ਪੰਜਾਬ, 17 ਅਕਤੂਬਰ : Prime Punjab
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਨਜਾਇਜ਼ ਮਾਈਨਿੰਗ ਖਿਲਾਫ ਸਖਤ ਕਾਰਵਾਈ ਕਰਦਿਆਂ ਸੂਬੇ ‘ਚ 4 ਵੱਖ-ਵੱਖ ਥਾਵਾਂ ‘ਤੇ ਵੱਡੇ ਛਾਪੇ ਮਾਰੇ ਹਨ। ਖਣਨ ਅਤੇ ਭੂ-ਵਿਗਿਆਨ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਪਠਾਨਕੋਟ, ਕਪੂਰਥਲਾ ਅਤੇ ਸ੍ਰੀ ਅਨੰਦਪੁਰ ਸਾਹਿਬ ‘ਚ ਕੀਤੀ ਗਈ ਕਾਰਵਾਈ ਦੌਰਾਨ ਭਾਰੀ ਗਿਣਤੀ ‘ਚ ਮਸ਼ੀਨਰੀ ਅਤੇ ਵਾਹਨ ਜ਼ਬਤ ਕੀਤੇ ਗਏ ਹਨ।
ਪਠਾਨਕੋਟ ਦੇ ਪਿੰਡ ਜੱਸਵਾਂ ‘ਚ ਦੇਰ ਰਾਤ ਹੋਈ ਕਾਰਵਾਈ ਦੌਰਾਨ ਪਹਿਲਾਂ ਤੋਂ ਮੁਅੱਤਲ ਚੱਲ ਰਹੇ ਤ੍ਰੇਹਨ ਸਟੋਨ ਕਰੱਸ਼ਰ ‘ਤੇ ਛਾਪਾ ਮਾਰਿਆ ਗਿਆ। ਮੌਕੇ ਤੋਂ 400 ਕਿਊਬਿਕ ਫੁੱਟ ਬਜਰੀ ਨਾਲ ਭਰਿਆ ਬਿਨਾਂ ਨੰਬਰੀ ਟਿੱਪਰ ਅਤੇ ਪੋਕਲੇਨ ਮਸ਼ੀਨ ਜ਼ਬਤ ਕੀਤੀ ਗਈ। ਜਾਂਚ ‘ਚ ਸਾਹਮਣੇ ਆਇਆ ਕਿ ਮਾਲਕ ਨਵਜੋਤ ਸਿੰਘ ਵੱਲੋਂ ਜਨਰੇਟਰ ਲਾ ਕੇ ਕਰੱਸ਼ਰ ਚਲਾਇਆ ਜਾ ਰਿਹਾ ਸੀ ਅਤੇ ਲੋਕਾਂ ਨੂੰ ਸਰਕਾਰੀ ਮਨਜ਼ੂਰੀ ਦਾ ਝੂਠ ਬੋਲ ਕੇ ਗੁੰਮਰਾਹ ਕੀਤਾ ਜਾ ਰਿਹਾ ਸੀ। ਥਾਣਾ ਤਾਰਾਗੜ੍ਹ ‘ਚ ਮਾਲਕ ਖਿਲਾਫ ਕੇਸ ਦਰਜ ਹੋਇਆ ਹੈ।
ਦੂਜੇ ਪਾਸੇ ਕਪੂਰਥਲਾ ਦੇ ਪਿੰਡ ਖਿਜਰਪੁਰ ‘ਚ ਫਲਾਇੰਗ ਸਕੁਐਡ ਅਤੇ ਪੁਲਿਸ ਦੀ ਸਾਂਝੀ ਕਾਰਵਾਈ ‘ਚ 6 ਟਿੱਪਰ, 1 ਪੋਕਲੇਨ ਮਸ਼ੀਨ ਅਤੇ 1 ਟਰੈਕਟਰ ਜ਼ਬਤ ਕੀਤਾ ਗਿਆ, ਜਿਨ੍ਹਾਂ ‘ਚੋਂ 2 ਟਿੱਪਰਾਂ ‘ਚ 800-800 ਕਿਊਬਿਕ ਫੁੱਟ ਰੇਤਾ ਲੱਦਿਆ ਸੀ। ਇਸ ਮਾਮਲੇ ‘ਚ ਜਲੰਧਰ ਦੇ ਮਾਈਕਲ ਸਮੇਤ 5 ਲੋਕਾਂ ‘ਤੇ FIR ਦਰਜ ਕਰਕੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਸੇ ਤਰ੍ਹਾਂ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਸਵਾੜਾ ‘ਚ ਪਿਛਲੇ 2 ਦਿਨਾਂ ‘ਚ ਨਜਾਇਜ਼ ਮਾਈਨਿੰਗ ਦੇ 2 ਮਾਮਲੇ ਫੜੇ ਗਏ, ਜਿੱਥੇ ਜ਼ਮੀਨ ਮਾਲਕਾਂ ਖਿਲਾਫ FIR ਦਰਜ ਕਰਕੇ Tata Hitachi ਦੀ ਪੋਕਲੇਨ ਮਸ਼ੀਨ ਜ਼ਬਤ ਕੀਤੀ ਗਈ। ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਸਰਕਾਰੀ ਖਜ਼ਾਨੇ ਦੀ ਰਾਖੀ ਲਈ ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ।


More Stories
ਪੰਜਾਬ ‘ਚ 274 DSP-ACP ਦੇ ਤਬਾਦਲੇ, ਜਲੰਧਰ ‘ਚ ਵੀ ਵੱਡੀ ਫੇਰਬਦਲ।
ਜਲੰਧਰ ‘ਚ ਨਹਿਰ ‘ਚੋਂ ਮਿਲੀ ਨੌਜਵਾਨ ਦੀ ਲਾਸ਼, ਪਰਿਵਾਰ ਨੇ ਕਤਲ ਕਰਕੇ ਲਾਸ਼ ਸੁੱਟਣ ਦਾ ਲਾਇਆ ਦੋਸ਼।
ਡੀ.ਏ.ਵੀ. ਯੂਨੀਵਰਸਿਟੀ ‘ਚ ਏ.ਆਈ.ਯੂ. ਉੱਤਰੀ ਜ਼ੋਨ ਵਾਲੀਬਾਲ ਚੈਂਪੀਅਨਸ਼ਿਪ ਸ਼ੁਰੂ, 97 ਯੂਨੀਵਰਸਿਟੀਆਂ ਦੀਆਂ ਟੀਮਾਂ ਲੈ ਰਹੀਆਂ ਭਾਗ।