Pages

Pages

ਜਲੰਧਰ ਬੈਂਕ ਐਨਕਲੇਵ ‘ਚ ਰਸਤੇ ਦੀ ਰਾਰ ‘ਤੇ ਗੋਲੀ: ਕਮਿਸ਼ਨਰੇਟ ਪੁਲਿਸ ਵੱਲੋਂ ਮਾਮਲਾ ਦਰਜ, ਲਾਇਸੈਂਸੀ ਰਿਵਾਲਵਰ ਬਰਾਮਦ।

Director : Manvir Singh Walia 

Editor : Jatin Kumar Sahota 

ਜਲੰਧਰ, 10 ਅਗਸਤ : Prime Punjab 

ਕਮਿਸ਼ਨਰੇਟ ਪੁਲਿਸ ਜਲੰਧਰ ਨੇ ਬੈਂਕ ਐਨਕਲੇਵ ‘ਚ ਹੋਈ ਲੜਾਈ-ਝਗੜੇ ਅਤੇ ਗੋਲੀ ਚਲਾਉਣ ਦੀ ਘਟਨਾ ਦੇ ਸਬੰਧ ‘ਚ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਣਯੋਗ ਕਮਿਸ਼ਨਰ ਪੁਲਿਸ ਸ਼੍ਰੀ ਸਤਿੰਦਰ ਸਿੰਘ, ਆਈ.ਪੀ.ਐਸ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਏ.ਡੀ.ਸੀ.ਪੀ ਸਿਟੀ-2 ਸ਼੍ਰੀ ਰਾਕੇਸ਼ ਯਾਦਵ ਅਤੇ ਏ.ਸੀ.ਪੀ ਮਾਡਲ ਟਾਊਨ ਸ਼੍ਰੀ ਮਨਮੋਹਨ ਸਿੰਘ ਦੀ ਨਿਗਰਾਨੀ ਹੇਠ ਥਾਣਾ ਡਵੀਜ਼ਨ ਨੰਬਰ 7 ਨੇ ਇਹ ਕਾਰਵਾਈ ਕੀਤੀ। ਵਾਰਦਾਤ ਦੌਰਾਨ ਵਰਤਿਆ ਗਿਆ ਲਾਇਸੈਂਸੀ ਰਿਵਾਲਵਰ ਵੀ ਬਰਾਮਦ ਕਰ ਲਿਆ ਗਿਆ ਹੈ।

 

ਮਿਲੀ ਜਾਣਕਾਰੀ ਅਨੁਸਾਰ 10.08.2026 ਨੂੰ ਕ੍ਰਿਸ਼ਨ ਕੁਮਾਰ ਪੁੱਤਰ ਅਸ਼ਨੀ ਕੁਮਾਰ, ਵਾਸੀ ਪਿੰਡ ਹੁਸੈਨਪੁਰ, ਥਾਣਾ ਸ਼ਾਹਕੋਟ, ਜਲੰਧਰ ਦਿਹਾਤੀ ਨੇ ASI ਬਲਵਿੰਦਰ ਪਾਲ ਕੋਲ ਸ਼ਿਕਾਇਤ ਦਰਜ ਕਰਵਾਈ। ਉਸਨੇ ਦੱਸਿਆ ਕਿ ਉਹ Blinkit ‘ਚ ਡਿਲੀਵਰੀ ਦਾ ਕੰਮ ਕਰਦਾ ਹੈ। ਬੈਂਕ ਐਨਕਲੇਵ ‘ਚ ਇੱਕ ਕਾਰ ਚਾਲਕ ਉਸ ਕੋਲ ਆਇਆ ਅਤੇ ਉਸ ਨਾਲ ਗਾਲੀ-ਗਲੋਚ ਕਰਨ ਲੱਗ ਪਿਆ ਅਤੇ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਕਾਰ ਚਾਲਕ ਉਸਦੀ ਮੋਟਰਸਾਈਕਲ ਦੀ ਚਾਬੀ ਲੈ ਕੇ ਚਲਾ ਗਿਆ।

 

ਸ਼ਿਕਾਇਤਕਰਤਾ ਅਨੁਸਾਰ ਬਾਅਦ ‘ਚ ਕ੍ਰਿਸ਼ਨ ਕੁਮਾਰ ਅਤੇ ਉਸਦਾ ਸਾਥੀ ਜਸਪ੍ਰੀਤ ਚਾਬੀ ਲੈਣ ਲਈ ਕਾਰ ਚਾਲਕ ਦੇ ਘਰ ਗਏ। ਉੱਥੇ ਉਕਤ ਵਿਅਕਤੀ ਨੇ ਉਨ੍ਹਾਂ ਨਾਲ ਹੱਥੋਪਾਈ ਕੀਤੀ। ਇਸ ਦੌਰਾਨ ਕ੍ਰਿਸ਼ਨ ਦੇ ਹੋਰ ਸਾਥੀ ਵੀ ਮੌਕੇ ‘ਤੇ ਪਹੁੰਚ ਗਏ। ਵਾਪਸ ਆਉਂਦੇ ਸਮੇਂ ਕਾਰ ਚਾਲਕ ਨੇ ਉਨ੍ਹਾਂ ਨੂੰ ਰੋਕ ਕੇ ਗੋਲੀ ਚਲਾ ਦਿੱਤੀ। ਇਸ ਝਗੜੇ ‘ਚ ਕ੍ਰਿਸ਼ਨ ਕੁਮਾਰ ਅਤੇ ਜਸਪ੍ਰੀਤ ਨੂੰ ਸੱਟਾਂ ਵੀ ਲੱਗੀਆਂ। ਜਾਂਚ ‘ਚ ਕਾਰ ਚਾਲਕ ਦੀ ਪਛਾਣ ਅਮਰਿੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ, ਵਾਸੀ ਮਕਾਨ ਨੰਬਰ 254, ਗਲੀ ਨੰਬਰ 4, ਬੈਂਕ ਐਨਕਲੇਵ, ਜਲੰਧਰ ਵਜੋਂ ਹੋਈ।

 

ਇਸ ਸਬੰਧ ‘ਚ ਮੁਕੱਦਮਾ ਨੰਬਰ 193 ਮਿਤੀ 10.08.2026 ਅਧੀਨ ਧਾਰਾਵਾਂ 115(2), 127(2), 351, 125 BNS ਅਤੇ ਧਾਰਾ 25(9) Arms Act, ਥਾਣਾ ਡਵੀਜ਼ਨ ਨੰਬਰ 7 ‘ਚ ਦਰਜ ਕੀਤਾ ਗਿਆ ਹੈ। ਇਸੇ ਮਾਮਲੇ ‘ਚ ਅਮਰਿੰਦਰ ਸਿੰਘ ਦੀ ਪਤਨੀ ਹਰਪ੍ਰੀਤ ਕੌਰ ਦੇ ਬਿਆਨਾਂ ਦੇ ਆਧਾਰ ‘ਤੇ ਕਰਾਸ ਕੇਸ ਵੀ ਧਾਰਾ 115(2), 127(2), 351 BNS ਤਹਿਤ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਤਫਤੀਸ਼ ਜਾਰੀ ਹੈ।