ਕਾਬੂ।
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵਿਸ਼ਾਲ ਨਗਰ ਕੀਰਤਨ ਦਾ ਭਾਜਪਾ ਨੇ ਕੀਤਾ ਸ਼ਾਨਦਾਰ ਸਵਾਗਤ, ਫੁੱਲਾਂ ਦੀ ਵਰਖਾ ਤੇ ਪ੍ਰਸ਼ਾਦ ਵੰਡਿਆ।