Pages

Pages

ਜਲੰਧਰ ‘ਚ ਵੱਡਾ ਸੜਕ ਹਾਦਸਾ – ਟਰੱਕ ਤੇ ਟਰੈਕਟਰ ਦੀ ਭਿਆਨਕ ਟੱਕਰ, 1 ਘੰਟੇ ਦੀ ਮਸ਼ੱਕਤ ਤੋਂ ਬਾਅਦ ਡਰਾਈਵਰ ਬਾਹਰ ਕੱਢਿਆ।

ਜਲੰਧਰ, 30 ਅਕਤੂਬਰ : Prime Punjab 

ਜਲੰਧਰ ‘ਚ ਪਠਾਨਕੋਟ ਤੋਂ ਜਲੰਧਰ ਵੱਲ ਜਾ ਰਹੇ ਪਲਾਈਵੁੱਡ ਨਾਲ ਲੱਦੇ ਟਰੈਕਟਰ ਨੂੰ ਪਿੱਛਿਓਂ ਆ ਰਹੇ ਟਰੱਕ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ। ਇਹ ਹਾਦਸਾ ਸ਼ੁੱਕਰਵਾਰ ਸਵੇਰੇ ਕਰੀਬ 6:32 ਵਜੇ ਬਿਆਸ ਪਿੰਡ ਨੇੜੇ ਵਾਪਰਿਆ। ਟੱਕਰ ਇੰਨੀ ਭਿਆਨਕ ਸੀ ਕਿ ਟਰੱਕ ਡਰਾਈਵਰ ਕੈਬਿਨ ‘ਚ ਬੁਰੀ ਤਰ੍ਹਾਂ ਫਸ ਗਿਆ। ਇਸ ਹਾਦਸੇ ‘ਚ 2 ਲੋਕ ਜ਼ਖ਼ਮੀ ਹੋਏ ਹਨ।

 

ਦੱਸਿਆ ਜਾ ਰਿਹਾ ਹੈ ਕਿ ਟਾਟਾ 1109 ਟਰੱਕ ਦਾ ਅਚਾਨਕ ਟਾਇਰ ਪੰਕਚਰ ਹੋ ਗਿਆ, ਜਿਸ ਕਾਰਨ ਟਰੱਕ ਬੇਕਾਬੂ ਹੋ ਕੇ ਅੱਗੇ ਜਾ ਰਹੇ ਟਰੈਕਟਰ ‘ਚ ਜਾ ਵੱਜਿਆ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸੜਕ ਸੁਰੱਖਿਆ ਫੋਰਸ (SSF) ਦੀ ਟੀਮ ਮੌਕੇ ‘ਤੇ ਪਹੁੰਚੀ। ਸਥਾਨਕ ਲੋਕਾਂ ਤੇ ਟਰੈਕਟਰ ਦੀ ਮਦਦ ਨਾਲ 1 ਘੰਟੇ ਦੀ ਸਖ਼ਤ ਮਸ਼ੱਕਤ ਤੋਂ ਬਾਅਦ ਫਸੇ ਹੋਏ ਡਰਾਈਵਰ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ।

ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਕਾਲਾ ਬਾਕਰਾ ਭੇਜਿਆ ਗਿਆ। ਰਾਹਤ ਹੈ ਕਿ ਇਸ ਹਾਦਸੇ ‘ਚ ਕਿਸੇ ਦੀ ਜਾਨ ਨਹੀਂ ਗਈ। ਹਾਦਸੇ ਕਾਰਨ ਨੈਸ਼ਨਲ ਹਾਈਵੇ ‘ਤੇ ਜਾਮ ਲੱਗ ਗਿਆ ਸੀ, ਜਿਸ ਨੂੰ SSF ਟੀਮ ਨੇ NHAI ਤੋਂ ਹਾਈਡਰਾ ਮਸ਼ੀਨ ਮੰਗਵਾ ਕੇ ਦੋਵੇਂ ਵਾਹਨ ਸੜਕ ਕਿਨਾਰੇ ਕਰਵਾ ਕੇ ਆਵਾਜਾਈ ਨੂੰ ਫਿਰ ਤੋਂ ਸ਼ੁਰੂ ਕਰਵਾਇਆ।

 

ਘਟਨਾ ਦੀ ਜਾਣਕਾਰੀ ਚੌਕੀ ਅਲਾਵਲਪੁਰ ਦੇ ਇੰਚਾਰਜ SI ਸਿਮਰਨਜੀਤ ਸਿੰਘ ਨੂੰ ਦਿੱਤੀ ਗਈ। ਮੌਕੇ ‘ਤੇ SI ਯੋਗਰਾਜ 112 ਟੀਮ ਨਾਲ ਪਹੁੰਚੇ। ਰਾਹਤ ਕਾਰਜ ‘ਚ ASI ਰਣਧੀਰ ਸਿੰਘ, ਕਾਂਸਟੇਬਲ ਲਖਵਿੰਦਰ ਸਿੰਘ ਤੇ ਬਲਵਿੰਦਰ ਸਿੰਘ ਸ਼ਾਮਲ ਰਹੇ।