ਜਲੰਧਰ, 20 ਨਵੰਬਰ : Prime Punjab
ਪੰਜਾਬ ਪੁਲਿਸ ਦੇ ਐਂਟੀ-ਗੈਂਗਸਟਰ ਟਾਸਕ ਫੋਰਸ (AGTF) ਨੂੰ ASI ਇਕਬਾਲ ਸਿੰਘ ਕਤਲ ਕੇਸ ‘ਚ ਵੱਡੀ ਸਫ਼ਲਤਾ ਮਿਲੀ ਹੈ। ਪੁਲਿਸ ਨੇ ਜ਼ੀਰਕਪੁਰ ‘ਚ ਥੋੜ੍ਹੀ ਦੇਰ ਚੱਲੀ ਗੋਲੀਬਾਰੀ ਤੋਂ ਬਾਅਦ ਮੁੱਖ ਸ਼ੂਟਰ ਹਰਪ੍ਰੀਤ ਸਿੰਘ ਉਰਫ਼ ਹੈਪੀ ਬਹਿਮਣ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਕਾਰਵਾਈ ਦੌਰਾਨ ਉਸ ਦੀ ਮਹਿਲਾ ਸਾਥੀ ਨੂੰ ਵੀ ਕਾਬੂ ਕੀਤਾ ਗਿਆ ਹੈ। ਜਵਾਬੀ ਫਾਇਰਿੰਗ ‘ਚ ਹੈਪੀ ਬਹਿਮਣ ਜ਼ਖ਼ਮੀ ਹੋ ਗਿਆ, ਜਿਸ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮ ਦਾ ਚੰਡੀਗੜ੍ਹ, ਦਿੱਲੀ ਅਤੇ ਜੈਪੁਰ ਤੱਕ ਪਿੱਛਾ ਕੀਤਾ ਗਿਆ। ਤਕਨੀਕੀ ਨਿਗਰਾਨੀ ਅਤੇ ਖੁਫ਼ੀਆ ਜਾਣਕਾਰੀ ਦੇ ਆਧਾਰ ‘ਤੇ ਪਤਾ ਲੱਗਾ ਕਿ ਉਹ ਜ਼ੀਰਕਪੁਰ ਦੇ ਇੱਕ ਹੋਟਲ ‘ਚ ਲੁਕਿਆ ਹੋਇਆ ਹੈ। ਇਸ ਤੋਂ ਬਾਅਦ DSP AGTF ਰਾਜਨ ਪਰਮਿੰਦਰ ਸਿੰਘ ਦੀ ਅਗਵਾਈ ‘ਚ ਟੀਮ ਨੇ ਹੋਟਲ ਨੂੰ ਘੇਰ ਲਿਆ ਅਤੇ ਮੁਕਾਬਲੇ ਤੋਂ ਬਾਅਦ ਉਸ ਨੂੰ ਕਾਬੂ ਕਰ ਲਿਆ।
ਦੱਸਣਯੋਗ ਹੈ ਕਿ ASI ਇਕਬਾਲ ਸਿੰਘ, ਜੋ ਫਿਰੋਜ਼ਪੁਰ ‘ਚ ਕਾਊਂਟਰ ਇੰਟੈਲੀਜੈਂਸ ਵਿੰਗ ‘ਚ ਤਾਇਨਾਤ ਸਨ, ਦੀ 11 ਅਕਤੂਬਰ 2026 ਨੂੰ ਤਰਨ ਤਾਰਨ ‘ਚ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਸਬੰਧੀ ਥਾਣਾ ਸਿਰਹਾਲੀ ‘ਚ FIR ਨੰ. 186 ਮਿਤੀ 11.10.2026 ਨੂੰ BNS ਦੀਆਂ ਧਾਰਾਵਾਂ 103(1), 3(5) ਅਤੇ ਅਸਲਾ ਐਕਟ ਦੀਆਂ ਧਾਰਾਵਾਂ 25, 27 ਤਹਿਤ ਮਾਮਲਾ ਦਰਜ ਹੈ।
ਸਪੈਸ਼ਲ ਡੀ.ਜੀ.ਪੀ. (AGTF) ਪ੍ਰਮੋਦ ਬਾਨ ਨੇ ਦੱਸਿਆ ਕਿ ਇਸ ਕੇਸ ‘ਚ ਇੱਕ ਹੋਰ ਮੁਲਜ਼ਮ ਦੀ ਵੀ ਪਛਾਣ ਕਰ ਲਈ ਗਈ ਹੈ ਅਤੇ ਉਸ ਨੂੰ ਫੜਨ ਲਈ ਟੀਮਾਂ ਲੱਗੀਆਂ ਹੋਈਆਂ ਹਨ। ਪੁਲਿਸ ਹੋਰ ਸਾਥੀਆਂ ਦੀ ਸ਼ਮੂਲੀਅਤ ਦਾ ਪਤਾ ਲਗਾਉਣ ਲਈ ਅੱਗੇ ਜਾਂਚ ਕਰ ਰਹੀ ਹੈ।


More Stories
ਡੀ.ਏ.ਵੀ. ਯੂਨੀਵਰਸਿਟੀ ‘ਚ ਏ.ਆਈ.ਯੂ. ਉੱਤਰੀ ਜ਼ੋਨ ਵਾਲੀਬਾਲ ਚੈਂਪੀਅਨਸ਼ਿਪ ਸ਼ੁਰੂ, 97 ਯੂਨੀਵਰਸਿਟੀਆਂ ਦੀਆਂ ਟੀਮਾਂ ਲੈ ਰਹੀਆਂ ਭਾਗ।
ASI ਇਕਬਾਲ ਸਿੰਘ ਕਤਲ ਕੇਸ ‘ਚ AGTF ਨੂੰ ਵੱਡੀ ਸਫਲਤਾ, ਦੂਜਾ ਸ਼ੂਟਰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ, ਦੋਵੇਂ ਸ਼ੂਟਰ ਕਾਬੂ।
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵਿਸ਼ਾਲ ਨਗਰ ਕੀਰਤਨ ਦਾ ਭਾਜਪਾ ਨੇ ਕੀਤਾ ਸ਼ਾਨਦਾਰ ਸਵਾਗਤ, ਫੁੱਲਾਂ ਦੀ ਵਰਖਾ ਤੇ ਪ੍ਰਸ਼ਾਦ ਵੰਡਿਆ।