Pages

Pages

DAV ਯੂਨੀਵਰਸਿਟੀ ‘ਚ ‘ਗੱਲ ਪੰਜਾਬ ਦੀ’ ਪ੍ਰੋਗਰਾਮ – ਸਮਾਜਿਕ ਚੁਣੌਤੀਆਂ ਤੇ ਡਿਜੀਟਲ ਜ਼ਿੰਮੇਵਾਰੀ ‘ਤੇ ਹੋਈ ਵੱਡੀ ਚਰਚਾ।

Editor : Manvir Singh Walia , Jatin Kumar Sahota 

ਜਲੰਧਰ, 16 ਅਕਤੂਬਰ : Prime Punjab 

ਡੀ.ਏ.ਵੀ. ਯੂਨੀਵਰਸਿਟੀ ਜਲੰਧਰ ਵੱਲੋਂ ਪੰਜਾਬ ਦੇ ਅਹਿਮ ਮੁੱਦਿਆਂ ਨੂੰ ਲੈ ਕੇ ਵਿਸ਼ੇਸ਼ ਪ੍ਰੋਗਰਾਮ “ਗੱਲ ਪੰਜਾਬ ਦੀ: ਤੂਤਾਂ ਵਾਲੇ ਖੂਹ ‘ਤੇ” ਦਾ ਸਫਲ ਆਯੋਜਨ ਕੀਤਾ ਗਿਆ। ਇਸ ਦੌਰਾਨ ‘ਸਾਡੀ ਸਮਾਜਿਕ ਜ਼ਿੰਮੇਵਾਰੀ ਅਤੇ ਨੈਤਿਕਤਾ’ ਵਿਸ਼ੇ ‘ਤੇ ਪੈਨਲ ਚਰਚਾ ਕਰਵਾਈ ਗਈ, ਜਿਸ ‘ਚ ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਨਸ਼ਾ, ਨੈਤਿਕ ਕਦਰਾਂ-ਕੀਮਤਾਂ ‘ਚ ਗਿਰਾਵਟ ਅਤੇ ਨੌਜਵਾਨਾਂ ‘ਤੇ ਸੋਸ਼ਲ ਮੀਡੀਆ ਦੇ ਮਾੜੇ ਪ੍ਰਭਾਵ ਵਰਗੇ ਗੰਭੀਰ ਵਿਸ਼ਿਆਂ ‘ਤੇ ਵਿਚਾਰ ਸਾਂਝੇ ਕੀਤੇ ਗਏ।

ਪ੍ਰੋਗਰਾਮ ਦਾ ਆਗਾਜ਼ ਵਾਈਸ ਚਾਂਸਲਰ ਪ੍ਰੋ. (ਡਾ.) ਮਨੋਜ ਕੁਮਾਰ ਦੇ ਸੰਬੋਧਨ ਨਾਲ ਹੋਇਆ। ਉਨ੍ਹਾਂ ਕਿਹਾ ਕਿ ਵਿਅਕਤੀ ਦਾ ਕਿਰਦਾਰ ਉਸਦੇ ਰਹਿਣ-ਸਹਿਣ ਤੋਂ ਪਤਾ ਲੱਗਦਾ ਹੈ। ਉਨ੍ਹਾਂ ਚਿੰਤਾ ਜਤਾਈ ਕਿ ਜਾਣਕਾਰੀ ਦੇ ਇਸ ਯੁੱਗ ‘ਚ ਜ਼ਰੂਰਤ ਤੋਂ ਜ਼ਿਆਦਾ ਜਾਣਕਾਰੀ ਨੌਜਵਾਨਾਂ ਦੀ ਫੈਸਲਾ ਲੈਣ ਦੀ ਸਮਰੱਥਾ ਨੂੰ ਖਤਮ ਕਰ ਰਹੀ ਹੈ। ਉਨ੍ਹਾਂ ਸੋਸ਼ਲ ਮੀਡੀਆ ਦੇ 10 ਜਾਲਾਂ ਬਾਰੇ ਦੱਸਿਆ ਜੋ ਨੌਜਵਾਨਾਂ ਦਾ ਧਿਆਨ ਭਟਕਾਉਂਦੇ ਹਨ ਅਤੇ ਫੇਕ ਨਿਊਜ਼ ਤੋਂ ਬਚਣ ਲਈ ਤੱਥਾਂ ਦੀ ਜਾਂਚ ਜ਼ਰੂਰੀ ਦੱਸੀ। ਹਾਈਕੋਰਟ ਦੇ ਵਕੀਲ ਬਲਤੇਜ ਸਿੰਘ ਢਿੱਲੋਂ ਨੇ ਕਿਹਾ ਕਿ ਆਮ ਲੋਕ ਵੀ ਰਿਸ਼ਵਤ ਦੇ ਕੇ ਭ੍ਰਿਸ਼ਟਾਚਾਰ ਨੂੰ ਵਧਾਵਾ ਦਿੰਦੇ ਹਨ, ਇਸ ਲਈ ਹਰ ਨਾਗਰਿਕ ਨੂੰ ਇਮਾਨਦਾਰੀ ਅਪਣਾਉਣੀ ਚਾਹੀਦੀ ਹੈ।

