ਅੰਮ੍ਰਿਤਸਰ ਪੁਲੀਸ ਠਾਣੇ ਵਿੱਚ ਹੋਏ ਗਰਨੇਡ ਹਮਲੇ ਦੇ ਕੇਸ ਵਿੱਚ ਪੁਲੀਸ ਨੂੰ ਮਿਲੀ ਵੱਡੀ ਸਫ਼ਲਤਾ।

Manvir Singh Walia 

Jatin Kumar 

13 ਅਪ੍ਰੈਲ:Prime Punjab

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਜ਼ਿਲ੍ਹਾ ਪੁਲਿਸ ਫਰੀਦਕੋਟ ਅਤੇ ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਨਾਲ ਸਾਂਝੇ ਆਪ੍ਰੇਸ਼ਨ ਵਿੱਚ ਦੋ ਪਿਸਤੌਲਾਂ ਸਮੇਤ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਥਾਣਾ ਭਿੰਡੀ ਸੈਦਾਂ ਵਿਖੇ ਗ੍ਰਨੇਡ ਹਮਲੇ ਦੇ ਕੇਸ ਨੂੰ ਸਫ਼ਲਤਾਪੂਰਵਕ ਸੁਲਝਾ ਲਿਆ ਹੈ। ਇਹ ਜਾਣਕਾਰੀ ਅੱਜ ਇਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

 

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਬਲਜੀਤ ਸਿੰਘ, ਪ੍ਰਭ ਸਿੰਘ, ਰਾਜਬੀਰ ਸਿੰਘ, ਸੁਖਪ੍ਰੀਤ ਸਿੰਘ, ਅਜੈਦੀਪ ਸਿੰਘ ਉਰਫ਼ ਅਜੇ ਉਰਫ਼ ਗਜ਼ਨੀ ਅਤੇ ਸਾਹਿਬ ਸਿੰਘ ਉਰਫ਼ ਸਾਬਾ ਵਜੋਂ ਹੋਈ ਹੈ। ਇਹ ਸਾਰੇ ਮੁਲਜ਼ਮ ਜ਼ਿਲ੍ਹਾ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ।

 

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਸ ਮਾਡਿਊਲ ਨੂੰ ਪਾਕਿਸਤਾਨ ਦੀ ਆਈ.ਐਸ.ਆਈ ਦੀ ਹਮਾਇਤ ਪ੍ਰਾਪਤ ਸੀ।

ਡੀਜੀਪੀ ਨੇ ਦੱਸਿਆ ਕਿ ਪੁਲਿਸ ਅਦਾਰਿਆਂ ਨੂੰ ਨਿਸ਼ਾਨਾ ਬਣਾਉਣ ਅਤੇ ਘਟਨਾ ਨੂੰ ਅੰਜ਼ਾਮ ਦੇਣ ਲਈ ਉਕਤ ਮੁਲਜ਼ਮਾਂ ਨੂੰ ਚੰਗੇ ਪੈਸਿਆਂ ਦਾ ਲਾਲਚ ਦੇ ਕੇ ਪ੍ਰੇਰਿਤ ਕੀਤਾ ਜਾਂਦਾ ਸੀ।

ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ ਦੇ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮੁਲਜ਼ਮ ਬਲਜੀਤ ਸਿੰਘ ਅਤੇ ਪ੍ਰਭ ਸਿੰਘ ਨੇ ਘਰਿੰਡਾ ਨੇੜੇ ਇੱਕ ਸਥਾਨ ਤੋਂ ਦੋ ਹੈਂਡ ਗ੍ਰਨੇਡ ਹਾਸਲ ਕੀਤੇ ਸਨ।

