Pages

Pages

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਰਵਾਈ: ਪੁਲਿਸ ਮੁਕਾਬਲੇ ਦੌਰਾਨ ਕਤਲ ਦੀ ਵਾਰਦਾਤ ਦਾ ਆਦੀ ਸ਼ੁਭਮ ਉਰਫ ਗੁੱਲੂ .32 ਬੋਰ ਪਿਸਤੌਲ ਸਮੇਤ ਗ੍ਰਿਫ਼ਤਾਰ।

Director : Manvir Singh Walia 

Editor : Jatin Kumar Sahota 

ਜਲੰਧਰ, 22 ਜੁਲਾਈ : Prime Punjab 

ਕਮਿਸ਼ਨਰ ਪੁਲਿਸ ਜਲੰਧਰ ਸ੍ਰੀ ਸਤਿੰਦਰ ਸਿੰਘ ਆਈ.ਪੀ.ਐੱਸ. ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸ਼ਹਿਰ ‘ਚੋਂ ਮਾੜੇ ਅਨਸਰਾਂ ਅਤੇ ਗੈਂਗਸਟਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਸੀਆਈਏ ਸਟਾਫ ਜਲੰਧਰ ਨੇ ਇੱਕ ਹੋਰ ਸਫਲਤਾ ਹਾਸਲ ਕੀਤੀ ਹੈ। ਐਡੀਸ਼ਨਲ ਡੀਸੀਪੀ ਜਸਵੰਤ ਪੁਰੀ, ਏਡੀਸੀਪੀ-2 ਰਾਕੇਸ਼ ਯਾਦਵ ਅਤੇ ਏਸੀਪੀ ਵੈਸਟ ਆਤਿਸ਼ ਭਾਟੀਆ ਦੀ ਨਿਗਰਾਨੀ ਹੇਠ ਇੰਸਪੈਕਟਰ ਸੁਰਿੰਦਰ ਕੁਮਾਰ ਅਤੇ ਐਸ.ਐਚ.ਓ. ਰਜਿੰਦਰ ਸਿੰਘ ਦੀ ਪੁਲਿਸ ਪਾਰਟੀ ਨੇ 22 ਜੁਲਾਈ 2026 ਨੂੰ ਨਾਕਾ ਵਾਲਾ ਬਾਗ, ਜਲੰਧਰ ਵਿਖੇ ਵਿਸ਼ੇਸ਼ ਨਾਕਾਬੰਦੀ ਦੌਰਾਨ ਇੱਕ ਬਦਨਾਮ ਦੋਸ਼ੀ ਨੂੰ ਕਾਬੂ ਕੀਤਾ।

ਗੁਪਤ ਸੂਚਨਾ ਮਿਲੀ ਸੀ ਕਿ ਸ਼ੁਭਮ ਉਰਫ ਗੁੱਲੂ ਪੁੱਤਰ ਪਵਨ ਕੁਮਾਰ, ਵਾਸੀ ਮਕਾਨ ਨੰਬਰ 193-C, ਮੁਹੱਲਾ ਦਸ਼ਮੇਸ਼ ਨਗਰ, ਭਾਰਗੋ ਕੈਂਪ, ਜਲੰਧਰ ਨਾਜਾਇਜ਼ ਅਸਲੇ ਨਾਲ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਆ ਰਿਹਾ ਹੈ। ਨਾਕਾਬੰਦੀ ਦੌਰਾਨ ਜਦੋਂ ਪੁਲਿਸ ਨੇ ਬਿਨਾਂ ਨੰਬਰੀ ਮੋਟਰਸਾਈਕਲ ਸਪਲੈਂਡਰ ਸਵਾਰ ਨੌਜਵਾਨ ਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਉਹ ਭੱਜਣ ਲੱਗਾ ਅਤੇ ਪੁਲਿਸ ‘ਤੇ 4 ਰਾਊਂਡ ਫਾਇਰ ਕਰ ਦਿੱਤੇ। ਪੁਲਿਸ ਨੇ ਆਤਮ-ਰੱਖਿਆ ‘ਚ ਜਵਾਬੀ ਫਾਇਰਿੰਗ ਕੀਤੀ, ਜਿਸ ‘ਚ ਇੱਕ ਗੋਲੀ ਦੋਸ਼ੀ ਦੀ ਖੱਬੀ ਲੱਤ ਦੀ ਪਿੰਨੀ ‘ਚ ਲੱਗੀ ਅਤੇ ਉਸਨੂੰ ਕਾਬੂ ਕਰ ਲਿਆ ਗਿਆ।

ਗ੍ਰਿਫ਼ਤਾਰ ਦੋਸ਼ੀ ਕੋਲੋਂ *ਇੱਕ .32 ਬੋਰ ਪਿਸਤੌਲ ਸਮੇਤ ਮੈਗਜ਼ੀਨ, 4 ਖਾਲੀ ਰੌਂਦ ਅਤੇ ਇੱਕ ਬਿਨਾਂ ਨੰਬਰੀ ਮੋਟਰਸਾਈਕਲ ਮਾਰਕਾ ਸਪਲੈਂਡਰ* ਬਰਾਮਦ ਕੀਤਾ ਗਿਆ। ਇਸ ਸਬੰਧੀ ਥਾਣਾ ਭਾਰਗੋ ਕੈਂਪ, ਜਲੰਧਰ ਵਿਖੇ ਮੁਕੱਦਮਾ ਨੰਬਰ 181, ਮਿਤੀ 22.07.2026 ਧਾਰਾਵਾਂ 221, 132, 109 ਬੀ.ਐਨ.ਐਸ. ਅਤੇ 27-54-59 ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਜਾਂਚ ਦੌਰਾਨ ਪਤਾ ਲੱਗਾ ਕਿ ਦੋਸ਼ੀ ‘ਤੇ ਪਹਿਲਾਂ ਵੀ ਥਾਣਾ ਭਾਰਗੋ ਕੈਂਪ ਵਿਖੇ ਮੁਕੱਦਮਾ ਨੰਬਰ 136, ਮਿਤੀ 13.06.2026 ਧਾਰਾਵਾਂ 109, 3(5) ਬੀ.ਐਨ.ਐਸ. ਅਤੇ 25 ਆਰਮਜ਼ ਐਕਟ ਦਾ ਕੇਸ ਦਰਜ ਹੈ।

ਪੁਲਿਸ ਨੇ ਦੱਸਿਆ ਕਿ ਦੋਸ਼ੀ ਕਤਲ ਅਤੇ ਫਿਰੌਤੀਆਂ ਮੰਗਣ ਦੀਆਂ ਵਾਰਦਾਤਾਂ ਦਾ ਆਦੀ ਹੈ। ਉਸਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਉਸਦੇ ਸਾਥੀਆਂ ਅਤੇ ਅਸਲੇ ਦੇ ਸਰੋਤ ਬਾਰੇ ਪੁੱਛਗਿੱਛ ਕੀਤੀ ਜਾ ਸਕੇ। ਕਮਿਸ਼ਨਰੇਟ ਪੁਲਿਸ ਨੇ ਕਿਹਾ ਕਿ ਜਲੰਧਰ ਨੂੰ ਅਪਰਾਧ ਮੁਕਤ ਬਣਾਉਣ ਲਈ ਅਜਿਹੀਆਂ ਕਾਰਵਾਈਆਂ ਲਗਾਤਾਰ ਜਾਰੀ ਰਹਿਣਗੀਆਂ।