ਪ੍ਰੋਗਰਾਮ ਦੌਰਾਨ ਹੋਰ ਬੁਲਾਰਿਆਂ ਨੇ ਵੀ ਅਹਿਮ ਗੱਲਾਂ ਰੱਖੀਆਂ। ਰਾਮਗੜ੍ਹੀਆ ਕਾਲਜ ਫਗਵਾੜਾ ਤੋਂ ਪ੍ਰੋ. (ਡਾ.) ਅਵਤਾਰ ਸਿੰਘ ਨੇ ਕਿਹਾ – “ਸਿੱਖਿਆ ਦੇ ਪਿੱਛੇ ਦੌੜੋ, ਅੰਕ ਆਪਣੇ ਆਪ ਮਿਲ ਜਾਣਗੇ”। ਮੋਟੀਵੇਸ਼ਨਲ ਸਪੀਕਰ ਤਰਵੀਨ ਕੌਰ ਨੇ ਸੋਸ਼ਲ ਮੀਡੀਆ ‘ਤੇ ਫੈਲਣ ਵਾਲੀਆਂ ਅਫਵਾਹਾਂ ਨੂੰ ‘ਚਾਈਨੀਜ਼ ਵਿਸਪਰ’ ਗੇਮ ਨਾਲ ਜੋੜਿਆ ਤੇ ਕਿਹਾ ਕਿ ਸ਼ੇਅਰ ਕਰਨ ਤੋਂ ਪਹਿਲਾਂ ਜਾਣਕਾਰੀ ਦੀ ਪੁਸ਼ਟੀ ਜ਼ਰੂਰ ਕਰੋ। ਮਨੋਵਿਗਿਆਨ ਵਿਭਾਗ ਦੀ ਕੋਆਰਡੀਨੇਟਰ ਡਾ. ਪ੍ਰਤਿਮਾ ਸ਼ਰਮਾ ਨੇ ‘ਡੂਮਸਕ੍ਰੋਲਿੰਗ’ ਵਰਗੀ ਆਦਤ ਦੇ ਸਰੀਰਕ ਤੇ ਮਾਨਸਿਕ ਸਿਹਤ ‘ਤੇ ਮਾੜੇ ਅਸਰਾਂ ਬਾਰੇ ਦੱਸਿਆ ਅਤੇ ਸੋਸ਼ਲ ਮੀਡੀਆ ਦਾ ਸਮਾਂ ਫਿਕਸ ਕਰਨ ਦੀ ਸਲਾਹ ਦਿੱਤੀ।

ਇਸ ਮੌਕੇ ਰਾਸ਼ਟਰਪਤੀ ਐਵਾਰਡੀ ਮਨਿੰਦਰ ਸਿੰਘ ਨੇ ਆਪਣਾ ਤਜਰਬਾ ਸਾਂਝਾ ਕਰਦਿਆਂ ਨੌਜਵਾਨਾਂ ਨੂੰ ਕਿਹਾ “ਆਪਣੇ ਹੌਸਲੇ ਨੂੰ ਕਦੇ ਵੀ ਮਰਨ ਨਾ ਦਿਓ”। ਮੈਡਮ ਬਰੁਨ ਕੌਰ ਮਾਨ ਨੇ ਕਿਹਾ ਕਿ ਨੈਤਿਕਤਾ ਤੋਂ ਬਿਨਾਂ ਸਿੱਖਿਆ ਅਧੂਰੀ ਹੈ। ਅੰਤ ‘ਚ ਡੀਨ ਸਟੂਡੈਂਟਸ ਵੈਲਫੇਅਰ ਡਾ. ਕਮਲਜੀਤ ਕੌਰ ਸਿੱਧੂ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਮਾਜਿਕ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਨੈਤਿਕਤਾ, ਮੀਡੀਆ ਸਾਖਰਤਾ ਅਤੇ ਜ਼ਿੰਮੇਵਾਰ ਤਕਨਾਲੋਜੀ ਦੀ ਵਰਤੋਂ ਬਹੁਤ ਜ਼ਰੂਰੀ ਹੈ।