ਜਾਲੰਧਰ, 2 ਮਈ : Prime Punjab
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ’ਤੇ ਪਾਕਿਸਤਾਨ-ਸਮਰਥਿਤ ਆਈ.ਐਸ.ਆਈ. ਅੱਤਵਾਦੀ ਨੈੱਟਵਰਕਾਂ ਨੂੰ ਬੇਅਸਰ ਕਰਦਿਆਂ ਪੰਜਾਬ ਪੁਲਿਸ ਨੇ ਤਿੰਨ ਵੱਡੀਆਂ ਅੱਤਵਾਦੀ ਵਾਰਦਾਤਾਂ – ਸੀ.ਆਈ.ਏ. ਮੋਗਾ ਗ੍ਰਨੇਡ ਹਮਲਾ, ਸਰਹਿੰਦ ਰੇਲਵੇ ਟਰੈਕ ਧਮਾਕਾ ਅਤੇ ਹਾਲ ਹੀ ਵਿੱਚ ਹੋਏ ਸ਼ੰਭੂ ਰੇਲਵੇ ਟਰੈਕ ਧਮਾਕੇ – ਦੇ ਮੁੱਖ ਸਾਜ਼ਿਸ਼ਕਰਤਾ ਜਗਰੂਪ ਸਿੰਘ ਦੇ ਮੁੱਖ ਸਾਥੀ ਨੂੰ ਗ੍ਰਿਫਤਾਰ ਕਰਕੇ ਇਨ੍ਹਾਂ ਕੇਸਾਂ ਦੀ ਗੁੱਥੀ ਸਫ਼ਲਤਾਪੂਰਵਕ ਸੁਲਝਾ ਲਈ ਹੈ। ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਸਾਂਝੀ ਕੀਤੀ।
ਇਹ ਆਪ੍ਰੇਸ਼ਨ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸ.ਐਸ.ਓ.ਸੀ.) ਅੰਮ੍ਰਿਤਸਰ, ਕਾਊਂਟਰ ਇੰਟੈਲੀਜੈਂਸ (ਸੀ.ਆਈ.) ਪਠਾਨਕੋਟ ਅਤੇ ਜ਼ਿਲ੍ਹਾ ਪਟਿਆਲਾ ਪੁਲਿਸ ਵੱਲੋਂ ਸਾਂਝੇ ਤੌਰ ’ਤੇ ਚਲਾਇਆ ਗਿਆ ।
ਇਹ ਕਾਮਯਾਬੀ, ਸੋਮਵਾਰ ਰਾਤ ਨੂੰ ਪਟਿਆਲਾ ਜ਼ਿਲ੍ਹੇ ਦੇ ਸ਼ੰਭੂ ਨੇੜਲੇ ਰੇਲਵੇ ਟਰੈਕ ’ਤੇ ਹੋਏ ਧਮਾਕੇ ਦੀ ਚੱਲ ਰਹੀ ਜਾਂਚ ਦੌਰਾਨ ਸਾਹਮਣੇ ਆਈ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਗੁਰਜਿੰਦਰ ਸਿੰਘ ਉਰਫ਼ ਬਾਬਾ ਬੇਅੰਤ ਵਜੋਂ ਹੋਈ ਹੈ, ਜੋ ਗੁਰਦਾਸਪੁਰ ਦੇ ਬਿਧੀਪੁਰ ਦਾ ਰਹਿਣ ਵਾਲਾ ਹੈ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਗੁਰਜਿੰਦਰ ਅਤੇ ਜਗਰੂਪ ਲੰਬੇ ਸਮੇਂ ਤੋਂ ਸਾਥੀ ਸਨ ਅਤੇ ਸ਼ੰਭੂ ਧਮਾਕੇ ਵਾਲੇ ਦਿਨ, ਇਹ ਦੋਵੇਂ ਪੁਲਿਸ ਤੋਂ ਬਚਣ ਲਈ ਵੱਖੋ-ਵੱਖ ਹੋ ਕੇ ਰਾਜਪੁਰਾ ਪਹੁੰਚੇ ਸਨ । ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਗੁਰਜਿੰਦਰ ਧਮਾਕੇ ਦੇ ਸਮੇਂ ਮੌਕੇ ’ਤੇ ਮੌਜੂਦ ਸੀ, ਪਰ ਕੁਝ ਦੂਰੀ ’ਤੇ ਖੜ੍ਹਾ ਹੋਣ ਕਰਕੇ ਉਹ ਬਚ ਕੇ ਨਿਕਲਣ ਵਿੱਚ ਕਾਮਯਾਬ ਹੋ ਗਿਆ। ਉਨ੍ਹਾਂ ਦੱਸਿਆ ਕਿ ਜਦੋਂ ਗੁਰਜਿੰਦਰ ਨੂੰ ਇਹ ਪਤਾ ਲੱਗਾ ਕਿ ਜਗਰੂਪ ਦੀ ਆਈ.ਈ.ਡੀ. ਫਟਣ ਕਾਰਨ ਮੌਤ ਹੋ ਗਈ ਹੈ ਤਾਂ ਉਹ ਮੌਕੇ ਤੋਂ ਭੱਜ ਨਿੱਕਲਿਆ।
