Pages

Pages

ਕਪੂਰਥਲਾ ਰੋਡ ‘ਤੇ ਮੌਤ ਬਣ ਕੇ ਆਈ ਤੇਜ਼ ਕਾਰ: ਗਟਰ ਨਾਲ ਟਕਰਾ ਕੇ ਮਜ਼ਦੂਰਾਂ ਨੂੰ ਉਡਾਇਆ, 3 ਗੰਭੀਰ।

ਜਲੰਧਰ, 1 ਅਗਸਤ : Prime Punjab 

ਸ਼ੁੱਕਰਵਾਰ ਦੁਪਹਿਰ ਨੂੰ ਕਪੂਰਥਲਾ ਰੋਡ ‘ਤੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਨੇ ਤਿੰਨ ਮਜ਼ਦੂਰਾਂ ਦੀ ਜ਼ਿੰਦਗੀ ਪਲ ‘ਚ ਬਦਲ ਦਿੱਤੀ। ਤੇਜ਼ ਰਫਤਾਰ ਕਾਰ ਅਚਾਨਕ ਅਨਿਯੰਤਰਿਤ ਹੋ ਕੇ ਸੜਕ ਕਿਨਾਰੇ ਬੈਠੇ ਮਜ਼ਦੂਰਾਂ ਨਾਲ ਜਾ ਟਕਰਾਈ।

ਚਸ਼ਮਦੀਦਾਂ ਅਨੁਸਾਰ ਕਾਰ ਬਹੁਤ ਤੇਜ਼ ਰਫਤਾਰ ਨਾਲ ਜਲੰਧਰ ਵੱਲੋਂ ਆ ਰਹੀ ਸੀ। ਸੜਕ ਕਿਨਾਰੇ ਬਣੇ ਟੁੱਟੇ ਹੋਏ ਗਟਰ ਨਾਲ ਟਕਰਾਉਣ ਤੋਂ ਬਾਅਦ ਚਾਲਕ ਤੋਂ ਸਟੀਅਰਿੰਗ ਛੁੱਟ ਗਈ। ਕਾਰ ਪਹਿਲਾਂ ਸੜਕ ਦੇ ਕਿਨਾਰੇ ਘੁੰਮੀ ਅਤੇ ਫਿਰ ਸਿੱਧੀ ਉਨ੍ਹਾਂ ਮਜ਼ਦੂਰਾਂ ਵੱਲ ਚਲੀ ਗਈ ਜੋ ਉੱਥੇ ਆਰਾਮ ਕਰ ਰਹੇ ਸਨ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਅਗਲੇ ਦੋਵੇਂ ਏਅਰਬੈਗ ਤੁਰੰਤ ਖੁੱਲ੍ਹ ਗਏ ਅਤੇ ਕਾਰ ਦਾ ਬੋਨਟ ਤੇ ਅਗਲਾ ਹਿੱਸਾ ਪੂਰੀ ਤਰ੍ਹਾਂ ਭੁਰ ਗਿਆ।

 

ਹਾਦਸੇ ‘ਚ 3 ਮਜ਼ਦੂਰ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ਉਨ੍ਹਾਂ ਦੇ ਸਿਰ ਅਤੇ ਲੱਤਾਂ ‘ਤੇ ਗੰਭੀਰ ਸੱਟਾਂ ਆਈਆਂ ਹਨ। ਘਟਨਾ ਤੋਂ ਬਾਅਦ ਮੌਕੇ ‘ਤੇ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ। ਸਥਾਨਕ ਲੋਕਾਂ ਨੇ ਹੀ ਜ਼ਖਮੀਆਂ ਨੂੰ ਆਪਣੇ ਵਾਹਨਾਂ ‘ਚ ਪਾ ਕੇ ਨਜ਼ਦੀਕੀ ਹਸਪਤਾਲ ਪਹੁੰਚਾਇਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

 

ਕਾਰ ਚਾਲਕ ਨੇ ਪੁਲਿਸ ਨੂੰ ਦੱਸਿਆ ਕਿ ਸੜਕ ‘ਤੇ ਪਏ ਟੁੱਟੇ ਗਟਰ ਜਾਂ ਬਾਹਰ ਨਿਕਲੇ ਲੋਹੇ ਦੇ ਸਰੀਏ ਨਾਲ ਟਾਇਰ ਫਟਣ ਕਾਰਨ ਕਾਰ ਦਾ ਕੰਟਰੋਲ ਗਿਆ। ਪਰ ਦੂਜੇ ਪਾਸੇ ਮੌਕੇ ‘ਤੇ ਮੌਜੂਦ ਕੁਝ ਲੋਕਾਂ ਨੇ ਦੋਸ਼ ਲਗਾਇਆ ਕਿ ਚਾਲਕ ਨਸ਼ੇ ਦੀ ਹਾਲਤ ‘ਚ ਸੀ। ਪੁਲਿਸ ਨੇ ਹਾਲੇ ਇਨ੍ਹਾਂ ਦੋਵਾਂ ਗੱਲਾਂ ਦੀ ਪੁਸ਼ਟੀ ਨਹੀਂ ਕੀਤੀ।

 

ਸੂਚਨਾ ਮਿਲਦੇ ਹੀ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਟੀਮ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਨੁਕਸਾਨੀ ਗਈ ਕਾਰ ਨੂੰ ਕਬਜ਼ੇ ‘ਚ ਲੈ ਲਿਆ ਹੈ ਅਤੇ ਸੀਸੀਟੀਵੀ ਫੁਟੇਜ ਖੰਗਾਲਣ ਦੇ ਨਾਲ-ਨਾਲ ਚਸ਼ਮਦੀਦਾਂ ਦੇ ਬਿਆਨ ਦਰਜ ਕਰ ਰਹੀ ਹੈ। ਮਾਮਲੇ ਦੀ ਅਗਲੀ ਜਾਂਚ ਜਾਰੀ ਹੈ।