Pages

Pages

ਭਾਖੜਾ ਨਹਿਰ ਵਾਲਾ ਸਟੀਲ ਪੁਲ ਡਿੱਗਣ ਤੋਂ ਬਾਅਦ ਐਕਸ਼ਨ ‘ਚ ਪੰਜਾਬ ਸਰਕਾਰ, ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਗਡਕਰੀ ਨੂੰ ਲਿਖਿਆ ਪੱਤਰ, ਸਾਰੇ ਕੌਮੀ ਮਾਰਗਾਂ ਦੇ ਪੁਲਾਂ ਦੇ ਸੁਰੱਖਿਆ ਆਡਿਟ ਦੀ ਕੀਤੀ ਮੰਗ।

ਪਟਿਆਲਾ, 19 ਨਵੰਬਰ : Prime Punjab 

ਪਟਿਆਲਾ-ਸੰਗਰੂਰ-ਬਠਿੰਡਾ ਕੌਮੀ ਮਾਰਗ (NH-07) ‘ਤੇ ਭਾਖੜਾ ਨਹਿਰ ਉੱਪਰ ਬਣਿਆ ਸਟੀਲ ਵਾਲਾ ਪੁਲ 19 ਨਵੰਬਰ ਨੂੰ ਡਿੱਗਣ ਦੀ ਘਟਨਾ ਤੋਂ ਬਾਅਦ ਪੰਜਾਬ ਸਰਕਾਰ ਨੇ ਕੇਂਦਰ ਨੂੰ ਸਖ਼ਤ ਪੱਤਰ ਲਿਖਿਆ ਹੈ। ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਦੇ ਸਾਰੇ ਕੌਮੀ ਮਾਰਗਾਂ ‘ਤੇ ਬਣੇ ਪੁਲਾਂ ਦਾ ਤੁਰੰਤ ਵਿਆਪਕ ਢਾਂਚਾਗਤ ਸੁਰੱਖਿਆ ਆਡਿਟ ਕਰਵਾਇਆ ਜਾਵੇ।

 

ਮੰਤਰੀ ਨੇ ਆਪਣੇ ਪੱਤਰ ‘ਚ ਸਾਫ਼ ਲਿਖਿਆ ਹੈ ਕਿ ਪੁਲ ਸੜਕੀ ਸੰਪਰਕ ਦੀ ਰੀੜ੍ਹ ਦੀ ਹੱਡੀ ਹਨ ਤੇ ਜੇਕਰ ਇਨ੍ਹਾਂ ਦੀ ਸਮੇਂ ਸਿਰ ਜਾਂਚ ਨਾ ਹੋਈ ਤਾਂ ਅਜਿਹੀਆਂ ਘਟਨਾਵਾਂ ਦੁਬਾਰਾ ਵੀ ਹੋ ਸਕਦੀਆਂ ਹਨ। ਉਨ੍ਹਾਂ ਨੇ ਨਿਯਮਤ ਢਾਂਚਾਗਤ ਮੁਲਾਂਕਣ ਤੇ ਸਮੇਂ ਸਿਰ ਪ੍ਰੀਵੈਂਟਿਵ ਮੇਨਟੇਨੈਂਸ ਯਾਨੀ ਢੁਕਵੇਂ ਰੱਖ-ਰਖਾਅ ‘ਤੇ ਜ਼ੋਰ ਦਿੱਤਾ ਤਾਂ ਜੋ ਯਾਤਰੀਆਂ ਦੀ ਜਾਨ ਨੂੰ ਕੋਈ ਖ਼ਤਰਾ ਨਾ ਹੋਵੇ।

 

ਹਰਭਜਨ ਸਿੰਘ ਈ.ਟੀ.ਓ. ਨੇ ਖ਼ਾਸ ਤੌਰ ‘ਤੇ ਪੁਰਾਣੇ ਹੋ ਚੁੱਕੇ ਪੁਲਾਂ, ਭਾਰ ਸਹਿਣ ਦੀ ਸਮਰੱਥਾ ਤੋਂ ਵੱਧ ਲੋਡ ਵਾਲੇ ਪੁਲਾਂ ਤੇ ਭਾਰੀ ਵਾਹਨਾਂ ਦੀ ਜ਼ਿਆਦਾ ਆਵਾਜਾਈ ਵਾਲੇ ਪੁਲਾਂ ‘ਤੇ ਵਿਸ਼ੇਸ਼ ਧਿਆਨ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਆਡਿਟ ‘ਚ ਜਿੱਥੇ ਵੀ ਕਮਜ਼ੋਰੀ ਮਿਲੇ, ਉੱਥੇ ਪਹਿਲ ਦੇ ਆਧਾਰ ‘ਤੇ ਮਜ਼ਬੂਤੀ, ਮੁਰੰਮਤ ਤੇ ਸੁਧਾਰਾਤਮਕ ਕੰਮ ਕਰਵਾਇਆ ਜਾਵੇ।

 

ਮੰਤਰੀ ਨੇ ਕਿਹਾ ਕਿ ਯਾਤਰੀਆਂ ਦੀ ਸੁਰੱਖਿਆ ਤੇ ਨਿਰਵਿਘਨ ਸੜਕੀ ਸੰਪਰਕ ਪੰਜਾਬ ਸਰਕਾਰ ਦੀ ਪਹਿਲੀ ਤਰਜੀਹ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਕੇਂਦਰੀ ਮੰਤਰੀ ਜਨਤਕ ਸੁਰੱਖਿਆ ਦੇ ਹਿੱਤ ‘ਚ ਖੁਦ ਦਖ਼ਲ ਦੇ ਕੇ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਨਿਰਦੇਸ਼ ਜਾਰੀ ਕਰਨਗੇ।