ਡੀਜੀਪੀ ਨੇ ਦੱਸਿਆ ਕਿ ਗੁਰਜਿੰਦਰ ਸਿੰਘ ਦੀ ਪੁੱਛਗਿੱਛ ਦੌਰਾਨ ਇਹ ਸਾਹਮਣੇ ਆਇਆ ਕਿ ਤਿੰਨੋਂ ਅੱਤਵਾਦੀ ਵਾਰਦਾਤਾਂ – 7 ਨਵੰਬਰ, 2025 ਨੂੰ ਸੀਆਈਏ ਮੋਗਾ ਵਿਖੇ ਗ੍ਰਨੇਡ ਹਮਲਾ, 23 ਜਨਵਰੀ, 2026 ਨੂੰ ਸਰਹਿੰਦ ਰੇਲਵੇ ਟਰੈਕ ਧਮਾਕਾ ਅਤੇ 27 ਅਪ੍ਰੈਲ, 2026 ਨੂੰ ਸ਼ੰਭੂ ਧਮਾਕਾ – ਨੂੰ ਮਲੇਸ਼ੀਆ-ਅਧਾਰਤ ਹੈਂਡਲਰਾਂ ਦੇ ਨਿਰਦੇਸ਼ਾਂ ਹੇਠ ਇਸੇ ਅੱਤਵਾਦੀ ਮਾਡਿਊਲ ਵੱਲੋਂ ਅੰਜਾਮ ਦਿੱਤਾ ਗਿਆ ਸੀ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਮਲੇਸ਼ੀਆ ਅਧਾਰਤ ਹੈਂਡਲਰ ਅਮਰੀਕਾ ਅਤੇ ਪਾਕਿਸਤਾਨ-ਅਧਾਰਤ ਹੈਂਡਲਰਾਂ ਨਾਲ ਅੱਗੇ ਜੁੜੇ ਹੋਏ ਸਨ।
ਉਨ੍ਹਾਂ ਕਿਹਾ,‘‘ਇਸ ਗ੍ਰਿਫਤਾਰੀ ਅਤੇ ਪਹਿਲਾਂ ਦੀਆਂ ਬਰਾਮਦਗੀਆਂ ਨਾਲ ਮੋਗਾ, ਸਰਹਿੰਦ ਅਤੇ ਸ਼ੰਭੂ ਵਿਖੇ ਹੋਈਆਂ ਤਿੰਨੋਂ ਅੱਤਵਾਦੀ ਘਟਨਾਵਾਂ ਨੂੰ ਸਫਲਤਾਪੂਰਵਕ ਹੱਲ ਕਰ ਲਿਆ ਗਿਆ ਹੈ।’’
ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ਪਟਿਆਲਾ ਵਰੁਣ ਸ਼ਰਮਾ ਨੇ ਅੱਗੇ ਦੱਸਿਆ ਕਿ ਪੁਲਿਸ ਦੀ ਗ੍ਰਿਫਤ ਤੋਂ ਬਚਣ ਲਈ ਇਸ ਮਾਡਿਊਲ ਵੱਲੋਂ ਸਖ਼ਤ ਰੇਡੀਓ ਸਾਈਲੈਂਸ ਬਣਾਈ ਹੋਈ ਸੀ ਅਤੇ ਦੋਸ਼ੀ ਆਪਣੀਆਂ ਗਤੀਵਿਧੀਆਂ ਦੌਰਾਨ ਬਹੁਤ ਸਾਵਧਾਨੀਆਂ ਵਰਤ ਰਹੇ ਸਨ। ਇਸ ਮਾਮਲੇ ਸੰਬਧੀ ਹੋਰ ਜਾਂਚ ਜਾਰੀ ਹੈ।

More Stories
ਗੈਂਗਸਟਰਾਂ ’ਤੇ ਵਾਰ ਦਾ 102ਵਾਂ ਦਿਨ: ਪੰਜਾਬ ਪੁਲਿਸ ਵੱਲੋਂ 472 ਥਾਵਾਂ ’ਤੇ ਛਾਪੇਮਾਰੀ; 241 ਗ੍ਰਿਫ਼ਤਾਰ।
पंजाब आर्टिफिशियल इंटेलिजेंस सिस्टम ने गैंगस्टर नेटवर्क के खिलाफ पंजाब पुलिस को दी नई ताकत।
आधुनिक, मानवीय और सुरक्षित जेल प्रणाली की ओर महत्वपूर्ण कदम।