(ਐਸਐਸਪੀ) ਫਰੀਦਕੋਟ ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਅੰਮ੍ਰਿਤਸਰ ਦਿਹਾਤੀ ਪੁਲਿਸ ਨਾਲ ਇੱਕ ਖੁਫੀਆ ਕਾਰਵਾਈ ਵਿੱਚ ਪੁਲਿਸ ਟੀਮਾਂ ਨੇ ਥਾਣਾ ਭਿੰਡੀ ਸੈਦਾਂ ਗ੍ਰਨੇਡ ਹਮਲੇ ਦੇ ਕੇਸ ਵਿੱਚ ਸ਼ਾਮਲ ਦੋ ਮੁਲਜ਼ਮਾਂ ਨੂੰ ਫਰੀਦਕੋਟ ਤੋਂ ਗ੍ਰਿਫ਼ਤਾਰ ਕਰ ਲਿਆ ਸੀ। ਇਸ ਉਪਰੰਤ ਅੱਗੇ ਦੀ ਜਾਂਚ ਦੌਰਾਨ ਚਾਰ ਹੋਰ ਮੁਲਮਜ਼ਾਂ ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

(ਐਸਐਸਪੀ) ਅੰਮ੍ਰਿਤਸਰ ਦਿਹਾਤੀ ਸੁਹੇਲ ਕਾਸਿਮ ਮੀਰ ਨੇ ਦੱਸਿਆ ਕਿ ਘਟਨਾ ਵਾਲੇ ਦਿਨ ਤਿੰਨੋਂ ਦੋਸ਼ੀ ਇੱਕ ਮੋਟਰਸਾਈਕਲ ‘ਤੇ ਪੁਲਿਸ ਸਟੇਸ਼ਨ ਭਿੰਡੀ ਸੈਦਾਂ ਵੱਲ ਵਧੇ।

ਉਨ੍ਹਾਂ ਨੇ ਆਪਣਾ ਮੋਟਰਸਾਈਕਲ ਥਾਣੇ ਤੋਂ ਲਗਭਗ 1-2 ਕਿਲੋਮੀਟਰ ਦੂਰ ਨੇੜਲੇ ਖੇਤਾਂ ਵਿੱਚ ਖੜ੍ਹਾ ਕੀਤਾ ਅਤੇ ਖੇਤਾਂ ਵਿੱਚੋਂ ਪੈਦਲ ਚੱਲ ਕੇ ਥਾਣੇ ਦੇ ਪਿਛਲੇ ਪਾਸੇ ਪਹੁੰਚੇ।ਦੋਸ਼ੀ ਬਲਜੀਤ ਸਿੰਘ ਅਤੇ ਪ੍ਰਭ ਸਿੰਘ ਨੇ ਪੁਲਿਸ ਥਾਣੇ ‘ਤੇ ਗ੍ਰਨੇਡ ਸੁੱਟੇ, ਜਦੋਂ ਕਿ ਦੋਸ਼ੀ ਰਾਜਬੀਰ ਸਿੰਘ ਨੇ ਸਾਰੀ ਘਟਨਾ ਰਿਕਾਰਡ ਕੀਤੀ।

ਦੋਸ਼ੀਆਂ ਨੇ ਸਬੂਤ ਨਸ਼ਟ ਕਰਨ ਲਈ ਪੁਲਿਸ ਥਾਣੇ ਤੋਂ ਲਗਭਗ ਇੱਕ ਕਿਲੋਮੀਟਰ ਦੂਰ ਇੱਕ ਨਾਲੇ ਵਿੱਚ ਆਪਣੇ ਕੱਪੜੇ ਸੁੱਟ ਦਿੱਤੇ ਅਤੇ ਸਵੇਰੇ 5 ਵਜੇ ਦੇ ਕਰੀਬ ਆਪਣਾ ਮੋਟਰਸਾਈਕਲ ਲੈ ਕੇ ਮੌਕੇ ਤੋਂ ਭੱਜ ਗਏ।

ਇਸ ਸਬੰਧ ਵਿੱਚ ਵਿਸਫੋਟਕ ਪਦਾਰਥ ਐਕਟ ਦੀਆਂ ਧਾਰਾਵਾਂ 3, 4 ਤੇ 5; ਗੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੀਆਂ ਧਾਰਾਵਾਂ 13, 16, 18 ਅਤੇ 19; ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀਆਂ ਧਾਰਾਵਾਂ 109, 61(1), 61(2), 3 (5) ਅਤੇ 324 (4); ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਪੁਲਿਸ ਥਾਣਾ ਭਿੰਡੀ ਸੈਦਾਂ ਵਿਖੇ ਐਫਆਈਆਰ ਨੰ. 56 ਮਿਤੀ 30.03.2026 ਦਰਜ ਹੈ।